Punjab

ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੀ ਬੀਬੀ ਜਗੀਰ ਕੌਰ ਨੇ ਕੀਤਾ ਭਾਜਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ

ਜਲੰਧਰ :  ਜਿਉਂ-ਜਿਉਂ ਜਲੰਧਰ ਜ਼ਿਮਨੀ ਚੋਣਾਂ ਨੇੜੇ ਆ ਰਹੀਆਂ ਹਨ,ਉਵੇਂ ਉਵੇਂ ਹੀ ਵੱਖੋ-ਵੱਖ ਪਾਰਟੀਆਂ ਦੇ ਵੱਡੇ ਆਗੂਆਂ ਵਿੱਚ ਪਾਰਟੀ ਬਦਲਣ ਤੋਂ ਲੈ ਕੇ ਹੋਰ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦਾ ਰੁਝਾਨ ਜਾਰੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਬੀਬੀ ਜਗੀਰ ਕੌਰ ਕਮੇਟੀ ਦੇ ਪ੍ਰਧਾਨ ਲਈ  ਹੋਈਆਂ ਚੋਣਾਂ ਵੇਲੇ ਤੋਂ ਹੀ ਨਾਰਾਜ਼ ਚੱਲ ਰਹੇ ਹਨ।

ਇੱਕ ਦਿਨ ਪਹਿਲਾਂ ਹੀ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨਾਰਾਜ਼ ਚੱਲ ਰਹੀ ਬੀਬੀ ਜਗੀਰ ਨੂੰ ਮਨਾਉਣ ਲਈ ਪੁੱਜੇ ਸਨ ਪਰ ਉਹ ਨਹੀਂ ਮੰਨੇ। ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੂਪਾਨੀ ਦੀ ਮੌਜੂਦਗੀ ਵਿੱਚ ਬੀਬੀ ਜਗੀਰ ਨੇ ਕਿਹਾ ਕਿ ਸਿੱਖ ਧਰਮ ਅਤੇ ਵਿਰਸੇ ਨਾਲ ਸਬੰਧਤ ਕਈ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੈ ਅਤੇ ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਹੀ ਸੰਭਵ ਜਾਪਦਾ ਹੈ।

ਬੀਬੀ ਨੇ ਸਾਰੇ ਸਮਰਥਕਾਂ ਦੀ ਸਹਿਮਤੀ ਨਾਲ ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਉਸ ਨੇ ਆਪਣੀਆਂ ਕਈ ਮੰਗਾਂ ਵੀ ਰੱਖੀਆਂ ਹਨ। ਇਨ੍ਹਾਂ ਵਿੱਚ ਬੰਦੀ ਸ਼ੇਰਾਂ ਦੀ ਰਿਹਾਈ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦਰ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ, ਸਾਕਾ ਨੀਲਾ ਤਾਰਾ ਦੌਰਾਨ ਵਿਰੋਧ ਕਰਨ ਵਾਲੇ ਧਰਮੀ ਫੌਜੀਆਂ ਦੀ ਰਿਹਾਈ ਆਦਿ ਦੀ ਮੰਗ ਸ਼ਾਮਲ ਹੈ।

ਵੋਟਾਂ ਦਾ ਸਮਾਂ ਨੇੜੇ ਆਉਂਦੇ-ਆਉਂਦੇ ਹੁਣ ਹੋਰ ਵੀ ਸਿਆਸੀ ਦਾਅ ਪੇਚ ਤੇ ਉਲਟਫੇਰ ਦੇਖਣ ਨੂੰ ਮਿਲ ਸਕਦੇ ਹਨ।ਬੀਬੀ ਜਗੀਰ ਕੌਰ ਦੀਆਂ ਮੰਗਾਂ ਨੂੰ ਲੈ ਕੇ ਪਾਰਟੀ ਕੀ ਐਕਸ਼ਨ ਲੈਂਦੀ ਹੈ ਤੇ ਕਦੋਂ ਇਹ ਮੰਗਾਂ ਪੂਰੀਆਂ ਹੁੰਦੀਆਂ ਹਨ।