India Punjab

ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਤੀਜੇ ਦੌਰ ਦੀ ਮੀਟਿੰਗ ਰਹੀ ਬੇਸਿੱਟਾ

The third round of meeting between the farmers and the central government was concluded

ਚੰਡੀਗੜ੍ਹ : ਦੇਰ ਰਾਤ ਚੰਡੀਗੜ੍ਹ ਵਿਚ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਤੀਜੇ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਹੁਣ ਐਤਵਾਰ ਨੂੰ ਦੁਬਾਰਾ ਮੀਟਿੰਗ ਹੋਵੇਗੀ। ਉਦੋਂ ਤਕ ਦੋਵਾਂ ਧਿਰਾਂ ਨੇ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ, ਨਿਤਿਆਨੰਦ ਰਾਏ ਵੀ ਮੌਜੂਦ ਸਨ।

ਇਹ ਮੀਟਿੰਗ ਰਾਤ 8 ਵਜੇ ਤੋਂ ਦੇਰ ਰਾਤ ਕਰੀਬ 1:30 ਵਜੇ ਤਕ ਚੱਲੀ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਲਈ ਇਕ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਿਆ, ਜਿਸ ਵਿਚ ਕਿਸਾਨਾਂ ਅਤੇ ਸਰਕਾਰ ਦੋਵਾਂ ਦੇ ਪ੍ਰਤੀਨਿਧ ਹੋਣਗੇ। ਮੀਟਿੰਗ ਦੌਰਾਨ ਕਿਸਾਨ ਆਗੂ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ‘ਤੇ ਅੜੇ ਰਹੇ।

ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਸੁੱਟੇ ਅਥਰੂ ਗੈਸ ਦੇ ਗੋਲਿਆਂ ਨੂੰ ਲੈ ਕੇ ਨਰਾਜ਼ਗੀ ਜਤਾਈ ਅਤੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਕੀਤੇ ਜਾਣ ’ਤੇ ਇਤਰਾਜ਼ ਕੀਤਾ। ਆਗੂਆਂ ਨੇ ਮੀਟਿੰਗ ਵਿਚ ਕੇਂਦਰੀ ਵਜ਼ੀਰਾਂ ਨੂੰ ਕਿਸਾਨਾਂ ’ਤੇ ਹੋਏ ਜਬਰ ਦੀਆਂ ਕੁਝ ਤਸਵੀਰਾਂ ਵੀ ਦਿਖਾਈਆਂ। ਬਾਕੀ ਮੰਗਾਂ ’ਤੇ ਚਰਚਾ ਹੋਣ ਮਗਰੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ’ਤੇ ਸਮੁੱਚੀ ਮੀਟਿੰਗ ਫੋਕਸ ਹੋ ਗਈ।

ਕੇਂਦਰੀ ਵਜ਼ੀਰਾਂ ਨੇ ਫਸਲੀ ਭਾਅ ਦੀ ਕਾਨੂੰਨੀ ਗਾਰੰਟੀ ਦੇ ਮੁੱਦੇ ’ਤੇ ਪੇਸ਼ਕਸ਼ ਕੀਤੀ ਕਿ ਭਾਰਤ ਸਰਕਾਰ ਇਸ ਮਾਮਲੇ ’ਤੇ ਸਾਰੇ ਸੂਬਿਆਂ, ਖਪਤਕਾਰ ਫੋਰਮਾਂ ਅਤੇ ਬਾਕੀ ਹਿੱਸੇਦਾਰਾਂ ਨਾਲ ਸਲਾਹ ਕਰੇਗੀ ਅਤੇ ਉਸ ਮਗਰੋਂ ਸਾਰਥਿਕ ਰੂਪ ਵਿਚ ਮਾਮਲਾ ਨਜਿੱਠਣ ਲਈ ਫੈਸਲਾ ਲਿਆ ਜਾਵੇਗਾ। ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਦਾ ਹਵਾਲਾ ਵੀ ਦਿੱਤਾ ਗਿਆ। ਕਿਸਾਨ ਆਗੂਆਂ ਨੇ ਇਸ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਉਹ ਵਚਨਬੱਧਤਾ ਚਾਹੁੰਦੇ ਹਨ ਕਿ ਫਸਲੀ ਭਾਅ ’ਤੇ ਗਾਰੰਟੀ ਦਾ ਕਾਨੂੰਨ ਕਦੋਂ ਅਤੇ ਕਿਸ ਸਮੇਂ ਤੱਕ ਬਣਾਇਆ ਜਾਵੇਗਾ।

ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਉਹ ਫਸਲੀ ਭਾਅ ’ਤੇ ਗਾਰੰਟੀ ਦਾ ਕਾਨੂੰਨ ਬਣਨ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਜਿਸ ਤੋਂ ਮੰਤਰੀ ਪਿਊਸ਼ ਗੋਇਲ ਨੇ ਸਖ਼ਤ ਲਹਿਜਾ ਦਿਖਾਇਆ। ਬਾਅਦ ਵਿਚ ਪਿਊਸ਼ ਗੋਇਲ ਨੇ ਕੇਂਦਰੀ ਖੇਤੀ ਮੰਤਰੀ ਦੀ ਅਗਵਾਈ ਵਿਚ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਦਾ ਮਾਮਲਾ ਵਿਚਾਰਨ ਲਈ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਜਿਸ ਵਿਚ ਕਿਸਾਨਾਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ।

ਜਗਜੀਤ ਸਿੰਘ ਡੱਲੇਵਾਲ ਨੇ ਸਾਫ ਆਖ ਦਿੱਤਾ ਕਿ ਉਹ ਕਿਸੇ ਵੀ ਕਮੇਟੀ ਦਾ ਮੈਂਬਰ ਬਣਨਾ ਪਸੰਦ ਨਹੀਂ ਕਰਨਗੇ। ਇਸ ਤੋਂ ਇਲਾਵਾ ਕੇਂਦਰੀ ਵਜ਼ੀਰਾਂ ਨੇ ਨਕਲੀ ਦਵਾਈਆਂ ਖਿਲਾਫ ਸਖ਼ਤੀ ਦੀ ਮੰਗ ’ਤੇ ਕਿਹਾ ਕਿ ਕੇਂਦਰ ਸਰਕਾਰ ਮੌਜੂਦਾ ਐਕਟ ਵਿਚ ਸੋਧ ਕਰਕੇ ਨਕਲੀ ਦਵਾਈਆਂ ਖਿਲਾਫ ਸਖਤ ਕਾਨੂੰਨ ਲੈ ਕੇ ਆਵੇਗੀ। ਵਜ਼ੀਰਾਂ ਨੇ ਮੰਗ ਮੰਨਦਿਆਂ ਲਖੀਮਪੁਰ ਖੀਰੀ ਦੇ ਜ਼ਖ਼ਮੀਆਂ ਨੂੰ ਮੌਜੂਦਾ ਅੰਦੋਲਨ ਖਤਮ ਹੋਣ ਤੋਂ ਇੱਕ ਹਫਤੇ ਦੇ ਅੰਦਰ ਅੰਦਰ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ। ਕੇਂਦਰੀ ਵਜ਼ੀਰਾਂ ਨੇ ਭਾਜਪਾ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਦੌਰਾਨ ਕਿਸਾਨ ਭਲਾਈ ਲਈ ਚੁੱਕੇ ਕਦਮਾਂ ’ਤੇ ਚਰਚਾ ਕੀਤੀ, ਪਰ ਕਿਸਾਨਾਂ ਨੇ ਕੋਈ ਤਵੱਜੋ ਨਾ ਦਿੱਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਵਿਚ ਹਰਿਆਣਾ ਪੁਲੀਸ ਵੱਲੋਂ ਪੰਜਾਬ ਵਿਚ ਦਾਖਲ ਹੋ ਕੇ ਕਿਸਾਨਾਂ ਨੂੰ ਭੜਕਾਉਣ ਦੇ ਮਾਮਲੇ ਵਿਚ ਡੀਜੀਪੀ ਨੂੰ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਜਦੋਂ ਕਿ ਕਿਸਾਨ ਧਿਰਾਂ ਦਾ ਕਹਿਣਾ ਸੀ ਕਿ ਕੇਂਦਰੀ ਮੰਤਰੀ ਹਰਿਆਣਾ ਨੂੰ ਐਕਸ਼ਨ ਲੈਣ ਵਾਸਤੇ ਕਹਿਣ। ਜੁਆਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਘਟਨਾ ਪੰਜਾਬ ਦੀ ਹਦੂਦ ਵਿਚ ਹੈ ਤਾਂ ਪੰਜਾਬ ਪੁਲੀਸ ਇਸ ਮਾਮਲੇ ਵਿਚ ਐਕਸ਼ਨ ਲੈਣ ਦੇ ਸਮਰੱਥ ਹੈ।

ਸੂਤਰਾਂ ਅਨੁਸਾਰ ਕਿਸਾਨ ਆਗੂਆਂ ਨੇ ਮੀਟਿੰਗ ਦੌਰਾਨ ਦਿੱਲੀ ਵਿਚ ਪ੍ਰਦਰਸ਼ਨ ਵਾਸਤੇ ਜਗ੍ਹਾ ਮੰਗੀ ਤਾਂ ਪਿਊਸ਼ ਗੋਇਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਕਿਸੇ ਵੀ ਜਗ੍ਹਾ ਉੱਤੇ ਬੈਠ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਹਿਮਤ ਹੋ ਗਏ ਕਿ ਉਹ ਜਗ੍ਹਾ ਦੇ ਦੇਣਗੇ ਪ੍ਰੰਤੂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਵਿਚ ਧਰਨੇ ਵਾਸਤੇ ਜਗ੍ਹਾ ਮੰਗ ਰਹੇ ਹਨ। ਆਗੂਆਂ ਨੇ ਵਜ਼ੀਰਾਂ ਤੋਂ ਮੰਗ ਕੀਤੀ ਕਿ ਬੈਰੀਕੇਡ ਹਟਾਏ ਜਾਣ ਅਤੇ ਦਿੱਲੀ ਵਿਚ ਓਨਾ ਸਮਾਂ ਬੈਠਣ ਲਈ ਜਗ੍ਹਾ ਦਿੱਤੀ ਜਾਵੇ ਜਦੋਂ ਤੱਕ ਫਸਲੀ ਭਾਅ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣ ਜਾਂਦਾ।

ਕੇਂਦਰੀ ਵਜ਼ੀਰਾਂ ਨੇ ਜਦੋਂ ਪ੍ਰਦੂਸ਼ਣ ਐਕਟ ਅਤੇ ਬਿਜਲੀ ਸੋਧ ਬਿੱਲ ਦੀ ਮੰਗ ਸਵੀਕਾਰੀ ਤਾਂ ਕਿਸਾਨ ਆਗੂਆਂ ਨੇ ਨਾਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਤਾਂ ਅੰਦੋਲਨ ਤੋਂ ਪਹਿਲਾਂ ਹੀ ਪ੍ਰਵਾਨ ਹੋ ਗਈਆਂ ਸਨ। ਆਗੂਆਂ ਨੇ ਇਤਰਾਜ਼ ਕੀਤਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਪਰਚੇ ਕਿਉਂ ਦਰਜ ਕੀਤੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦਖਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਦੂਸ਼ਣ ਫੈਲਾਉਣ ਵਾਲੀ ਜ਼ੀਰਾ ਫੈਕਟਰੀ ਨੂੰ ਫੌਰੀ ਬੰਦ ਕੀਤਾ ਜਦੋਂ ਕਿ ਕਿਸਾਨ ਆਗੂਆਂ ਨੇ ਖੁਦ ਬਠਿੰਡਾ ਜ਼ਿਲ੍ਹੇ ਵਿਚ ਇੱਕ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਵਾਈ। ਉਸ ਮਗਰੋਂ ਆਗੂ ਚੁੱਪ ਹੋ ਗਏ। ਮੁੱਖ ਮੰਤਰੀ ਨੇ ਕੌਮੀ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਦੇ ਹਵਾਲੇ ਨਾਲ ਆਪਣੀ ਮਜਬੂਰੀ ਪ੍ਰਗਟ ਕੀਤੀ। ਪਲਟਵਾਰ ਵਿਚ ਸਰਵਣ ਪੰਧੇਰ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਕੇਂਦਰ ਅਤੇ ਐੱਨਜੀਟੀ ਦਾ ਪੱਖ ਲੈ ਰਹੇ ਹਨ ਜਦੋਂ ਕਿ ਭਗਵੰਤ ਮਾਨ ਨੇ ਇਸ ਗੱਲ ’ਤੇ ਗੁੱਸਾ ਜ਼ਾਹਿਰ ਕੀਤਾ।

ਮੀਟਿੰਗ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਮੀਟਿੰਗ ਵਿਚ 3 ਕੇਂਦਰੀ ਮੰਤਰੀ ਪੁੱਜੇ ਸਨ। ਵਿਸਥਾਰਤ ਚਰਚਾ ਤੋਂ ਬਾਅਦ ਸਰਕਾਰ ਨੇ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਨ ਲਈ ਐਤਵਾਰ ਤਕ ਦਾ ਸਮਾਂ ਮੰਗਿਆ। ਇਸ ਦੌਰਾਨ ਕੇਂਦਰੀ ਮੰਤਰੀ ਹਾਈਕਮਾਂਡ ਨਾਲ ਵੀ ਗੱਲਬਾਤ ਕਰਨਗੇ ਅਤੇ ਐਤਵਾਰ ਨੂੰ ਇਨ੍ਹਾਂ ਗੱਲਬਾਤ ਨੂੰ ਅੱਗੇ ਵਧਾਇਆ ਜਾਵੇਗਾ।

ਇਸ ਤੋਂ ਪਹਿਲਾਂ 8 ਫਰਵਰੀ ਅਤੇ 13 ਫਰਵਰੀ ਨੂੰ ਦੋ ਗੇੜਾਂ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਸਨ। ਭਾਜਪਾ ਨੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ‘ਨਰਿੰਦਰ ਮੋਦੀ ਦੇ ਗਰਾਫ ਵਾਲੀ’ ਇੱਕ ਵੀਡੀਓ ਨਸ਼ਰ ਕਰਕੇ ਕਿਸਾਨ ਆਗੂਆਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂ ਕਾਕਾ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਤੀਜੇ ਗੇੜ ਦੀ ਮੀਟਿੰਗ ਦੇ ਮੱਦੇਨਜ਼ਰ ਦਿੱਲੀ ਵੱਲ ਵਧਣ ਤੋਂ ਅੱਜ ਗੁਰੇਜ਼ ਕੀਤਾ ਗਿਆ।