Punjab

ਜਥੇਦਾਰ ਰਣਜੀਤ ਸਿੰਘ ਨਾਲ ਮੁੜ ਹੋਈ ਮਾੜੀ

ਪਟਨਾ ਸਾਹਿਬ : ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਵਿਵਾਦ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ, ਜਿਸਨੂੰ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਉਛਾਲਿਆ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਉੱਤੇ ਸਖ਼ਤ ਨੋਟਿਸ ਲੈਂਦਿਆਂ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰਾਂ ਦੇ ਨਾਂ ਆਦੇਸ਼ ਜਾਰੀ ਕੀਤਾ ਹੈ। ਮੈਂਬਰਾਂ ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਨਾ ਹੋਣ ਵਾਲੇ ਮੈਂਬਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਜਥੇਦਾਰ ਨੇ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਗਲੇ ਹੁਕਮਾਂ ਤੱਕ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਭਾਈ ਬਲਦੇਵ ਸਿੰਘ ਪੰਜ ਪਿਆਰਿਆਂ ਦੀ ਸੰਮਤੀ ਨਾਲ ਬਤੌਰ ਜਥੇਦਾਰ ਵਜੋਂ ਸੇਵਾ ਨਿਭਾਉਣਗੇ। ਫਿਲਹਾਲ ਜਥੇਦਾਰ ਰਣਜੀਤ ਸਿੰਘ ਅਤੇ ਜਥੇਦਾਰ ਇਕਬਾਲ ਸਿੰਘ ਦੋਵਾਂ ਦੀ ਸੇਵਾ ਉੱਤੇ ਰੋਕ ਲਗਾਈ ਗਈ ਹੈ। ਜਥੇਦਾਰ ਨੇ ਇਨ੍ਹਾਂ ਨੂੰ ਤਖ਼ਤ ਸਾਹਿਬ ਦਾ ਕੰਪਲੈਕਸ ਖਾਲੀ ਕਰਨ ਲਈ ਵੀ ਕਿਹਾ ਹੈ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਲੋਂ ਮੁੜ ਬਹਾਲ ਕੀਤਾ ਗਿਆ ਸੀ।

ਜਥੇਦਾਰ ਨੇ ਕਿਹਾ ਕਿ ਪੇਸ਼ ਹੋਣ ਵਾਲੇ ਮਹਿੰਦਰਪਾਲ ਸਿੰਘ ਮੈਂਬਰ ਪ੍ਰਧਾਨਗੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਬਹੁਮੱਤ ਸਾਬਤ ਕਰਨ। ਉਨ੍ਹਾਂ ਨੇ ਇੰਦਰਜੀਤ ਸਿੰਘ ਨੂੰ ਅੱਜ ਸ਼ਾਮ ਤੱਕ ਤਖ਼ਤ ਸ਼੍ਰੀ ਹਰਿਮੰਦਰ ਜੀ ਵਿਖੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਭੁੱਲ ਬਖਸ਼ਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਆਫੀ ਤੋਂ ਬਾਅਦ ਹੀ ਉਹ ਮੈਂਬਰਾਂ ਨਾਲ ਪੇਸ਼ ਹੋਣ ਦਾ ਅਧਿਕਾਰੀ ਹੈ।

ਦਰਅਸਲ, ਜਥੇਦਾਰ ਰਣਜੀਤ ਸਿੰਘ ਨੂੰ 28 ਅਗਸਤ ਨੂੰ ਪਟਨਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਡਾ. ਗੁਰਵਿੰਦਰ ਸਿੰਘ ਸਮਰਾ ਵਲੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਦਿੱਤੀ ਜਾਣ ਵਾਲੀ ਭੇਟਾ ਦੇ ਮਾਮਲੇ ਵਿੱਚ ਨਸ਼ਰ ਹੋਈਆਂ ਖਬਰਾਂ ਕਾਰਨ ਰਣਜੀਤ ਸਿੰਘ ਦਾ ਨਾਮ ਜੁੜਨ ਕਾਰਨ ਪ੍ਰਬੰਧਕ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਸੀ। ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹ ਕਿਹਾ ਗਿਆ ਸੀ ਕਿ ਜਥੇਦਾਰ ਰਣਜੀਤ ਸਿੰਘ ਜਾਂਚ ਪੂਰੀ ਹੋਣ ਤੱਕ ਆਪਣੇ ਅਹੁਦੇ ‘ਤੇ ਨਹੀਂ ਰਹਿਣਗੇ।

ਗਿਆਨੀ ਰਣਜੀਤ ਸਿੰਘ ਨੂੰ ਸਾਲ 2019 ਵਿੱਚ ਗਿਆਨੀ ਇਕਬਾਲ ਸਿੰਘ ਦੀ ਜਗ੍ਹਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। 28 ਅਗਸਤ 2022 ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਮੈਨੇਜਮੈਂਟ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਜਥੇਦਾਰ ਰਣਜੀਤ ਸਿੰਘ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ, ਅਹੁਦੇ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਜਥੇਦਾਰ ਉੱਤੇ ਦਸਵੰਧ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਸਨ, ਜੋ ਕਰੋੜਾਂ ਰੁਪਏ ਵਿੱਚ ਸ਼ਰਧਾਲੂਆਂ ਵੱਲੋਂ ਚੜਾਈ ਜਾਂਦੀ ਸੀ।