Punjab

ਲੱਖਾ ਸਿਧਾਣਾ ਨੂੰ ਇੱਕ ਹੋਰ ਕੇਸ ‘ਚ ਰਾਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੱਖਾ ਸਿਧਾਣਾ ਨੂੰ ਇੱਕ ਹੋਰ ਮਾਮਲੇ ਵਿੱਚ ਰਾਹਤ ਮਿਲ ਗਈ ਹੈ। 26 ਜਨਵਰੀ ਨੂੰ ਵਾਪਰੀ ਘਟਨਾ ਦੇ ਦੂਸਰੇ ਮਾਮਲੇ ਵਿੱਚ ਲੱਖਾ ਸਿਧਾਣਾ ਨੂੰ ਰਾਹਤ ਮਿਲੀ ਹੈ। ਇਹ ਮਾਮਲਾ ਲਾਲ ਕਿਲ੍ਹੇ ‘ਤੇ ਪੁਲਿਸ ‘ਤੇ ਹਮਲਾ ਕਰਨ ਦੇ ਨਾਲ ਜੁੜਿਆ ਹੋਇਆ ਹੈ। ਦਿੱਲੀ ਦੀ ਰੋਹਿਣੀ ਕੋਰਟ ਵੱਲੋਂ 19 ਜੁਲਾਈ ਤੱਕ ਲੱਖਾ ਸਿਧਾਣਾ ਦੀ ਗ੍ਰਿਫਤਾਰੀ ‘ਤੇ ਰੋਕ ਲਗਾਈ ਗਈ ਹੈ। ਅਦਾਲਤ ਵੱਲੋਂ ਲੱਖਾ ਸਿਧਾਣਾ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਗਏ ਹਨ।

ਐਡੀਸ਼ਨਲ ਸੈਸ਼ਨ ਜੱਜ ਸ਼ਿਵਾਜੀ ਅਨੰਦ ਨੇ ਲੱਖਾ ਸਿਧਾਣਾ ਨੂੰ ਰਾਹਤ ਦਿੰਦਿਆਂ ਉਨ੍ਹਾਂ ਨੂੰ ਇਸ ਜਾਂਚ ਵਿੱਚ ਸ਼ਾਮਿਲ ਹੋਣ ਲਈ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਕੋਰਟ ਨੇ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਦੇ ਮਾਮਲੇ ਵਿੱਚ ਲੱਖਾ ਸਿਧਾਣਾ ਦੀ ਗ੍ਰਿਫਤਾਰੀ ‘ਤੇ 3 ਜੁਲਾਈ ਤੱਕ ਰੋਕ ਲਗਾਈ ਸੀ।

ਦਿੱਲੀ ਪੁਲਿਸ ਨੇ ਇਸ ਤੋਂ ਪਹਿਲਾਂ ਲੱਖਾ ਸਿਧਾਣਾ ਬਾਰੇ ਜਾਣਕਾਰੀ ਦੇਣ ਲਈ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਸ ਲਈ ਸਿਧਾਣਾ ਵੱਲੋਂ ਦੋਵਾਂ ਕੇਸਾਂ ਵਿੱਚ ਜਮਾਨਤ ਲਈ ਦਿੱਲੀ ਦੀ ਰੋਹਿਨੀ ਕੋਰਟ ਵੱਲ ਰੁਖ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਨੂੰਨੀ ਟੀਮ ਮਾਮਲੇ ਦੀ ਪੈਰਵੀ ਕਰ ਰਹੀ ਹੈ।