India Punjab

ਸਕੂਲੀ ਬੱਚਿਆਂ ਦੇ ਪ੍ਰਸ਼ਨ ਪੱਤਰ ਬਣੇ ਚੋਣ ਪ੍ਰਚਾਰ ਦਾ ਮਾਧਿਅਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਕੂਲੀ ਸਿੱਖਿੱਆ ਦਾ ਪੱਧਰ ਸੁਧਾਰਨ ਲਈ ਹੋਣ ਵਾਲੀ ਰਾਸ਼ਟਰੀ ਉਪਲੱਬਧੀ ਸਰਵੇਖਣ (NAS –National achievement survey) ਪ੍ਰੀਖਿਆ ਲਈ ਤਿਆਰ ਅਭਿਆਸ ਪ੍ਰਸ਼ਨ-ਪੱਤਰ ਵਿੱਚ ਪੰਜਾਬ ਸਰਕਾਰ ਦਾ ਇਸ਼ਤਿਹਾਰ ਵੇਖਣ ਨੂੰ ਮਿਲਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਅਭਿਆਸ ਪ੍ਰਸ਼ਨ ਪੱਤਰ ਭੇਜੇ ਗਏ ਹਨ, ਜਿਸ ਵਿੱਚ ਸਮਾਜਕ ਸੁਰੱਖਿਆ ਪੈਨਸ਼ਨ ਵਾਧੇ ਬਾਰੇ ਸੂਬਾ ਸਰਕਾਰ ਦਾ ਇੱਕ ਵੱਡਾ ਇਸ਼ਤਿਹਾਰ ਹੈ, ਜਿਸ ਦੇ ਹੇਠਾਂ ਇਸ਼ਤਿਹਾਰ ਨਾਲ ਸਬੰਧਤ ਪ੍ਰਸ਼ਨ ਹਨ।

ਜਦੋਂ ਇਸ ਬਾਰੇ ‘ਪੜ੍ਹੋ ਪੰਜਾਬ’ ਲਈ ਲੁਧਿਆਣਾ ਜ਼ਿਲ੍ਹੇ ਦੇ ਸਹਾਇਕ ਪ੍ਰੋਜੈਕਟ ਤਾਲਮੇਲ ਅਧਿਕਾਰੀ ਮਨਮੀਤ ਗਰੇਵਾਲ ਤੋਂ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਮੁਹਾਲੀ ’ਚ ਸੂਬੇ ਦੇ ਮੁੱਖ ਦਫ਼ਤਰ ਤੋਂ NAS ਦੇ ਅਭਿਆਸ ਪ੍ਰਸ਼ਨ ਪੱਤਰ ਮਿਲੇ ਹਨ ਤੇ ਇੱਕੋ ਹੀ ਪ੍ਰਸ਼ਨ–ਪੱਤਰ ਸਮੁੱਚੇ ਸੂਬੇ ਦੇ ਸਾਰੇ ਅਧਿਆਪਕਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਨ ਪੱਤਰ ਜ਼ਿਲ੍ਹਾ ਪੱਧਰ ਉੱਤੇ ਨਹੀਂ ਬਣਾਏ ਗਏ ਹਨ। ਮੁਹਾਲੀ ’ਚ ਮੁੱਖ ਦਫ਼ਤਰ ’ਚ ਤਿਆਰ ਕੀਤੇ ਗਏ ਹਨ।

ਇਸ ਪ੍ਰਸ਼ਨ–ਪੱਤਰ ’ਚ ਪ੍ਰਸ਼ਨ ਨੰਬਰ 2 ’ਚ ਇੱਕ ਸੰਦਰਭ ਚਿੱਤਰ ਵਜੋਂ ਇੱਕ ਇਸ਼ਤਿਹਾਰ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਬਜ਼ੁਰਗਾਂ, ਵਿਧਵਾਵਾਂ ਤੇ ਬੇਆਸਰਾ ਔਰਤਾਂ, ਅਨਾਥ ਬੱਚਿਆਂ ਤੇ ਦਿਵਿਆਂਗਾਂ ਲਈ ਸਮਾਜਿਕ ਸੁਰੱਖਿਆ ਪੈਨਸ਼ਨ ਦੁੱਗਣੀ ਕਰ ਦਿੱਤੀ ਹੈ। ਇਸ ਤੋਂ ਬਾਅਦ ਬਹੁ ਵਿਕਲਪਿਕ ਪ੍ਰਸ਼ਨ ਹਨ – ‘ਉਪਰੋਕਤ ਇਸ਼ਤਿਹਾਰ ਕਿਸ ਬਾਰੇ ਹੈ?’ ਅਤੇ ‘ਵਧੀ ਹੋਈ ਸਮਾਜਕ ਸੁਰੱਖਿਆ ਪੈਨਸ਼ਨ ਦੀ ਵੰਡ ਕਦੋਂ ਤੋਂ ਸ਼ੁਰੂ ਕੀਤੀ ਗਈ ਸੀ?’

ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਪ੍ਰਸ਼ਨ ਪੱਤਰ ਦਾ ਪ੍ਰਿੰਟ ਆਊਟ   ਸੋਮਵਾਰ ਨੂੰ ਵਿਦਿਆਰਥੀਆਂ ਨੂੰ ਉਪਲੱਬਧ ਕਰਵਾ ਦੇਣ। ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਦਿੱਵਯਾ ਏ. ਦੀ ਰਿਪੋਰਟ ਅਨੁਸਾਰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ਼) ਦੇ ਇੱਕ ਸੀਨੀਅਰ ਅਧਿਆਪਕ ਨੇ ਕਿਹਾ  ‘ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਹੁਣ ਪੰਜਾਬ ਸਰਕਾਰ ਆਪਣੀਆਂ ਯੋਜਨਾਵਾਂ ਪ੍ਰਸ਼ਨ ਪੱਤਰਾਂ ਦੇ ਮਾਧਿਅਮ ਰਾਹੀਂ ਪ੍ਰਚਾਰਿਤ ਕਰਨਾ ਚਾਹ ਰਹੀ ਹੈ। ਸਕੂਲੀ ਬੱਚਿਆਂ ਦੇ ਪ੍ਰਸ਼ਨ ਪੱਤਰ ਚੋਣ ਪ੍ਰਚਾਰ ਦਾ ਮਾਧਿਅਮ ਨਹੀਂ ਬਣਨੇ ਚਾਹੀਦੇ।’