‘ਦ ਖ਼ਾਲਸ ਬਿਊਰੋ : ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਮਾਰੇ ਗਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਅੱਜ ਸੰਦੀਪ ਸੰਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
4 ਨਵੰਬਰ ਨੂੰ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਮਜੀਠਾ ਰੋਡ ਉੱਤੇ ਇਹ ਘਟਨਾ ਵਾਪਰੀ ਸੀ। ਸੁਧੀਰ ਸੂਰੀ ਅੰਮ੍ਰਿਤਸਰ ‘ਚ ਗੋਪਾਲ ਮੰਦਰ ਦੇ ਬਾਹਰ ਧਰਨੇ ‘ਤੇ ਬੈਠੇ ਸੀ ਤੇ ਰੋਸ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨਾਲ ਸਮਰਥਕ ਵੀ ਹਾਜ਼ਰ ਸਨ, ਜਿੱਥੇ ਸੁਧੀਰ ਸੂਰੀ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ।
ਸੂਰੀ ਗੋਪਾਲ ਮੰਦਰ ਦੇ ਬਾਹਰ ਕੂੜੇ ‘ਚ ਪਾਈਆਂ ਜਾ ਰਹੀਆਂ ਭਗਵਾਨ ਦੀਆਂ ਮੂਰਤੀਆਂ ਦੇ ਵਿਰੋਧ ‘ਚ ਮੰਦਰ ਦੇ ਬਾਹਰ ਧਰਨੇ ‘ਤੇ ਬੈਠੇ ਸਨ। ਇਸ ਦੌਰਾਨ ਭੀੜ ਵਿੱਚੋਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਸੀ।
ਸ਼ਿਵ ਸੇਨਾ ਦੇ ਵੱਡੇ ਲੀਡਰ ਸੁਧੀਰ ਸੂਰੀ ਦਾ ਗੋਲੀਆਂ ਮਾਰਕੇ ਕਤਲ , ਇਲਾਕੇ ‘ਚ ਫੈਲੀ ਸਨਸਨੀ
ਸੁਧੀਰ ਸੂਰੀ ਹਮੇਸ਼ਾ ਆਪਣੇ ਬਿਆਨ ਨਾਲ ਵਿਵਾਦ ਵਿੱਚ ਰਹਿੰਦੇ ਸਨ । ਭਾਵੇਂ ਉਹ ਸਿੱਖ ਭਾਈਚਾਰੇ ਖਿਲਾਫ਼ ਕੀਤੀਆਂ ਟਿਪਣੀਆਂ ਹੋਣ ਜਾਂ ਫਿਰ ਮਹਿਲਾਵਾਂ ਅਤੇ ਦਲਿਤ ਭਾਈਚਾਰੇ ‘ਤੇ ਵੀਡੀਓ ਬਣਾ ਕੇ ਅਪਮਾਨਜਨਕ ਸ਼ਬਦਾਵਲੀ ਬਿਆਨ ਜਾਰੀ ਕਰਨ ਦਾ ਮਾਮਲਾ ਹੋਏ । ਇੰਨਾਂ ਸਾਰੇ ਮਾਮਲਿਆਂ ਵਿੱਚ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਸਨ ।ਪੰਜਾਬ ਪੁਲਿਸ ਨੇ ਪਿਛਲੇ ਮਹੀਨੇ 23 ਅਕਤੂਬਰ ਨੂੰ ਕੁਝ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਸੀ ਜਿੰਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਸੁਧੀਰ ਸੂਰੀ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ ।