India

MUMBAI ਵਿੱਚ ਲੱਗੀ ਧਾਰਾ 144,ਕਾਨੂੰਨ ਤੋੜਨ ‘ਤੇ ਹੋਵੇਗੀ ਸਖ਼ਤ ਕਾਰਵਾਈ

ਦੇਸ਼ ਦੀ ਅਰਥਿਕ ਰਾਜਧਾਨੀ ਮੁੰਬਈ ਵਿੱਚ ਪੁਲਿਸ ਨੇ ਸਖ਼ਤ ਕਦਮ ਚੁੱਕਦਿਆਂ ਸ਼ਹਿਰ ਵਿੱਚ ਧਾਰਾ 144 ਲਗਾਏ ਜਾਣ ਦਾ ਫੈਸਲਾ ਕੀਤਾ ਹੈ । ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਸ਼ਹਿਰ ਵਿਚ ਸ਼ਾਂਤੀ ਨੂੰ ਯਕੀਨੀ ਬਣਾਉਣ ਅਤੇ ਜਨਤਕ ਵਿਵਸਥਾ ਵਿਚ ਕਿਸੇ ਵੀ ਵਿਘਨ ਤੋਂ ਬਚਾਅ ਕੀਤਾ ਜਾ ਸਕੇ। ਮੁੰਬਈ ਪੁਲਿਸ ਦਾਇਹ ਹੁਕਮ 4 ਦਸੰਬਰ ਤੋਂ 2 ਜਨਵਰੀ ਤੱਕ ਲਾਗੂ ਰਹੇਗਾ ਤੇ ਇੰਨੇ ਦਿਨ ਸ਼ਹਿਰ ਵਿਚ ਧਾਰਾ 144 ਲਾਗੂ ਰਹੇਗੀ।

ਇਸ ਹੁਕਮ ਦੇ ਅਨੁਸਾਰ ਇੱਕ ਥਾਂ ਉਤੇ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਵੀ ਪਾਬੰਦੀ ਲਗ ਗਈ ਹੈ ਤੇ 4 ਦਸੰਬਰ ਤੋਂ 2 ਜਨਵਰੀ ਤੱਕ ਹਥਿਆਰਾਂ, ਫਾਇਰ ਆਰਮਜ਼, ਤਲਵਾਰਾਂ ਅਤੇ ਹੋਰ ਹਥਿਆਰਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇੰਨਾ ਹੀ ਨਹੀਂ, ਇਸ ਕਰਫਿਊ ਦੌਰਾਨ ਜਨਤਕ ਥਾਵਾਂ ‘ਤੇ ਨਾਅਰੇਬਾਜ਼ੀ, ਪ੍ਰਦਰਸ਼ਨ ਅਤੇ ਗੀਤਾਂ ਦੇ ਪ੍ਰਦਰਸ਼ਨ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਦੌਰਾਨ ਲਾਊਡਸਪੀਕਰ, ਸੰਗੀਤਕ ਸਾਜ਼ ਅਤੇ ਬੈਂਡ ਵਜਾਉਣ ਅਤੇ ਪਟਾਕੇ ਚਲਾਉਣ ‘ਤੇ ਪਾਬੰਦੀ ਰਹੇਗੀ। ਵਿਆਹ ਸਮਾਗਮ, ਅੰਤਿਮ ਸੰਸਕਾਰ ਵਿਚ ਇਕੱਠ, ਕਬਰਸਤਾਨਾਂ ਦੇ ਰਸਤੇ ਵਿੱਚ ਜਲੂਸ, ਕੰਪਨੀਆਂ, ਕਲੱਬਾਂ, ਸਹਿਕਾਰੀ ਸਭਾਵਾਂ ਅਤੇ ਹੋਰ ਐਸੋਸੀਏਸ਼ਨਾਂ ਦੀਆਂ ਵੱਡੇ ਪੱਧਰ ‘ਤੇ ਮੀਟਿੰਗਾਂ ‘ਤੇ ਪਾਬੰਦੀ।
ਇਹ ਹੁਕਮ ਸਰਕਾਰੀ ਜਾਂ ਅਰਧ-ਸਰਕਾਰੀ ਕੰਮ ਕਰਨ ਵਾਲੇ ਸਰਕਾਰੀ ਦਫ਼ਤਰਾਂ, ਅਦਾਲਤਾਂ ਅਤੇ ਸਥਾਨਕ ਸੰਸਥਾਵਾਂ ਤੇ ਵੀ ਲਾਗੂ ਹੋਵੇਗਾ ਤੇ ਇਹਨਾਂ ਦੇ ਆਲੇ-ਦੁਆਲੇ 5 ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾਗੂ ਰਹੇਗੀ। ਮੁੰਬਈ ਪੁਲਿਸ ਅਨੁਸਾਰ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।