Punjab

“ਨਹੀਂ ਹੈ ਕੇਜਰੀਵਾਲ ਨੂੰ ਪੰਜਾਬੀਆਂ ਦੀ ਕਾਬਲੀਅਤ ‘ਤੇ ਯਕੀਨ”,ਸੁਖਬੀਰ ਸਿੰਘ ਬਾਦਲ ਨੇ ਲਾਏ ਇਲਜ਼ਾਮ

ਦਿੱਲੀ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਸੂਚੀ ਨਾ ਮਿਲਣ ਸੰਬੰਧੀ ਲਾਏ ਗਏ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੂਚੀ ਕੇਂਦਰ ਨੂੰ ਉਪਲਬੱਧ ਕਰਵਾਈ ਸੀ ਤੇ ਇਸ ਬਾਰੇ ਉਹਨਾਂ ਨੂੰ ਪਤਾ ਵੀ ਹੈ।

ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਸਾਢੇ ਪੰਜ ਸੋ ਸਾਲਾ ਦਿਵਸ ‘ਤੇ ਕੀਤਾ ਸੀ ਪਰ ਉਹ ਹੁਣ ਖੁੱਦ ਇਸ ਗੱਲ ਤੋਂ ਮੁੱਕਰ ਰਹੇ ਹਨ। ਭਾਈ ਰਾਜੋਆਣਾ ਬਾਰੇ ਵੀ ਲਿਖਤ ਚਿੱਠੀ ਭੇਜੀ ਗਈ ਸੀ ਪਰ ਜਦੋਂ ਉਹਨਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਆਇਆ ਤਾਂ ਸਰਕਾਰ ਨੇ ਅਮਨ ਕਾਨੂੰਨ ਦਾ ਬਹਾਨਾ ਬਣਾ ਕੇ ਰਿਹਾਈ ਤੋਂ ਮਨਾ ਕਰ ਦਿੱਤਾ।ਕਿਸਾਨ ਅੰਦੋਲਨ ਦਾ ਉਦਾਹਰਣ ਦਿੰਦੇ ਹੋਏ ਬਾਦਲ ਨੇ ਕਿਹਾ ਕਿ ਉਸ ਵੇਲੇ ਵੀ ਕੇਂਦਰ ਸਰਕਾਰ ਨੇ ਐਮਐਸਪੀ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ ਪਰ ਉਸ ਤੋਂ ਵੀ ਮੁਕਰ ਗਈ ਸੀ। ਇਥੇ ਪੰਜਾਬ ਵਿੱਚ ਉਹਨਾਂ ਦੇ ਲੀਡਰਾਂ ਦਾ ਬਿਆਨ ਕੁੱਝ ਹੋਰ ਹੁੰਦਾ ਹੈ ਪਰ ਹਾਲਾਤ ਦੇਖ ਕੇ ਇਹਨਾਂ ਦੇ ਬਿਆਨ ਬਦਲ ਜਾਂਦੇ ਹਨ।

ਪੰਜਾਬ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਅਕਾਲੀ ਦਲ ਆਗੂ ਨੇ ਸਵਾਲ ਕੀਤਾ ਹੈ ਕਿ ਪੰਜਾਬ ਵਿੱਚ ਬਾਹਰੋਂ ਲਿਆ ਕੇ ਵੱਡੇ ਵੱਡੇ ਅਹੁਦਿਆਂ ‘ਤੇ ਬੰਦੇ ਨਿਯੁਕਤ ਕੀਤੇ ਜਾ ਰਹੇ ਹਨ। ਹਰ ਵਿਭਾਗ ਵਿੱਚ ਪੰਜਾਬ ਤੋਂ ਬਾਹਰਲੇ ਬੰਦਿਆਂ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ। ਕੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਦੀ ਕਾਬਲੀਅਤ ਤੇ ਯਕੀਨ ਨਹੀਂ ਹੈ?

ਉਹਨਾਂ ਅਰਵਿੰਦ ਕੇਜਰੀਵਾਲ ‘ਤੇ ਸਿੱਧਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਲੈ ਕੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।ਜਿਹੜਾ ਉਹਨਾਂ ਨੂੰ ਪੈਸੇ ਦੇ ਦਿੰਦੇ ਹਨ,ਉਹ ਵੱਡੇ ਅਹੁਦੇ ‘ਤੇ ਬਹਾਲ ਹੋ ਜਾਂਦਾ ਹੈ । ਬਠਿੰਡਾ ਦਿਹਾਤੀ ਤੋਂ ਆਪ ਦੇ ਵਿਧਾਇਕ ਅਮਿਤ ਰਤਨ ‘ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਸ਼ਰੇਆਮ ਰੰਗੇ ਹੱਥੀਂ ਫੜੇ ਜਾਣ ਦੇ ਬਾਵਜੂਦ ਵੀ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਕਿਉਂਕਿ ਉਸ ਨੂੰ ਭਗਵੰਤ ਸਿੰਘ ਮਾਨ ਦੀ ਸ਼ਹਿ ਹਾਸਲ ਹੈ।