ਮੁਹਾਲੀ : ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਡਿਪਟੀ ਵੋਹਰਾ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਵੋਹਰਾ ਦੀ ਗੱਡੀ ਪਿੰਡ ਲਿੱਧੜਾਂ ਨੇੜੇ ਪਿੱਲਰ ਨਾਲ ਟਕਰਾਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ।
ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੂੰ ਆਪਣੇ ਮੈਨੇਜਰ ਡਿਪਟੀ ਵੋਹਰਾ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ। ਇਸ ਤੇ ਉਨ੍ਹਾਂ ਵੱਲੋਂ ਆਪਣੇ ਮੈਨੇਜਰ ਨਾਲ ਪੁਰਾਣੇ ਦਿਨਾਂ ਦੀ ਖਾਸ ਤਸਵੀਰ ਸ਼ੇਅਰ ਕਰ ਸੋਗ ਪ੍ਰਗਟ ਕੀਤਾ ਗਿਆ ਹੈ।
ਰਣਜੀਤ ਬਾਵਾ ਵੱਲੋਂ ਡਿਪਟੀ ਵੋਹਰਾ ਨਾਲ ਆਪਣੇ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਆਪਣੇ ਅਧਿਕਾਰ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕਰ ਉਨ੍ਹਾਂ ਲਿਖਿਆ, ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ ਬਹੁਤ ਅੱਗੇ ਜਾਣਾ ਸੀ ਸਾਡੀ ਵੀਹ ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ ਮੈ ਕਿੱਥੌਂ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ ਅਲਵਿਦਾ ਭਰਾ ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ…
ਜਾਣਕਾਰੀ ਅਨੁਸਾਰ ਬੀਤੇ ਦਿਨ ਰਣਜੀਤ ਬਾਵਾ ਦੇ ਸ਼ੋਅ ਦੀ ਸਮਾਪਤੀ ਮਗਰੋਂ ਡਿਪਟੀ ਵੋਹਰਾ ਆਪਣੇ ਘਰ ਬਟਾਲਾ ਵਿਖੇ ਆ ਰਿਹਾ ਸੀ। ਇਸ ਦੌਰਾਨ ਰਾਤ ਸਾਢੇ 10 ਵਜੇ ਦੇ ਕਰੀਬ ਉਸ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ ਉਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਮਕਸੂਦਾਂ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਪੀਏ ਦੇ ਰਿਸ਼ਤੇਦਾਰਾਂ ਨੂੰ ਇਸ ਹਾਦਸੇ ਦੀ ਸੂਚਨਾ ਦੇ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਥਾਣਾ ਮਕਸੂਦਾਂ ਦੇ ASI ਕੁਲਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਬਾਰੇ ਵਿੱਚ ਉਨ੍ਹਾਂ ਨੂੰ ਫ਼ੋਨ ‘ਤੇ ਸੂਚਨਾ ਮਿਲੀ ਸੀ । ਸੂਚਨਾ ਦੇਣ ਵਾਲੇ ਨੇ ਦੱਸਿਆ ਕਿ ਲਿੱਧੜਾਂ ਪੁਲ ‘ਤੇ ਕਾਰ ਹਾਦਸਾਗ੍ਰਸਤ ਹੋ ਗਈ । ਉਹ ਤੁਰੰਤ ਸਟਾਫ਼ ਨਾਲ ਮੌਕੇ ‘ਤੇ ਪਹੁੰਚ ਗਏ । ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕਾਰ ਵਿੱਚ ਸਵਾਰ ਪੰਜਾਬੀ ਗਾਇਕ ਦੇ ਪੀਏ ਦੀ ਮੌਤ ਹੋ ਗਈ ਹੈ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਕਾਰ ਸ਼ਾਇਦ ਪਿੱਲਰ ਨਾਲ ਟਕਰਾਈ ਹੋ ਸਕਦੀ ਹੈ, ਪਰ ਇਸ ਨੂੰ ਯਕੀਨੀ ਨਹੀਂ ਮੰਨਿਆ ਜਾ ਸਕਦਾ ਹੈ । ਹੋ ਸਕਦਾ ਹੈ ਕਿ ਪਹਿਲਾਂ ਕਿਸੇ ਵਾਹਨ ਨੇ ਟੱਕਰ ਮਾਰੀ ਹੋਵੇ ਅਤੇ ਫਿਰ ਕਾਰ ਪਿੱਲਰ ਨਾਲ ਟਕਰਾ ਗਈ ਹੋਵੇ । ਉਨ੍ਹਾਂ ਕਿਹਾ ਕਿ ਹੁਣ ਉਹ ਇਸ ਦੀ ਜਾਂਚ ਕਰ ਰਹੇ ਹਨ । ਜਾਂਚ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਕਿ ਹਾਦਸਾ ਕਿਸ ਕਾਰਨ ਹੋਇਆ।