India

ਇੱਕ ਇਮਾਨਦਾਰ, ਵਿਦਵਾਨ ਅਤੇ ਸੱਚੇ ਸਿੱਖ ਵਾਂਗ ਸਾਦਾ ਜੀਵਨ ਜਿਉਂਦੇ ਹੋਏ ਸਰਦਾਰ ਤਰਸੇਮ ਸਿੰਘ ਜੀ ਅਚਾਨਕ ਚਲੇ ਗਏ

‘ਦ ਖ਼ਾਲਸ ਬਿਊਰੋ :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਕੱਲ੍ਹ ਦੇਰ ਰਾਤ ਨੂੰ ਅਕਾਲ ਚਲਾਣਾ ਕਰ ਗਏ ਹਨ। ਸਰਦਾਰ ਤਰਸੇਮ ਸਿੰਘ ਜੀ ਬੜੀ ਹੋਣਹਾਰ ਸ਼ਖ਼ਸੀਅਤ ਦੇ ਮਾਲਕ ਸਨ। ਭਾਈ ਸਾਹਿਬ ਜੀ ਜਿੱਥੇ ਗੁਰਮਤਿ ਗੁਰਬਾਣੀ ਦੇ ਡੂੰਘੇ ਵਾਕਫ਼ ਸਨ, ਉੱਥੇ ਬੜੀ ਸ਼ਿੱਦਤ ਅਤੇ ਲਗਨ ਨਾਲ ਧਰਮ ਪ੍ਰਚਾਰ ਦੇ ਖੇਤਰ ਵਿੱਚ ਯੋਗਦਾਨ ਪਾਉਂਦੇ ਸਨ। ਉਹ ਛੋਟੇ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਤੋਂ ਲੈ ਕੇ ਗੁਰਬਾਣੀ ਦੀ ਸੰਥਿਆ ਵੱਲ ਹਮੇਸ਼ਾ ਉਚੇਚੇ ਤੌਰ ‘ਤੇ ਧਿਆਨ ਦਿੰਦੇ ਸਨ।

ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਛੋਟੇ ਪੱਧਰ ਦੇ ਸਮਾਗਮਾਂ ਤੋਂ ਲੈ ਕੇ ਵੱਡੇ-ਵੱਡੇ ਪ੍ਰੋਗਰਾਮ ਉਲੀਕਣੇ ਅਤੇ ਉਨ੍ਹਾਂ ਨੂੰ ਸਿਰੇ ਚੜ੍ਹਾਉਣਾ ਤਰਸੇਮ ਸਿੰਘ ਜੀ ਦੀ ਕਾਰਜ ਸ਼ੈਲੀ ਵਿੱਚ ਇੱਕ ਉੱਤਮ ਖ਼ੂਬੀ ਸੀ। ਉਹ ਆਪਣੀਆਂ ਉੱਤਮ ਲਿਖਤਾਂ ਨਾਲ ਵੀ ਵੱਖ-ਵੱਖ ਮਸਲਿਆਂ ਨੂੰ ਸੰਗਤ ਨਾਲ ਸਾਂਝਾ ਕਰਦੇ ਸਨ। ਸਰਦਾਰ ਤਰਸੇਮ ਸਿੰਘ ਜੀ ਨੇਕ ਦਿਲ ਪੰਥ-ਪ੍ਰਸਤ, ਪੰਥ ਦਰਦੀ, ਬੜੇ ਹੀ ਸੂਝਵਾਨ, ਸਹਿਜ ਅਤੇ ਠਰ੍ਹੰਮੇ ਵਾਲੀ ਸ਼ਖ਼ਸੀਅਤ ਸਨ।

ਗੁਰਦੁਆਰਾ ਪ੍ਰਬੰਧ ਦੇ ਸੁਧਾਰ ਲਈ ਸਦਾ ਯਤਨਸ਼ੀਲ ਰਹਿਣਾ ਉਨ੍ਹਾਂ ਦਾ ਵਿਸ਼ੇਸ਼ ਗੁਣ ਸੀ। ਕਿਸੇ ਵੀ ਵਿਅਕਤੀ ਨੂੰ ਮਿਲਣ ਸਮੇਂ ਉਹ ਉਸ ਦਾ ਧੜਾ ਜਾਂ ਪਿਛੋਕੜ ਨਹੀਂ ਵੇਖਦੇ ਸਨ। ਆਰਐੱਸਐੱਸ ਵਰਗੀਆਂ ਸਿੱਖ ਵਿਰੋਧੀ ਸੰਸਥਾਵਾਂ ਦੀ ਸਿੱਖ ਸੰਸਥਾਵਾਂ ਵਿੱਚ ਦਖਲ ਅੰਦਾਜ਼ੀ ਤੋਂ ਉਹ ਚਿੰਤਤ ਵੀ ਹੁੰਦੇ ਅਤੇ ਇਸ ਨੂੰ ਰੋਕਣ ਲਈ ਉਹ ਯਤਨਸ਼ੀਲ ਵੀ ਰਹਿੰਦੇ ਸਨ।

ਦੂਰ ਦਰਾਜ਼ ਤੱਕ ਵੀ ਧਰਮ ਪ੍ਰਚਾਰ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਪਹੁੰਚ ਜਾਣਾ ਅਤੇ ਚੰਗੇ ਸੁਝਾਅ ਲੈਣੇ ਅਤੇ ਦੇਣੇ ਉਨ੍ਹਾਂ ਦਾ ਵਿਸ਼ੇਸ਼ ਗੁਣ ਸੀ। ਸਰਦਾਰ ਤਰਸੇਮ ਸਿੰਘ ਪੰਥ ਅਤੇ ਸਿੱਖਾਂ ਦੀ ਬਿਹਤਰੀ ਲਈ ਵਿਚਾਰ ਚਰਚਾਵਾਂ ਵਿੱਚ ਘੰਟਿਆਂ ਬੱਧੀ ਹਰ ਤਰ੍ਹਾਂ ਦੇ ਲੋਕਾਂ ਨਾਲ ਸੰਵਾਦ ਕਰਦੇ ਸਨ। ਭਾਈ ਸਾਹਿਬ ਚੜ੍ਹਦੀ ਕਲਾ ਅਤੇ ਹਾਂ ਪੱਖੀ ਵਿਚਾਰ ਰੱਖਣ ਵਾਲੀ ਸ਼ਖ਼ਸੀਅਤ ਦੇ ਮਾਲਕ ਸਨ। ਸਰਦਾਰ ਤਰਸੇਮ ਸਿੰਘ ਜੀ ਦਾ ਅਕਾਲ ਚਲਾਣਾ ਧਰਮ ਪ੍ਰਚਾਰ ਦੇ ਖੇਤਰ ਅਤੇ ਪੰਥਕ ਪਿੜ ਵਿੱਚ ਸਦਾ ਹੀ ਇੱਕ ਖਲਾਅ ਨੂੰ ਮਹਿਸੂਸ ਕਰਵਾਏਗਾ।