Punjab

ਸਿੱਧੂ ਨੂੰ ਸ ਜ਼ਾ ਦਾ ਐਲਾਨ ਹੋਣ ਤੋਂ ਬਾਅਦ ਵੱਖੋ-ਵੱਖ ਲੀਡਰਾਂ ਦੇ ਪ੍ਰਤੀਕਰਮ

‘ਦ ਖ਼ਾਲਸ ਬਿਊਰੋ : ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਣਾਈ ਗਈ ਸਜ਼ਾ ਤੇ ਦੁੱਖ ਜਤਾਇਆ ਹੈ ਤੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਸਿੱਧੂ ਨੂੰ ਸੁਣਾਈ ਗਈ ਸਜ਼ਾ ਤੋਂ ਉਹ ਬਹੁਤ ਦੁਖੀ ਹਨ।ਹਾਲਾਂਕਿ ਉਸਨੇ ਅਦਾਲਤ ਦੇ ਫ਼ੈਸਲੇ ਨੂੰ ਕਬੂਲਿਆ ਹੈ ਪਰ ਇੱਥੇ ਹਜ਼ਾਰਾਂ ਅਸਲ ਕਾਨੂੰਨ ਤੋੜਨ ਵਾਲੇ ਅਤੇ ਭ੍ਰਿ ਸ਼ਟ ਸਿਆਸਤਦਾਨ ਅਤੇ ਤਾਕਤਵਰ ਨੌਕਰਸ਼ਾਹ ਹਨ,ਜਿਹਨਾਂ ਨੂੰ ਸ ਜ਼ਾ ਨਹੀਂ ਮਿਲੀ ਹੈ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਇਸ ਮਾਮਲੇ ਸੰਬੰਧੀ ਬਿਆਨ ਸਾਹਮਣੇ ਆਇਆ ਹੈ ।ਉਹਨਾਂ ਕੁਝ ਨਿਜੀ ਚੈਨਲਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਅੱਜ ਨਿਆਂ ਦਿੱਤਾ ਹੈ। ਪੀੜ ਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।

ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੋਈ ਸਜ਼ਾ ‘ਤੇ ਪੀੜਿਤ ਪਰਿਵਾਰ ਨੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਅੱਜ ਇਨਸਾਫ਼ ਮਿਲਿਆ ਹੈ ਤੇ ਅਸੀਂ ਅਦਾਲਤ ਦੇ ਫ਼ੈਸਲੇ ਤੋਂ ਸੰਤੁਸ਼ਟ ਹਾਂ।ਰੱਬ ਦੇ ਘਰ ਦੇਰ ਹੈ,ਹਨੇਰ ਨਹੀਂ।ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਅਸੀਂ ਇਨਸਾਫ਼ ਲਈ ਬਹੁਤ ਲੰਬੀ ਲੜਾਈ ਲੜੀ ਹੈ।ਸੁਪਰੀਮ ਕੋਰਟ ਨੇ ਪਹਿਲਾਂ ਸਾਨੂੰ ਨਿਰਾਸ਼ ਕੀਤਾ ਸੀ ਪਰ ਹੁਣ ਇਸ ਮਾਮਲੇ ਵਿੱਚ ਇਨਸਾਫ਼ ਹੋਇਆ ਹੈ।

ਨਵਜੋਤ ਸਿੰਘ ਸਿੱਧੂ ਨੂੰ ਹੋਈ ਸਜ਼ਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਤੇ ਵਰਦਿਆਂ ਕਿਹਾ ਹੈ ਕਿ ਇਹ ਬੰਦਾ ਅੱਜ ਤੱਕ ਕਿਸੇ ਦਾ ਵਫ਼ਾਦਾਰ ਨਹੀਂ ਬਣਿਆ ਹੈ।ਜਿਵੇਂ ਹਾਥੀ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਨੇ ,ਇਸੇ ਤਰਾਂ ਇਹ ਬੰਦਾ ਗੱਲਾਂ ਤਾਂ ਬੜੀਆਂ ਕਰਦਾ ਸੀ ਪਰ ਕਿਰਦਾਰ ਸਹੀ ਨਹੀਂ ਸੀ।ਮੈਨੂੰ ਨਫ਼ਰਤ ਹੈ ਇਸ ਤਰਾਂ ਦੇ ਬੰਦੇ ਤੋਂ ,ਜੋ ਗੱਲਾਂ ਤਾਂ ਬੜੀਆਂ ਕਰਦੇ ਹਨ ਪਰ ਸਭ ਤੋਂ ਮਾੜਾ ਕਿਰਦਾਰ ਉਹਨਾਂ ਦਾ ਹੁੰਦਾ।

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਹੋਰ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਕਾਇਮ ਰੱਖਿਆ ਹੈ ਤੇ ਸਿੱਧੂ ਨੂੰ ਜੋ ਵੀ ਸਜ਼ਾ ਮਿਲੀ ਹੈ ,ਬਹੁਤ ਵਧੀਆ ਹੋਇਆ ਹੈ ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਦੇ ਗ੍ਰਿਫ਼ਤਾਰ ਹੋਣ ਨਾਲ ਕੋਈ ਫ਼ਰਕ ਨਹੀਂ ਪੈਣਾ।ਇਸ ਨੂੰ ਸਜ਼ਾ ਹੋਣ ਨਾਲ ਪਰਿਵਾਰ ਨੂੰ ਜ਼ਰੂਰ ਇਨਸਾਫ਼ ਮਿਲਿਆ ਹੈ।ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਰਗਿਆਂ ਨੂੰ ਜੇਲ੍ਹ ਹੋ ਸਕਦੀ ਹੈ ਤਾਂ ਇਹਨੂੰ ਵੀ ਜਾਣਾ ਪੈਣਾ।ਜੇਲਾਂ ਬਹੁਤ ਸੋਹਣੀਆਂ ਬਣ ਗਈਆਂ ਹਨ,ਉਸ ਨੂੰ ਕੋਈ ਔਖਾ ਨਹੀਂ ਹੋਵੇਗਾ।

ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਹੁਣ ਇਸ ਮਾਮਲੇ ‘ਤੇ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਰੰਧਾਵਾ ਨੇ ਕਿਹਾ-ਸਾਡੇ ਲੋਕ ਗੰਭੀਰ ਲੋਕਾਂ ਨੂੰ ਨੇਤਾ ਨਹੀਂ ਸਮਝਦੇ ਅਤੇ ਅਜਿਹੇ ਵੱਡੇ ਡਰਾਮੇਬਾਜ਼ਾਂ ਨੂੰ ਵੱਡੇ ਨੇਤਾ ਸਮਝਦੇ ਹਨ, ਇਹੀ ਪੰਜਾਬ ਅਤੇ ਦੇਸ਼ ਦੀ ਬਦਕਿਸਮਤੀ ਹੈ।
ਉਨ੍ਹਾਂ ਕਿਹਾ- ਅੱਜ ਤੱਕ ਸਾਨੂੰ ਇਤਿਹਾਸ ‘ਚ ਅਜਿਹਾ ਲੀਡਰ ਨਹੀਂ ਮਿਲਿਆ, ਜੋ ਇਕ ਹੀ ਟਾਹਣੀ ‘ਤੇ ਬੈਠ ਕੇ ਉਸ ਨੂੰ ਕੱਟਦਾ ਰਹੇ। ਮੈਂ ਰਾਹੁਲ ਗਾਂਧੀ ਨੂੰ ਕਿਹਾ ਕਿ ਸੁਨੀਲ ਜਾਖੜ ਅਤੇ ਸਿੱਧੂ ਸਾਹਿਬ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿਓ, ਸ਼ਾਇਦ ਸਾਡੀਆਂ 3-4 ਸੀਟਾਂ ਵੱਧ ਜਾਣਗੀਆਂ। ਪੰਜਾਬ ਵਿੱਚ ਅੱਜ ਕਾਂਗਰਸ ਨੂੰ ਦੋ ਝਟਕੇ ਲੱਗੇ ਹਨ। ਇੱਕ ਪਾਸੇ ਜਿੱਥੇ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਹੋਈ ਹੈ, ਉੱਥੇ ਹੀ ਦੂਜੇ ਪਾਸੇ ਇੱਕ ਹੋਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜਾਖੜ ਕਾਂਗਰਸ ਪਾਰਟੀ ਤੋਂ ਨਾਰਾਜ਼ ਸਨ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੁਪਰੀਮ ਕੋਰਟ ਵੱਲੋਂ ਸਿੱਧੂ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ ਚ ਕਿਹਾ ਹੈ ਕਿ ਇਸ ਬਾਰੇ ਸਿੱਧੂ ਨੇ ਇੱਕਵਾਰ ਇੱਕ ਟੀ ਵੀ ਚੈਨਲ ਤੇ ਕਬੂਲ ਵੀ ਕੀਤਾ ਸੀ ਕਿ ਉਸ ਨੇ ਇਸ ਬੰਦੇ ਦੇ ਮੁੱਕਾ ਮਾਰਿਆ ਸੀ।ਉਹਨਾਂ ਕਿਹਾ ਕਿ ਪੀੜਤ ਪਰਿਵਾਰ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ।ਭਾਵੇਂ ਸਜ਼ਾ ਬਹੁਤ ਘੱਟ ਹੈ ਪਰ ਇਸ ਨੂੰ ਸਜ਼ਾ ਮਿਲਣ ਨਾਲ ਲੋਕਾਂ ਵਿੱਚ ਸੰਦੇਸ਼ ਜਾਏਗਾ ਕਿ ਵੱਡੇ ਤੋਂ ਵੱਡੇ ਆਦਮੀ ਨੂੰ ਵੀ ਸਜ਼ਾ ਹੋ ਸਕਦੀ ਹੈ।ਜੇਕਰ ਸਿੱਧੂ ਨੂੰ ਸਜ਼ਾ ਨਾ ਮਿਲਦੀ ਤਾਂ ਪਰਿਵਾਰ ਤੇ ਦੇਸ਼ ਦੇ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠ ਜਾਣਾ ਸੀ ਕਿਉਂਕਿ ਸਿੱਧੂ ਨੇ ਸ਼ਰੇਆਮ ਟੀਵੀ ਤੇ ਇਹ ਗੁਨਾਹ ਕਬੂਲਿਆ ਸੀ ।ਉਸ ਨੂੰ ਸਜ਼ਾ ਮਿਲਣ ਤੇ ਇਹ ਤਾਂ ਸਾਬਿਤ ਹੋ ਗਿਆ ਹੈ ਕਿ ਸਿੱਧੂ ਇੱਕ ਕਾਤਲ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਨੇ ਸਿੱਧੂ ਮਾਮਲੇ ਤੇ ਕਿਹਾ ਹੈ ਕਿ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਹੈ ਪਰ ਜੇਕਰ ਸਿੱਧੂ ਦੀ ਜਗਾ ਕਿਸੇ ਹੋਰ ਨੂੰ ਸਜ਼ਾ ਹੋਈ ਹੁੰਦੀ ਤਾਂ ਉਸ ਨੇ ਤਾਲੀ ਠੋਕਣੀ ਸੀ ਤੇ ਪਤਾ ਨੀ ਕਿ ਬੋਲ ਦੇਣਾ ਸੀ।ਸਿੱਧੂ ਤੇ ਵਰਦਿਆਂ ਉਹਨਾਂ ਕਿਹਾ ਕਿ ਇਹ ਸਾਡਾ ਇਸ ਤਰਾਂ ਦਾ ਪ੍ਰਧਾਨ ਸੀ ਜਿਸ ਨੇ ਆਪਣੇ ਹਲਕੇ ਤੋਂ ਇਲਾਵਾ ਹੋਰ ਕਿਸੇ ਵੀ ਪਾਸੇ ਦਾ ਦੌਰਾ ਨਹੀਂ ਸੀ ਕੀਤਾ ।ਉਹਨਾਂ ਇਹ ਵੀ ਕਿਹਾ ਕਿ ਸਿੱਧੂ ਨੂੰ ਹੁਣ ਆਪਣੇ ਕੀਤੇ ਕੰਮਾਂ ਦਾ ਮੰਥਨ ਕਰਨਾ ਚਾਹੀਦਾ ਹੈ ।ਸਭ ਦੀਆਂ ਕੀਤੀਆਂ ਅੱਗੇ ਆ ਜਾਂਦੀਆਂ ਹਨ ।ਪਰਿਵਾਰ 34 ਸਾਲ ਤੋਂ ਇਨਸਾਫ਼ ਦੀ ਉਡੀਕ ਕਰ ਰਿਹਾ ਸੀ ਤੇ ਸਹੀ ਇਨਸਾਫ਼ ਹੋਇਆ ਹੈ।ਭਾਵੇਂ ਸਜ਼ਾ ਥੋੜੇ ਸਮੇਂ ਦੀ ਮਿਲੀ ਹੈ ਪਰ ਸਜ਼ਾ ਤਾਂ ਸਜ਼ਾ ਹੈ।

ਸਿੱਧੂ ਨੂੰ ਸਜ਼ਾ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਤੰਜ ਕੱਸਦਿਆਂ ਸਿਰਫ਼ ਦੋ ਸ਼ਬਦਾਂ ਦਾ ਟਵੀਟ ਕੀਤਾ ਹੈ,ਜਿਸ ਦੀ ਵਰਤੋਂ ਅਕਸਰ ਸਿੱਧੂ ਵਲੋਂ ਕੀਤੀ ਜਾਂਦੀ ਸੀ ।

ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਪ ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅਦਾਲਤ ਦਾ ਫ਼ੈਸਲਾ ਮੰਨਣਾ ਚਾਹੀਦਾ ਹੈ।ਮਾਨਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਸਾਡੇ ਸਿਰ-ਮੱਥੇ ਹੋਣਾ ਚਾਹੀਦਾ ਹੈ ।ਪੀੜ੍ਹਤ ਪਰਿਵਾਰ ਨਾਲ ਇਨਸਾਫ਼ ਹੋਇਆ ਹੈ ,ਭਾਵੇਂ ਦੇਰ ਨਾਲ ਸਹੀ।ਦੇਰ ਆਏ,ਦਰੁਸਤ ਆਏ।