‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿੰਡ ਅਟਾਰੀ ਵਿੱਚ ਵੱਸਦਾ ਬਹਾਦਰ ਸਿੱਖ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਇਤਿਹਾਸ ਵਿੱਚ ਚਮਕਦਾ ਹੀਰਾ ਹੈ। ਸੰਨ 1818 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਪਹਿਲੀ ਲੜਾਈ ਮੁਲਤਾਨ ਦੀ ਜੰਗ ਵਿੱਚ ਲੜੀ। ਇਲ ਲੜਾਈ ਵਿੱਚ ਅਟਾਰੀਵਾਲਾ ਨੇ ਬਹਾਦਰੀ ਦੇ ਜੌਹਰ ਦਿਖਾਏ। ਸਰਦਾਰ ਸ਼ਾਮ ਸਿੰਘ ਦੀ ਬਹਾਦਰੀ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ ਸਨ।
ਅਟਾਰੀਵਾਲਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਸੰਨ 1846 ਈਸਵੀ ਨੂੰ ਸਭਰਾਵਾਂ ਦੀ ਲੜਾਈ ਵਿੱਚ ਅੰਗਰੇਜ਼ ਹਕੂਮਤ ਦੇ ਨਾਲ ਬੇਮਿਸਾਲ ਬਹਾਦਰੀ ਦਿਖਾਉਂਦਿਆਂ ਬਹਾਦਰੀ ਨਾਲ ਟਾਕਰਾ ਕੀਤਾ। ਡੋਗਰਿਆਂ ਵੱਲੋਂ ਗੱਦਾਰੀ ਕਰਨ ਦੇ ਬਾਵਜੂਦ ਸਿੱਖ ਫੌਜਾਂ ਜਾਨਾਂ ਹੂਲ ਕੇ ਲੜੀਆਂ ਅਤੇ ਗੋਲੀਆਂ ਦੇ ਵਰ੍ਹਦੇ ਮੀਂਹ ਵਿੱਚ ਤੇਗਾਂ ਸੂਤ ਕੇ ਲੜਦੇ ਹੋਏ ਸ਼ਹੀਦ ਹੋਏ। ਇਸ ਜੰਗ ਵਿੱਚ ਬ੍ਰਿਟਿਸ਼ ਫੌਜ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ।
ਮਹਾਰਾਣੀ ਜਿੰਦ ਕੌਰ ਨੇ ਸ਼ਾਮ ਸਿੰਘ ਅਟਾਰੀਵਾਲਾ ਨੂੰ ਸਿੱਖ ਰਾਜ ਦੇ ਬਚਾਅ ਲਈ ਕਮਾਂਡ ਸੰਭਾਲਣ ਲਈ ਕਿਹਾ ਸੀ। ਚਿੱਟੇ ਨੂਰਾਨੀ ਦਾਹੜੇ ਵਾਲੇ, ਚਿੱਟੀ ਰੇਸ਼ਮੀ ਪੁਸ਼ਾਕ ਪਹਿਣੀ, ਚਿੱਟੀ ਘੋੜੀ ‘ਤੇ ਸਵਾਰ, ਹੱਥ ਵਿੱਚ ਲਿਸ਼ਕਦੀ ਤਲਵਾਰ ਲੈ ਕੇ ਸ਼ਾਮ ਸਿੰਘ ਜੰਗ-ਏ-ਮੈਦਾਨ ਵਿੱਚ ਗਏ। ਸ਼ਾਮ ਸਿੰਘ ਅਟਾਰੀਵਾਲਾ ਇਸ ਲੜਾਈ ਵਿੱਚ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਏ। ਬਿਰਧ ਅਵਸਥਾ ਵਿੱਚ ਵੀ ਰਣ-ਭੂਮੀ ਵਿੱਚ ਜਾ ਕੁੱਦਣ ਵਾਲੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ।
‘ਦ ਖ਼ਾਲਸ ਟੀਵੀ ਬਹਾਦਰ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਾ ਹੈ।