India

ਯਮੁਨਾ ਐਕਸਪ੍ਰੈੱਸ ਵੇਅ ‘ਤੇ ਭਿਆਨਕ ਸੜਕ ਹਾਦਸਾ, ਸਲੀਪਰ ਬੱਸ ਅਤੇ ਕਾਰ ਦੀ ਟੱਕਰ ਤੋਂ ਬਾਅਦ ਲੱਗੀ ਅੱਗ, 5 ਜ਼ਿੰਦਾ ਸੜੇ

ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਸੋਮਵਾਰ ਸਵੇਰੇ ਯਮੁਨਾ ਐਕਸਪ੍ਰੈੱਸ ਵੇਅ ‘ਤੇ ਆਗਰਾ ਤੋਂ ਨੋਇਡਾ ਵੱਲ ਆਉਂਦੇ ਸਮੇਂ ਇਕ ਸਲੀਪਰ ਬੱਸ ਦੀ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਹੋ ਗਈ। ਟੱਕਰ ਹੁੰਦੇ ਹੀ ਬੱਸ ਅਤੇ ਕਾਰ ਦੋਵਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਲੋਕਾਂ ਦੇ ਜ਼ਿੰਦਾ ਸੜ ਜਾਣ ਦੀ ਖਬਰ ਹੈ। ਹਾਦਸੇ ਤੋਂ ਬਾਅਦ ਯਮੁਨਾ ਐਕਸਪ੍ਰੈੱਸ ਵੇਅ ‘ਤੇ ਵੀ ਭਾਰੀ ਜਾਮ ਦੇਖਣ ਨੂੰ ਮਿਲਿਆ। ਚਸ਼ਮਦੀਦਾਂ ਮੁਤਾਬਕ ਹਾਦਸੇ ਦੀ ਸੂਚਨਾ ਮਿਲਣ ਤੋਂ ਡੇਢ ਘੰਟੇ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ।

ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਆਗਰਾ ਤੋਂ ਨੋਇਡਾ ਆਉਣ ਵਾਲੇ ਐਕਸਪ੍ਰੈਸ ਵੇਅ ‘ਤੇ ਕੁਝ ਸਮੇਂ ਲਈ ਆਵਾਜਾਈ ਰੋਕ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਥੁਰਾ ਵਿੱਚ ਸਲੀਪਰ ਕਲਾਸ ਦੀ ਬੱਸ ਡਿਵਾਈਡਰ ਨਾਲ ਟਕਰਾ ਕੇ ਐਕਸਪ੍ਰੈਸ ਵੇਅ ਦੇ ਵਿਚਕਾਰ ਜਾ ਕੇ ਜਾ ਡਿੱਗੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਕਾਰ ਦੀ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ। ਫਿਰ ਧਮਾਕਾ ਹੋਇਆ ਅਤੇ ਦੋਵੇਂ ਗੱਡੀਆਂ ਸੜ ਗਈਆਂ।

ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ‘ਚ ਸਵਿਫਟ ਕਾਰ ‘ਚ ਸਵਾਰ 5 ਲੋਕ ਜ਼ਿੰਦਾ ਸੜ ਗਏ। ਕਾਰ ਨੂੰ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਸ਼ਿਕੋਹਾਬਾਦ ਦਾ ਰਹਿਣ ਵਾਲਾ ਅੰਸ਼ੁਲ ਯਾਦਵ ਚਲਾ ਰਿਹਾ ਸੀ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਹਾਦਸਾ ਮਹਾਵਨ ਥਾਣਾ ਖੇਤਰ ਦੇ ਯਮੁਨਾ ਐਕਸਪ੍ਰੈਸ ਵੇਅ ਦੇ ਮਾਈਲ ਸਟੋਨ 117 ‘ਤੇ ਵਾਪਰਿਆ। ਬੱਸ ਵਿੱਚ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਥੁਰਾ ਸੜਕ ਹਾਦਸੇ ਦਾ ਨੋਟਿਸ ਲਿਆ ਹੈ। ਸੀਐਮ ਯੋਗੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।