Punjab

ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

‘ਦ ਖ਼ਾਲਸ ਬਿਊਰੋ : ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਲਗਦੇ ਸ਼ਹਿਰ ਮੁਹਾਲੀ ਵਿੱਚ ਵੀ ਅੰਮ੍ਰਿਤਪਾਲ ਦੇ ਹੱਕ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਿਲਕੁਲ ਸਾਹਮਣੇ ਵਾਲੇ ਚੌਂਕ ਨੂੰ ਬਿਲਕੁਲ ਜਾਮ ਕਰ ਦਿੱਤਾ ਗਿਆ ਹੈ ਤੇ ਏਅਰਪੋਰਟ ਵੱਲ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਪ੍ਰਦਰਸ਼ਨਕਾਰੀ ਪਿਛਲੇ ਤਿੰਨ ਦਿਨਾਂ ਤੋਂ ਡੱਟੇ ਹੋਏ ਹਨ। ਇਹਨਾਂ ਦੀ ਇਹੋ ਮੰਗ ਹੈ ਕਿ ਅੰਮ੍ਰਿਤਪਾਲ ਬਾਰੇ ਸਰਕਾਰ ਸਥਿਤੀ ਸਾਫ ਕਰੇ ਤੇ ਦੱਸੇ ਕਿ ਉਹ ਕਿਥੇ ਹੈ? ਨੌਜਵਾਨਾਂ ਵਲੋਂ ਸਰਕਾਰ ਨੂੰ ਸਾਫ਼ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਆਪਣੀਆਂ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਇਹ ਸੰਘਰਸ਼ ਹੋਰ ਵੀ ਵੱਡਾ ਰੂਪ ਅਖਤਿਆਰ ਕਰ ਲਵੇਗਾ।

ਉੱਥੇ ਹੀ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਦਾ ਮਾਹੌਲ ਤਣਾਅਪੂਰਨ ਬਣਾਉਣ ਲਈ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਹਾਨੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ ਅਤੇ ਹੁਣ ਚੰਗੇ ਭਵਿੱਖ ਵੱਲ ਤੁਰਨ ਦੀ ਲੋੜ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਨੌਜਵਾਨ ਮਾਨਸਿਕਤਾ ਵਿਚ ਸਰਕਾਰਾਂ ਦੀਆਂ ਵਧੀਕੀਆਂ ਅਤੇ ਵਿਤਕਰੇਬਾਜ਼ੀ ਖ਼ਿਲਾਫ਼ ਡਾਢਾ ਗੁੱਸਾ ਹੈ। ਉਨ੍ਹਾਂ ਕਿਹਾ ਕਿ ਕੁਝ ਵੱਡੀਆਂ ਤਾਕਤਾਂ ਹਰ ਵੇਲੇ ਮੌਕੇ ਦੀ ਤਾਕ ਵਿੱਚ ਰਹਿੰਦੀਆਂ ਹਨ ਜੋ ਸਿੱਖ ਨੌਜਵਾਨਾਂ ਨੂੰ ਦਿਸ਼ਾਹੀਣ ਕਰ ਕੇ ਬਲੀ ਦਾ ਬੱਕਰਾ ਬਣਾ ਸਕਣ। ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਬੌਧਿਕ ਅਤੇ ਅਕਾਦਮਿਕ ਕਾਇਆ-ਕਲਪ ਕਰਨ ਵਾਲੇ ਰਾਹ ’ਤੇ ਚੱਲਣ ਲਈ ਕਿਹਾ।