Punjab

ਖੇਤੀ ਕਾਨੂੰਨ ਰੱਦ ਕਰੋ, ਨਹੀਂ ਤਾਂ ਮੀਟਿੰਗ ਕਰੋ ਖਤਮ, ਕਿਸਾਨਾਂ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਪਹਿਲੇ ਗੇੜ ਦੀ ਮੀਟਿੰਗ ਖਤਮ ਹੋ ਗਈ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਲਿਖਤੀ ਜਵਾਬ ਦਿੱਤਾ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੀਆਂ ਕਮੀਆਂ ਦਾ ਜੋ ਡਰਾਫਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਸੀ, ਉਸ ਉੱਤੇ ਅੱਜ ਸਰਕਾਰ ਨੇ ਡਰਾਫਟ ਤਿਆਰ ਕਰਕੇ ਕਿਸਾਨਾਂ ਨੂੰ ਦਿੱਤਾ ਹੈ। ਕੇਂਦਰ ਸਰਕਾਰ ਨੇ ਲਿਖਤੀ ਜਵਾਬ ਵਿੱਚ ਕਿਸਾਨਾਂ ਦੇ ਸ਼ੰਕਿਆਂ ‘ਤੇ ਆਪਣਾ ਸਟੈਂਡ ਦੱਸਿਆ ਹੈ।

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਸਾਨੂੰ ਸੋਚਣ ਦਾ ਸਮਾਂ ਦਿਉ, ਕਿਸਾਨ ਜਥੇਬੰਦੀਆਂ ਨੂੰ ਜਲਦੀ ਨਹੀਂ ਕਰਨੀ ਚਾਹੀਦੀ। ਕਿਸਾਨਾਂ ਨੇ ਸਰਕਾਰ ਨੂੰ ਦੋ-ਹਰਫੀ ਜਵਾਬ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰੋ, ਨਹੀਂ ਤਾਂ ਮੀਟਿੰਗ ਖਤਮ ਕਰੋ। ਜਦੋਂ ਕਿਸਾਨ ਮੀਟਿੰਗ ਛੱਡ ਕੇ ਉੱਠਣ ਲੱਗੇ ਸੀ ਤਾਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਤੋਂ 15 ਮਿੰਟਾਂ ਦਾ ਸਮਾਂ ਮੰਗਿਆ। ਹੁਣ ਦੂਜੇ ਗੇੜ ਦੀ ਮੀਟਿੰਗ ਜਲਦ ਹੀ ਸ਼ੁਰੂ ਹੋਵੇਗੀ। ਕਿਸਾਨਾਂ ਨੇ ਮੀਟਿੰਗ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਿਸਾਨਾਂ ਦੇ ਹੱਕ ਵਿੱਚ ਦਿੱਤੇ ਗਏ ਬਿਆਨ ਦਾ ਵੀ ਹਵਾਲਾ ਦਿੱਤਾ।

ਕਿਸਾਨਾਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਦੌਰਾਨ ਅੱਜ ਫਿਰ ਆਪਣਾ ਲਿਆਂਦਾ ਖਾਣਾ ਖਾਧਾ। ਖਾਣੇ ਨਾਲ ਭਰੀ ਕਾਰ ਸੇਵਾ ਵਾਲੀ ਗੱਡੀ ਅੱਜ ਫਿਰ ਵਿਗਿਆਨ ਭਵਨ, ਦਿੱਲੀ ਪੁੱਜੀ। ਕਿਸਾਨਾਂ ਨੇ ਅੱਜ ਫਿਰ ਕੇਂਦਰ ਸਰਕਾਰ ਵੱਲੋਂ ਪਰੋਸੇ ਗਏ ਭੋਜਨ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ। ਕੇਂਦਰ ਸਰਕਾਰ ਨਾਲ ਮੀਟਿੰਗ ਦੌਰਾਨ ਕਿਸਾਨਾਂ ਨੇ ਮੀਡੀਆ ਕਰਮੀਆਂ ਨੂੰ ਵੀ  ਲੰਗਰ ਛਕਾਇਆ।