ਬਿਊਰੋ ਰਿਪੋਰਟ : 16 ਜੂਨ ਨੂੰ ਇੱਕ ਵਾਰ ਮੁੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ( SGPC) ਨੇ ਅੰਤ੍ਰਿੰਗ ਬੋਰਡ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਕਿਉਂ ਬੁਲਾਈ ਗਈ ਹੈ ਇਸ ਬਾਰੇ ਕਮੇਟੀ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਹੈ, ਪਰ ਇੱਕ ਵਾਰ ਮੁੜ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਤੋਂ ਛੁੱਟੀ ਕਰਨ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਖ਼ਬਰਾਂ ਮੁਤਾਬਕ ਉਹ ਹੁਣ ਸਿਰਫ਼ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੇਵਾਵਾਂ ਹੀ ਸੰਭਾਲਣਗੇ। ਪਿਛਲੇ ਮਹੀਨੇ 20 ਮਈ ਨੂੰ ਜਦੋਂ SGPC ਨੇ ਅੰਤ੍ਰਿਮ ਕਮੇਟੀ ਦੀ ਮੀਟਿੰਗ ਬੁਲਾਈ ਸੀ ਤਾਂ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ‘ਤੇ ਸ੍ਰੀ ਅਕਾਲ ਤਖ਼ਤ ਦਾ ਪੱਕੇ ਤੌਰ ‘ਤੇ ਜਥੇਦਾਰ ਨਿਯੁਕਤ ਕਰਨ ਦੀਆਂ ਚਰਚਾਵਾਂ ਸਨ । ਪਰ ਇਸ ‘ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਨੂੰ ਲੈ ਕੇ ਅੰਤ੍ਰਿਮ ਕਮੇਟੀ 2 ਫਾੜ ਹੋ ਗਈ ਸੀ । ਜਿਸ ਦੀ ਵਜ੍ਹਾ ਕਰਕੇ ਸਿਰਫ਼ ਜਥੇਦਾਰ ਦੇ ਕੰਮ-ਕਾਜ ਨੂੰ ਜ਼ਾਬਤੇ ਅਧੀਨ ਲਿਆਉਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ।
ਜਥੇਦਾਰ ਨੇ ਦਿੱਤੇ ਸਨ ਸੰਕੇਤ
ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੇ ਦੇਸ਼ ਤੋਂ ਬਾਹਰ ਹੋਣ ਦੀਆਂ ਚਰਚਾਵਾਂ ਹਨ ਅਜਿਹੇ ਵਿੱਚ SGPC 16 ਜੂਨ ਨੂੰ ਹੋਣ ਵਾਲੀ ਕਮੇਟੀ ਵਿੱਚ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ । 6 ਜੂਨ ਨੂੰ ਜਦੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਏਕੇ ਦਾ ਸੁਨੇਹਾ ਦਿੱਤਾ ਸੀ ਤਾਂ ਗੱਲਾਂ-ਗੱਲਾਂ ਵਿੱਚ ਉਨ੍ਹਾਂ ਨੇ ਇਸ਼ਾਰਾ ਵੀ ਕੀਤਾ ਸੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ । ਆਪਣੀ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਸੀ ਹੋ ਸਕਦਾ ਹੈ ਮੈਂ ਕੱਲ੍ਹ ਇਸ ਅਹੁਦੇ ‘ਤੇ ਨਾ ਹੋਵਾਂ,ਪਰ ਸ੍ਰੀ ਅਕਾਲ ਤਖ਼ਤ ਤੁਹਾਨੂੰ ਹਮੇਸ਼ਾ ਜੋੜੀ ਰੱਖੇਗਾ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਸਿੱਖਾਂ ਨੂੰ ਆਪ ਤਕੜੇ ਹੋਣਾ ਚਾਹੀਦਾ ਹੈ,ਆਪਣੀ ਮੰਗਾਂ ਦੇ ਲਈ ਸਰਕਾਰ ਦੇ ਤਰਲੇ ਨਹੀਂ ਕਰਨੇ ਚਾਹੀਦੇ ਹਨ। ਤਾਂ 2 ਦਿਨ ਬਾਅਦ ਹੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਫੇਸਬੁੱਕ ਪੋਸਟ ਪਾਕੇ ਜਥੇਦਾਰ ਦੇ ਬਿਆਨ ‘ਤੇ ਕਰੜਾ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਜੇਕਰ ਅਸੀਂ ਸਰਕਾਰਾਂ ਦੇ ਅੱਗੇ ਅਪੀਲ ਨਹੀਂ ਕਰਨੀ ਤਾਂ ਵੀਰ ਜੀ ਮੁਤਾਬਕ ਸਾਨੂੰ ਆਪਣੀ ਅਪੀਲ ਵੀ ਸੁਪਰੀਮ ਕੋਰਟ ਤੋਂ ਵਾਪਸ ਲੈ ਲੈਣੀ ਚਾਹੀਦੀ ਹੈ।
SGPC ਦੀਆਂ ਚੋਣਾਂ ਵੀ ਵੱਡੀ ਵਜ੍ਹਾ
ਸਿਆਸੀ ਜਾਣਕਾਰੀ ਮੁਤਾਬਿਕ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਇਹ ਬਿਆਨ ਸਿਰਫ਼ ਗ਼ੁੱਸਾ ਨਹੀਂ ਸੀ ਬਲਕਿ ਇਸ ਦੇ ਪਿੱਛੇ ਵੱਡਾ ਇਸ਼ਾਰਾ ਸੀ । ਅਕਾਲੀ ਦਲ ਦੇ ਨਾਲ ਰਾਜੋਆਣਾ ਅਤੇ ਉਨ੍ਹਾਂ ਦੀ ਭੈਣ ਦੀਆਂ ਨਜ਼ਦੀਕੀਆਂ ਜੱਗ ਜ਼ਾਹਿਰ ਹਨ । ਕੁਝ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਅਤੇ SGPC ਮਾਹੌਲ ਤਿਆਰ ਕਰ ਰਹੀ ਹੈ ਤਾਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਟਾਉਣ ਤੋਂ ਬਾਅਦ ਕੋਈ ਵਿਵਾਦ ਨਾ ਖੜਾ ਹੋਵੇ । ਜਥੇਦਾਰ ਨੂੰ ਹਟਾਉਣ ਦੇ ਪਿੱਛੇ ਇੱਕ ਹੋਰ ਕਾਰਨ ਵੀ ਹੈ ਉਹ ਹੈ SGPC ਦੀਆਂ ਚੋਣਾਂ।
ਹੁਣ ਜਦੋਂ ਗੁਰਦੁਆਰਾ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਵੋਟਾਂ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਹੋ ਸਕਦਾ ਹੈ । ਅਜਿਹੇ ਵਿੱਚ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਜਾਂ ਫਿਰ ਅਕਾਲੀ ਦਲ ਦੀ ਖੁੱਲ ਕੇ ਮੁਖ਼ਾਲਫ਼ਤ ਕਰਨ ‘ਤੇ ਉੱਤਰੇ ਤਾਂ ਪਾਰਟੀ ਲਈ ਇਹ ਵੱਡਾ ਨੁਕਸਾਨ ਹੋ ਸਕਦਾ ਹੈ,ਉਸੇ ਵੇਲੇ ਉਨ੍ਹਾਂ ਦੇ ਲਈ ਜਥੇਦਾਰ ਨੂੰ ਹਟਾਉਣਾ ਮੁਸ਼ਕਿਲ ਹੋਵੇਗਾ, ਇਸ ਲਈ SGPC ਅਤੇ ਅਕਾਲੀ ਦਲ ਹੁਣ ਕਿਸੇ ਵੀ ਵੇਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਕ ਕਰ ਸਕਦੀ ਹੈ। ਵੱਡਾ ਸਵਾਲ ਇਹ ਹੈ ਕਿ ਉਹ ਸਮਾਂ 16 ਜੂਨ ਦਾ ਹੈ ।
ਕਿਉਂ ਉੱਠੀ ਜਥੇਦਾਰ ਨੂੰ ਹਟਾਉਣ ਦੀ ਮੰਗ
13 ਮਈ ਨੂੰ ਦਿੱਲੀ ਵਿੱਚ ਆਪ ਦੇ ਰਾਜ-ਸਭਾ ਦੇ ਐੱਮਪੀ ਰਾਘਵ ਚੱਢਾ ਦੀ ਮੰਗਣੀ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ‘ਤੇ SGPC ਅਤੇ ਸ਼੍ਰੋਮਣੀ ਅਕਾਲੀ ਦਲ ਕਾਫ਼ੀ ਨਰਾਜ਼ ਸੀ । ਅਗਲੇ ਹੀ ਦਿਨ 14 ਮਈ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਖੁੱਲ੍ਹੇਆਮ ਇਸ ਨਰਾਜ਼ਗੀ ਨੂੰ ਜ਼ਾਹਿਰ ਵੀ ਕਰ ਦਿੱਤਾ । ਇਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਟਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈ । ਪਰ ਸਿਰਫ਼ ਇਸ ਮਾਮਲੇ ਨੂੰ ਅਧਾਰ ਬਣਾ ਕੇ ਹਟਾਉਣ ‘ਤੇ ਵਿਵਾਦ ਹੋ ਸਕਦਾ ਸੀ ਇਸ ਲਈ SGPC ਕੋਈ ਠੋਸ ਅਧਾਰ ਤਲਾਸ਼ ਰਹੀ ਸੀ । ਇਸ ਇੱਕ ਮਹੀਨੇ ਦੇ ਅੰਦਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਲਗਾਤਾਰ 2 ਵਾਰ ਨਸੀਹਤ ਦਿੰਦੇ ਹੋਏ ਕਿਹਾ ਕਿ ਪਾਰਟੀ ਨੂੰ ਧਾਰਮਿਕ ਮਸਲੇ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜਦਕਿ ਉਹ ਰਾਜਸੀ ਮੁੱਦਿਆਂ ਨੂੰ ਜ਼ਿਆਦਾ ਤਵੱਜੋ ਦਿੰਦੇ ਹਨ ।