Punjab

SAD ਦੀ ਪਹਿਲੀ ਸੂਚੀ ਜਲਦ ਹੋਵੇਗੀ ਜਾਰੀ, ਮੈਨੀਫੈਸਟੋ ਤੇ ਕੰਮ ਸ਼ੁਰੂ

ਚੰਡੀਗੜ੍ਹ – ਪੰਜਾਬ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ (APP) ਅਤੇ ਭਾਜਪਾ (BJP) ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿਸ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ (SAD) ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਦੀ ਤਿਆਰੀ ਵਿੱਚ ਹੈ। ਪਾਰਟੀ ਦੀ ਪਹਿਲੀ ਸੂਚੀ ਵਿੱਚ 7 ਤੋਂ 8 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਉਮੀਦਵਾਰਾਂ ਦੇ ਨਾਮ ਲਗਭਗ ਤੈਅ ਕਰ ਲਏ ਗਏ ਹਨ। ਪਾਰਟੀ ਟਿਕਟ ਦੇਣ ਸਮੇਂ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਕਾਰਨ ਪਾਰਟੀ ਸਾਰੀਆਂ ਸਥੀਤੀਆਂ ਤੇ ਨਜ਼ਰ ਰੱਖ ਰਹੀ ਹੈ। 1998 ਤੋਂ ਬਾਅਦ ਪਾਰਟੀ ਇਕੱਲਿਆਂ ਚੋਣਾਂ ਲੜ ਰਹੀ ਹੈ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟਾਂ ‘ਤੇ ਪਾਰਟੀ ਲੰਬੇ ਸਮੇਂ ਬਾਅਦ ਆਪਣੇ ਉਮੀਦਵਾਰ ਉਤਾਰ ਰਹੀ ਹੈ।

ਟਕਸਾਲੀ ਲੀਡਰਾਂ ਨੂੰ ਪਹਿਲੀ ਸੂਚੀ ‘ਚ ਦਿੱਤੀ ਜਾ ਸਕਦੀ ਹੈ ਟਿਕਟ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਬਚਾਓ ਯਾਤਰਾ ਵਿੱਚ ਜੁੱਟੇ ਹੋਏ ਹਨ। ਜਾਣਕਾਰੀ ਮਿਲੀ ਹੈ ਕਿ ਪਹਿਲੀ ਸੂਚੀ ਵਿੱਚ ਟਕਸਾਲੀ ਲੀਡਰਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਪਟਿਆਲਾ ਤੋਂ ਐਨਕੇ ਸ਼ਰਮਾ ਅਤੇ ਅੰਮ੍ਰਿਤਸਰ ਤੋਂ ਅਨੀਲ ਜੋਸ਼ੀ ਦੀ ਉਮੀਦਵਾਰੀ ਲਗਭਗ ਤੈਅ ਹੈ।  ਇਹ ਤਿੰਨੇ ਲੀਡਰ ਆਪਣੇ ਆਪਣੇ ਹਲਕਿਆਂ ਵਿੱਚ ਕਾਫੀ ਸਰਗਰਮ ਹਨ।

ਫਿਰੋਜ਼ਪੁਰ ਸੀਟ ਤੋਂ ਸਾਬਕਾ ਸੰਸਦ ਮੈਂਬਰ ਜ਼ੋਰਾ ਸਿੰਘ ਮਾਨ ਦੇ ਪੁੱਤਰ ਨੋਨੀ ਮਾਨ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ‘ਚ ਜਲੰਧਰ ਤੋਂ ਪਵਨ ਟੀਨੂੰ ਦੇ ਨਾਂ ‘ਤੇ ਸਹਿਮਤੀ ਬਣੀ ਹੋਈ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਉਮੀਦਵਾਰ ਹੋ ਸਕਦੇ ਹਨ। ਜਦੋਂ ਕਿ ਡਾ: ਦਲਜੀਤ ਸਿੰਘ ਨੇ ਵੀ ਆਪਣਾ ਦਾਅਵਾ ਪੇਸ਼ ਕੀਤਾ ਹੈ।

ਫਰੀਦਕੋਟ-ਸੰਗਰੂਰ ਪਾਰਟੀ ਲਈ ਬਣਿਆਂ ਚਣੌਤੀ

ਫਰੀਦਕੋਟ ਵਿੱਚ ਅਜੇ ਪੇਚ ਫਸਿਆ ਹੋਇਆ ਹੈ। ਇੱਥੋਂ ਰਾਜਵਿੰਦਰ ਸਿੰਘ ਮੋਗਾ ਅਤੇ ਹਰਪ੍ਰੀਤ ਸਿੰਘ ਕੋਟਭਾਈ ਦਾ ਨਾਂ ਸਭ ਤੋਂ ਅੱਗੇ ਚਲ ਰਿਹਾ ਹੈ। ਸੰਗਰੂਰ ਵਿੱਚ ਇਕਬਾਲ ਸਿੰਘ ਅਤੇ ਪਰਮਿੰਦਰ ਸਿੰਘ ਢੀਂਡਸਾ ਟਿਕਟ ਦੀ ਦੌੜ ਵਿੱਚ ਹਨ।

15 ਅ੍ਰਪੈਲ ਨੂੰ ਕਮੇਟੀ ਦੀ ਹੋਵੇਗੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮਨੋਰਥ ਪੱਤਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਵਿੱਚ 15 ਵਿਅਕਤੀਆਂ ਨੂੰ ਥਾਂ ਦਿੱਤੀ ਗਈ ਹੈ। ਇਸ ਸਬੰਧੀ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਆ ਹੈ। ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਕਮੇਟੀ ਦੀ ਮੀਟਿੰਗ 15 ਅਪ੍ਰੈਲ ਨੂੰ ਹੋਵੇਗੀ।