India Punjab

ਕਿਸਾਨ ਮੋਰਚਿਆਂ ‘ਤੇ ਯਾਦਗਾਰ ਬਣਿਆ ਕੌਮਾਂਤਰੀ ਮਜ਼ਦੂਰ ਦਿਵਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਦਿੱਲੀ ‘ਚ ਕਿਸਾਨ ਮੋਰਚਿਆਂ ‘ਤੇ ਕਿਸਾਨ-ਮਜ਼ਦੂਰ ਏਕਤਾ ਦਿਵਸ ਵਜੋਂ ਮਈ ਦਿਹਾੜਾ ਮਨਾਇਆ ਗਿਆ। ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ‘ਤੇ ਕੌਮਾਂਤਰੀ ਮਜ਼ਦੂਰ ਦਿਵਸ ਨੂੰ “ਮਜ਼ਦੂਰ ਕਿਸਾਨ ਏਕਤਾ ਦਿਵਸ” ਵਜੋਂ ਮਨਾਇਆ ਗਿਆ। ਹਜ਼ਾਰਾਂ ਮਜ਼ਦੂਰਾਂ ਨੇ ਦਿੱਲੀ ਦੇ ਮੋਰਚਿਆਂ ‘ਤੇ ਪਹੁੰਚ ਕੇ ਕਿਸਾਨ ਅੰਦੋਲਨ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ।  ਕੇਂਦਰੀ ਟਰੇਡ ਯੂਨੀਅਨਾਂ ਤੋਂ ਲੈ ਕੇ ਸਥਾਨਕ ਮਜ਼ਦੂਰ ਜਥੇਬੰਦੀਆਂ ਦੇ ਲੀਡਰਾਂ ਨੇ ਇਸ ਵਿੱਚ ਭਾਗ ਲਿਆ।

ਕਿਸਾਨ ਅਤੇ ਮਜ਼ਦੂਰ ਲੀਡਰਾਂ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ‘ਤੇ ਜ਼ਬਰੀ ਨਵੇਂ ਕਾਨੂੰਨ ਥੋਪੇ ਹਨ। ਜਿਸ ਸਮੇਂ ਦੇਸ਼ ਇੱਕ ਮਹਾਂਮਾਰੀ ਤੋਂ ਲੰਘ ਰਿਹਾ ਹੈ, ਉਸ ਸਮੇਂ ਸਰਕਾਰ ਲੋਕਾਂ ‘ਤੇ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਮਜ਼ਦੂਰਾਂ ਅਤੇ ਕਿਸਾਨਾਂ ‘ਚ ਫੁੱਟ ਪਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਉਹ ਨਾਕਾਮਯਾਬ ਰਹੇ।

ਉਨ੍ਹਾਂ ਨੇ ਲੇਬਰ ਕੋਡ ਅਤੇ ਖੇਤੀ ਕਾਨੂੰਨਾਂ ‘ਤੇ ਬੋਲਦਿਆਂ ਕਿਹਾ ਕਿ ਜ਼ਰੂਰੀ ਵਸਤੂ ਸੋਧ ਐਕਟ ਮਜ਼ਦੂਰਾਂ ਦੀ ਰੋਜ਼ੀ ਰੋਟੀ ‘ਤੇ ਸਿੱਧਾ ਅਤੇ ਤਿੱਖਾ ਹਮਲਾ ਹੈ।  ਮਜ਼ਦੂਰਾਂ ਦਾ ਭਵਿੱਖ ਨਿੱਜੀ ਖੇਤਰ ਦੇ ਹੱਥਾਂ ਵਿੱਚ ਚਲਾ ਜਾਵੇਗਾ। ਇਸ ਦੇ ਨਾਲ ਹੀ ਮੰਡੀ ਕਾਨੂੰਨ ਅਤੇ ਠੇਕਾ ਕਾਨੂੰਨ ਵੀ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਵਧਾਏਗਾ ਅਤੇ ਰੁਜ਼ਗਾਰ ਦੇ ਮੌਕੇ ਘੱਟ ਕਰੇਗਾ।

ਕੇਂਦਰੀ ਟਰੇਡ ਯੂਨੀਅਨਾਂ ਦੇ ਲੀਡਰਾਂ ਨੇ ਕਿਹਾ ਕਿ ਟੀਕਾਕਰਣ ਅਤੇ ਹੋਰ ਡਾਕਟਰੀ ਸੇਵਾਵਾਂ ਲਈ ਮਜ਼ਦੂਰਾਂ ਅਤੇ ਗਰੀਬਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਰਕਾਰ ਨੂੰ ਨਿੱਜੀਕਰਨ ਰੋਕਣਾ ਚਾਹੀਦਾ ਹੈ ਅਤੇ ਸਰਕਾਰੀ ਅਦਾਰਿਆਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।