Punjab

ਕੇਜਰੀਵਾਲ ਨੂੰ ਕਿਉਂ ਨਹੀਂ ਪਤਾ ਪੰਜਾਬ ਦੀ ਅਸਲੀਅਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੇਜਰੀਵਾਲ ਇਹ ਸੋਚਦਾ ਹੈ ਕਿ ਉਹ ਬਿਜਲੀ ਮੁਫਤ ਕਰਨ ਵਰਗੇ ਐਲਾਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰੇਗਾ।

ਉਹ ਅਸਲੀਅਤ ਲੁਕਾਉਣਾ ਚਾਹੁੰਦਾ ਸੀ ਪਰ ਮੀਡੀਆ ਨੇ ਉਸਦੀ ਅਸਲੀਅਤ ਫੜ੍ਹ ਲਈ। ਉਹ ਐਲਾਨ ਕਰਨ ਆਇਆ ਸੀ ਕਿ ਉਹ ਸਾਰੇ ਪੰਜਾਬੀਆਂ ਨੂੰ 300 ਯੂਨਿਟ ਬਿਜਲੀ ਮੁਫਤ ਦੇਵੇਗਾ ਪਰ ਜਦੋਂ ਮੀਡੀਆ ਨੇ ਪੁੱਛਿਆ ਕਿ ਜੇ 300 ਤੋਂ ਇੱਕ ਯੂਨਿਟ ਵੀ ਵੱਧ ਹੋ ਜਾਵੇ ਤਾਂ ਕੇਜਰੀਵਾਲ ਨੇ ਕਿਹਾ ਕਿ ਸਾਰੇ 300 ਯੂਨਿਟ ‘ਤੇ ਪੈਸਾ ਲੱਗੇਗਾ ਕਿਉਂਕਿ ਦਿੱਲੀ ਵਿੱਚ ਵੀ ਇਹੋ ਹੀ ਹੋ ਰਿਹਾ ਹੈ।

ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਉਹ ਕੌਣ ਹੁੰਦਾ ਹੈ, ਪੰਜਾਬੀਆਂ ਨੂੰ ਵਾਅਦਾ ਕਰਨ ਵਾਸਤੇ ਉਸਦੀ ਪੰਜਾਬ ਵਿੱਚ ਕੀ ਪੁਜੀਸ਼ਨ ਹੈ। ਇਨ੍ਹਾਂ ਦਾ ਕਿਹੜਾ ਮੁੱਖ ਮੰਤਰੀ ਚਿਹਰਾ ਹੈ ਜੋ ਬਿਆਨ ਦੇ ਸਕਦਾ ਹੈ, ਜ਼ਿੰਮੇਵਾਰੀ ਲੈ ਸਕਦਾ ਹੈ। ਜੇ ਕੇਜਰੀਵਾਲ ਨੂੰ ਵੋਟਾਂ ਨਾ ਪਈਆਂ, ਜੇ ਵਾਅਦਾ ਨਾ ਪੂਰਾ ਹੋਇਆ ਤਾਂ ਅਸੀਂ ਕੇਜਰੀਵਾਲ ਨੂੰ ਥੋੜ੍ਹਾ ਫੜ੍ਹ ਸਕਦੇ ਹਾਂ। ਕੇਜਰੀਵਾਲ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ‘ਚ ‘ਆਪ’ ਦੀ ਜ਼ੁਬਾਨ ਦਾ ਕਿਹੜਾ ਆਦਮੀ ਜ਼ਿੰਮੇਵਾਰੀ ਲਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਕਹਿ ਰਿਹਾ ਹੈ ਕਿ ਉਹ ਪੰਜਾਬ ਵਿੱਚ 300 ਯੂਨਿਟ ਦੇਵੇਗਾ ਪਰ ਦਿੱਲੀ ਵਿੱਚ ਤਾਂ 200 ਯੂਨਿਟ ਦਿੱਤੇ ਹਨ। ਕੇਜਰੀਵਾਲ ਜਿੱਥੋਂ ਦਾ ਮੁੱਖ ਮੰਤਰੀ ਹੈ, ਉੱਥੇ 200 ਕੀਤਾ ਹੈ ਅਤੇ ਇੱਥੇ 300 ਕਿਉਂ ਕਰ ਰਿਹਾ ਹੈ। ਦਿੱਲੀ ਵਿੱਚ ਵੀ ਜੇ 200 ਯੂਨਿਟ ਤੋਂ ਵੱਧ ਜਾਵੇ ਤਾਂ ਸਾਰੇ 200 ਯੂਨਿਟ ਦਾ ਬਿੱਲ ਵੀ ਦੇਣਾ ਪੈਂਦਾ ਹੈ। ਕੇਜਰੀਵਾਲ ਨੂੰ ਪੰਜਾਬ ਦੀ ਅਸਲੀਅਤ ਬਾਰੇ ਪਤਾ ਹੀ ਨਹੀਂ ਹੈ।

ਕੈਪਟਨ ਸਰਕਾਰ ਤੇ ਕੱਸਿਆ ਨਿਸ਼ਾਨਾ

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 24 ਘੰਟੇ ਬਿਜਲੀ ਕਰ ਦਿੱਤੀ ਸੀ ਪਰ ਕੈਪਟਨ ਸਰਕਾਰ ਦੀ ਨਲਾਇਕੀ ਹੈ ਕਿ ਥਰਮਲ ਪਲਾਂਟ ਬੰਦ ਪਏ ਹਨ। ਇਹ ਥਰਮਲ ਪਲਾਂਟਾਂ ਨੂੰ ਨਾ ਚਲਾ ਰਹੇ ਹਨ, ਨਾ ਉਨ੍ਹਾਂ ਨੂੰ ਰਿਪੇਅਰ ਕਰ ਰਹੇ ਹਨ। ਕੈਪਟਨ ਨੇ ਚਾਰ ਸਾਲਾਂ ਵਿੱਚ ਪੰਜਾਬ ਦਾ ਆਰਥਿਕ ਅਤੇ ਬੁਨਿਆਦੀ (infrastructure) ਢਾਂਚਾ ਕੈਪਟਨ ਨੇ ਬਰਬਾਦ ਕਰ ਦਿੱਤਾ ਹੈ, ਜਿਸ ਕਰਕੇ ਅੱਜ ਪੰਜਾਬ ਵਿੱਚ ਬਿਜਲੀ ਦਾ ਕੱਟ ਲੱਗ ਰਿਹਾ ਹੈ ਅਤੇ ਬਿਜਲੀ ਪੂਰੀ ਨਹੀਂ ਆ ਰਹੀ।

ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਘੱਟ ਵੈਕਸੀਨ ਲਗਵਾਉਣ ਵਾਲੇ ਸੂਬਿਆਂ ਵਿੱਚ ਪੰਜਾਬ ਦਾ ਨਾਂ ਵੀ ਸ਼ਾਮਿਲ ਹੈ ਅਤੇ ਇਸਦਾ ਕਾਰਨ ਹੈ ਕਿ ਪੰਜਾਬ ਵਿੱਚ ਨਲਾਇਕ ਸਰਕਾਰ ਹੈ। ਬਾਦਲ ਨੇ ਕਿਹਾ ਕਿ ਨਹਿਰਾਂ ਵਿੱਚ ਪਾਣੀ ਬੰਦ ਪਿਆ ਹੈ, ਝੋਨਾ ਕਿਵੇਂ ਲੱਗੇਗਾ। ਕੈਪਟਨ ਸਰਕਾਰ ਲੋਕਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਹੈ। ਕੈਪਟਨ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਨੂੰ ਵੀ ਨਹੀਂ ਮਿਲਿਆ ਅਤੇ ਜੋ ਵੀ ਲੋੜਵੰਦ ਉਸਨੂੰ ਮਿਲਣ ਲਈ ਆਉਂਦਾ ਹੈ, ਉਸ ‘ਤੇ ਲਾਠੀਚਾਰਜ ਕਰਕੇ ਉਸਨੂੰ ਭਜਾਇਆ ਜਾਂਦਾ ਹੈ।