ਬਿਉਰੋ ਰਿਪੋਰਟ : ਸੰਗਰੂਰ ਦੇ ਸੁਨਾਮ ਵਿੱਚ ਇੱਕ ਨੌਜਵਾਨ ਬੁਰੀ ਹਾਲਤ ਵਿੱਚ ਮਿਲਿਆ ਹੈ । ਅਜਿਹਾ ਲੱਗ ਰਿਹਾ ਹੈ ਕਿ ਉਸ ਨੂੰ ਬੁਰੀ ਤਰ੍ਹਾਂ ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ ਫਿਰ ਕੁੱਤਿਆਂ ਦੇ ਸਾਹਮਣੇ ਪਾ ਦਿੱਤਾ ਗਿਆ । ਕੁੱਤਿਆਂ ਨੇ ਵੀ ਲਾਸ਼ ਨੂੰ ਨੋਚ-ਨੋਚ ਕੇ ਬੁਰਾ ਹਾਲ ਕਰ ਦਿੱਤਾ । ਹਾਲਾਂਕਿ ਨੌਜਵਾਨ ਦੀ ਪਛਾਣ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਉਹ 2 ਦਿਨ ਤੋਂ ਘਰ ਤੋਂ ਲਾਪਤਾ ਸੀ ।
ਭਵਾਨੀਗੜ੍ਹ ਦੇ ਪਿੰਡ ਫੁਮਮਨਵਾਲਾ ਤੋਂ 2 ਦਿਨ ਪਹਿਲਾਂ ਨੌਜਵਾਨ ਸਰਬਜੀਤ ਸਿੰਘ ਉਰਫ ਰਾਜੀ ਲਾਪਤਾ ਹੋਇਆ ਸੀ। ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਲਾਸ਼ ਹਡਾਰੋੜੀ ਤੋਂ ਮਿਲੀ ਹੈ । ਦੁੱਖ ਦੀ ਗੱਲ ਇਹ ਹੈ ਕਿ ਸਰਬਜੀਤ ਦੀ ਲਾਸ਼ ਦਾ ਕੁੱਤਿਆਂ ਨੇ ਬੁਰਾ ਹਾਲ ਕਰ ਦਿੱਤਾ ਹੈ । ਹੁੱਡਾਰੋੜੀ ਦੇ ਕੋਲੋ ਗੁਜ਼ਰਨ ਵਾਲੇ ਕਿਸੇ ਰਾਹਗੀਰ ਨੇ ਲਾਸ਼ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ।
ਮੁਢਲੀ ਜਾਂਚ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ
ਭਵਾਨੀਗੜ੍ਹ DSP ਮੋਹਿਤ ਅਗਰਵਾਲ ਅਤੇ SHO ਪ੍ਰਤੀਕ ਜਿੰਦਲ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੂੰ ਸਰਬਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ । SHO ਨੇ ਕਿਹਾ ਮੁਢਲੀ ਜਾਂਚ ਤੋਂ ਇਹ ਮਾਮਲਾ ਕਤਲ ਦਾ ਲੱਗ ਦਾ ਹੈ । ਪੁਲਿਸ ਨੂੰ ਮਾਮਲੇ ਦੀ ਤੈਅ ਤੱਕ ਜਾਣ ਦੇ ਲਈ ਘਰ ਵਾਲਿਆਂ ਅਤੇ ਸਰਬਜੀਤ ਦੇ ਨਜ਼ਦੀਆਂ ਨਾਲ ਗੱਲ ਕਰਨੀ ਹੋਵੇਗੀ । ਆਖਿਰ ਘਰੋਂ ਸਰਬਜੀਤ ਸਿੰਘ ਕੀ ਕਹਿਕੇ ਗਿਆ ਸੀ ? ਉਹ ਇਕੱਲਾ ਸੀ ਜਾਂ ਫਿਰ ਉਸ ਦੇ ਨਾਲ ਕੋਈ ਹੋਰ ਸੀ ? ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ ? ਜਾਂ ਫਿਰ ਜ਼ਮੀਨ ਨੂੰ ਲੈਕੇ ਵਿਵਾਦ ? ਸਰਬਜੀਤ ਸਿੰਘ ਦੀ ਮੋਬਾਈਲ ਲੋਕੇਸ਼ਨ ਵੀ ਕਾਫੀ ਕੁਝ ਸਾਫ ਕਰ ਸਕਦੀ ਹੈ । ਪੋਸਟਮਾਰਟਮ ਰਿਪੋਰਟ ਤੋਂ ਕਾਫੀ ਹੱਦ ਤੱਕ ਇਹ ਸਾਫ ਹੋ ਜਾਵੇਗਾ 2 ਦਿਨ ਤੋਂ ਲਾਪਤਾ ਸਰਬਜੀਤ ਸਿੰਘ ਦੀ ਕਦੋਂ ਮੌਤ ਹੋਈ ? ਕਿਹੜੀ ਥਾਂ ਅਤੇ ਕਿਸ ਹਥਿਆਰ ਨਾਲ ਵਾਰ ਤੋਂ ਬਾਅਦ ਸਰਬਜੀਤ ਦੀ ਮੌਤ ਹੋਈ ? ਇੰਨ੍ਹਾਂ ਸਾਰੇ ਸਵਾਲਾਂ ਨੂੰ ਜੋੜਨ ਤੋਂ ਬਾਅਦ ਪੁਲਿਸ ਕਾਫੀ ਹੱਦ ਤੱਕ ਸਰਬਜੀਤ ਦੇ ਕਾਤਲਾਂ ਤੱਕ ਪਹੁੰਚ ਸਕਦੀ ਹੈ।