ਪੱਟੀ : ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰੇ ਜਾਣ ਦੀ ਘਟਨਾ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਹ ਖੁਲਾਸਾ ਕੀਤਾ ਹੈ ਸਾਬਕਾ ਚੇਅਰਮੈਨ ਧਾਲੀਵਾਲ ਨੂੰ ਗੋਲੀਆਂ ਕਿਸੇ ਹੋਰ ਨੇ ਨਹੀਂ ਸਗੋਂ ਉਹਨਾਂ ਦੇ ਹੀ ਪੈਲੇਸ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਨੇ ਮਾਰੀਆਂ ਹਨ ਤੇ ਇਸ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਵੀ ਧਾਲੀਵਾਲ ਦਾ ਆਪਣਾ ਹੀ ਸੀ।
ਇਸ ਵਾਰਦਾਤ ਤੋਂ ਬਾਅਦ ਇਹ ਮਹਿਲਾ ਹਾਲੇ ਤੱਕ ਫਰਾਰ ਦੱਸੀ ਜਾ ਰਹੀ ਹੈ।ਡੀਐਸਪੀ ਪੱਟੀ ਸਤਨਾਮ ਸਿੰਘ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਹੈ ਕਿ ਮਾਰੇ ਗਏ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਨੂੰ ਗੋਲੀਆਂ ਇੱਕ ਔਰਤ ਨੇ ਹੀ ਮਾਰੀਆਂ ਹਨ ਤੇ ਇਹ ਔਰਤ ਉਹਨਾਂ ਦੇ ਹੀ ਪੈਲੇਸ ਵਿੱਚ ਕੰਮ ਕਰਦੀ ਸੀ । ਗੋਲੀਆਂ ਵੀ ਮੇਜਰ ਸਿੰਘ ਧਾਲੀਵਾਲ ਦੇ ਪਿਸਤੌਲ ਤੋਂ ਹੀ ਚਲਾਈਆਂ ਗਈਆਂ ਹਨ ਤੇ ਇਹ ਹਥਿਆਰ ਵੀ ਹਾਲੇ ਤੱਕ ਪੁਲਿਸ ਨੂੰ ਬਰਾਮਦ ਨਹੀਂ ਹੋਇਆ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਸਮਾਂ ਇਸ ਵਾਰਦਾਤ ਦੇ ਹੋਣ ਦੀ ਖ਼ਬਰ ਨੇ ਸਨਸਨੀ ਫੈਲਾ ਦਿੱਤੀ ਸੀ। ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਧਾਲੀਵਾਲ ਨੂੰ ਪੱਟੀ ਇਲਾਕੇ ਵਿੱਚ ਉਸ ਵਕਤ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਪੱਟੀ ਇਲਾਕੇ ਵਿੱਚ ਆਪਣੇ ਪੈਲੇਸ ਵਿੱਚ ਬੈਠੇ ਸਨ। ਹਾਲਾਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਸਾਰੇ ਦੋਸ਼ੀ ਮੋਟਰਸਾਈਕਲ ‘ਤੇ ਆਏ ਤੇ ਗੋਲੀਆਂ ਮਾਰਨ ਤੋਂ ਬਾਅਦ ਉਥੋਂ ਫਰਾਰ ਹੋ ਗਏ ਪਰ ਹੁਣ ਪੁਲਿਸ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਇਸ ਮਾਮਲੇ ਨੇ ਨਵਾਂ ਮੋੜ ਲਿਆ ਹੈ ਪਰ ਇਹ ਗੱਲ ਹਾਲੇ ਵੀ ਜਾਂਚ ਦਾ ਵਿਸ਼ਾ ਹੈ ਕਿ ਇਸ ਸਾਰੇ ਮਾਮਲੇ ਪਿੱਛੇ ਵਜਾ ਕੀ ਹੈ।
ਇਸ ਵਾਰਦਾਤ ਬਾਰੇ ਤਰਨਤਾਰਨ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਜਰ ਸਿੰਘ ਧਾਲੀਵਾਲ ਦੀ ਹਸਪਤਾਲ ਜਾਣ ਤੋਂ ਪਹਿਲਾਂ ਮੌਤ ਹੋ ਗਈ ਸੀ।ਧਾਲੀਵਾਲ ਦੇ ਤਿੰਨ ਗੋਲੀਆਂ ਲੱਗੀਆਂ ਸਨ ਅਤੇ ਗੋਲੀ ਵੀ ਧਾਲੀਵਾਲ ਦੀ ਲਾਈਸੈਂਸ ਵਾਲੀ ਪਿਸਤੌਲ ਨਾਲ ਮਾਰੀ ਗਈ ਸੀ। ਪੈਲੇਸ ਵਿੱਚ ਸਜਾਵਟ ਦਾ ਕੰਮ ਕਰਨ ਵਾਲੀ ਕੁੜੀ ਨੇ ਹੀ ਧਾਲੀਵਾਲ ਨੂੰ ਗੋਲੀਆਂ ਮਾਰੀਆਂ ਸੀ,ਜਿਸ ਦਾ ਸੰਬੰਧ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਨਾਲ ਹੈ। ਘਟਨਾ ਤੋਂ ਬਾਅਦ ਉਹ ਫਰਾਰ ਹੈ ਤੇ ਲਗਾਤਾਰ ਉਸਦਾ ਫੋਨ ਵੀ ਸਵਿੱਚ ਆਫ਼ ਆ ਰਿਹਾ ਹੈ। ਕੁੜੀ ਦੇ ਖਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ।ਉਹਨਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਆਪਸੀ ਝਗੜਾ ਹੀ ਇਸ ਹਾਦਸੇ ਦੀ ਵਜ੍ਹਾ ਬਣਿਆ ਹੈ।
ਹੁਣ ਜਦੋਂ ਪੁਲਿਸ ਨੇ ਇਸ ਸਾਰੇ ਮਾਮਲੇ ਬਾਰੇ ਹੁਣ ਤੱਕ ਦੀ ਹੋਈ ਜਾਂਚ ਦਾ ਬਿਊਰਾ ਦੇ ਦਿੱਤਾ ਹੈ ਤਾਂ ਐੱਸਐੱਸਪੀ ਨੇ ਇਸ ਖ਼ਬਰ ਨੂੰ ਸਨਸਨੀ ਨਾ ਬਣਾਉਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਕੋਈ ਵੀ ਇਸ ਖ਼ਬਰ ਨੂੰ ਆਪਣੇ ਕੋਲੋਂ ਕੁੱਝ ਵੀ ਬਣਾ ਕੇ ਪੇਸ਼ ਨਾ ਕਰੇ।