Khetibadi Punjab

ਬਰਨਾਲਾ : ਮੱਛੀ ਪਾਲਨ ‘ਚ ਲਾਈ ਅਜਿਹੀ ਜੁਗਤ, ਬਿਨਾਂ ਖ਼ਰਚੇ ਹੀ 10 ਲੱਖ ਸਾਲਾਨਾ ਲੱਗਾ ਕਮਾਉਣ

fish farming, barnala, agricultural news, progressive farming

ਭਦੌੜ : ਬਰਨਾਲਾ (Barnala) ਜ਼ਿਲ੍ਹਾ ਕਸਬਾ ਭਦੌੜ ਪਿੰਡ ਅਲਕੜੇ ਦੇ ਦੋ ਭਰਾ ਮਨਜੀਤ ਸਿੰਘ ਤੇ ਚਮਕੌਰ ਸਿੰਘ ਦੀ ਚਾਰੇ ਪਾਸੇ ਚਰਚਾ ਹੈ। ਉਨ੍ਹਾਂ ਨੇ ਮੱਛੀ ਪਾਲਨ(fish farming) ਦੇ ਕੰਮ ਵਿੱਚ ਐਸੀ ਜੁਗਤ ਲਾਈ ਕਿ ਬਿਨਾਂ ਖ਼ਰਚੇ ਤੋਂ ਚੋਖੀ ਆਮਦਨ ਹੋਣ ਲੱਗੀ ਹੈ। ਜ਼ਿਲ੍ਹੇ ਦੇ ਪੁਰਾਣੇ ਮੱਛੀ ਪਾਲਕਾਂ ’ਚ ਸ਼ੁਮਾਰ ਕਿਸਾਨ ਮਨਜੀਤ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਅਲਕੜੇ ਨੇ ਜਦੋਂ ਮੁਰਗ਼ੀ ਪਾਲਨ ਦੀ ਜੁਗਤ ਲਗਾਈ ਤਾਂ ਆਮਦਨ ਹੋਰ ਵਧ ਗਈ ਤੇ ਖ਼ਰਚੇ ਘੱਟ ਗਏ।

ਇਹ ਹੈ ਉਹ ਜੁਗਤ

ਅਸਲ ਵਿੱਚ ਪਹਿਲਾਂ ਢਾਈ ਏਕੜ ਦੀ ਮੱਛੀ ਲਈ ਵੱਖਰੇ ਤੌਰ ਤੋਂ ਖ਼ੁਰਾਕ(ਫੀਡ) ਪਾਉਂਦਾ ਸੀ। ਇਸ ਫੀਡ ਦਾ ਜਿੱਥੇ ਖ਼ਰਚਾ ਹੁੰਦਾ ਸੀ, ਉੱਥੇ ਹੀ ਇਹ ਇੱਕ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ। ਮਨਜੀਤ ਸਿੰਘ ਨੂੰ ਪਤਾ ਲੱਗਾ ਕਿ ਮੁਰਗ਼ੀ ਦੀ ਬਿੱਠ ਮੱਛੀ ਲਈ ਚੰਗੀ ਖ਼ੁਰਾਕ ਹੈ। ਤਾਂ ਉਸ ਨੇ ਹਿਸਾਬ ਲਾ ਕੇ ਢਾਈ ਏਕੜ ਦੀ ਮੱਛੀ ਲਈ ਜਿੰਨੀਆਂ ਬਿੱਠਾਂ ਦੀਆਂ ਲੋੜ ਹੈ, ਉਨ੍ਹੀਆਂ ਹੀ ਮੁਰਗ਼ੀਆਂ ਪਾਲਨ ਲੱਗਾ। ਕਿਸਾਨ ਨੇ ਤਲਾਅ ਵਿਚ ਹੀ ਥੰਮ੍ਹ ਬਣਾ ਕੇ ਪੋਲਟਰੀ ਫਾਰਮ ਬਣਾ ਲਿਆ ਤਾਂ ਜੋ ਮੁਰਗ਼ੀਆਂ ਦੀਆਂ ਬਿੱਠਾਂ ਸਿੱਧੀਆਂ ਪਾਣੀ ਵਿਚ ਜਾ ਸਕਣ ਅਤੇ ਮੱਛੀਆਂ ਦੀ ਖ਼ੁਰਾਕ ਦੀ ਪੂਰਤੀ ਹੋ ਸਕੇ। ਹੁਣ ਮੱਛੀਆਂ ਨੂੰ ਵੱਖਰੀ ਫੀਡ ਪਾਉਣ ਦੀ ਜ਼ਰੂਰਤ ਨਹੀਂ ਪਈ। ਪੋਲਟਰੀ ਫਾਰਮ ਵਿਚ ਕਰੀਬ 1000 ਮੁਰਗ਼ੀਆਂ ਹਨ ਤੇ ਲਗਭਗ ਇੰਨੀ ਹੀ ਖ਼ੁਰਾਕ ਰੋਜ਼ਾਨਾ ਮੱਛੀਆਂ ਨੂੰ ਲੋੜੀਂਦੀ ਹੈ।

ਦਸ ਲੱਖ ਸਾਲਾਨਾ ਕਮਾਈ

ਮਨਜੀਤ ਸਿੰਘ ਨੇ ਦੱਸਿਆ ਕਿ ਉਹ 100 ਰੁਪਏ ਪ੍ਰਤੀ ਹਜ਼ਾਰ ਦੀ ਦਰ ਨਾਲ ਮੱਛੀ ਦਾ ਪੂੰਗ ਸਰਕਾਰੀ ਪੂੰਗ ਫਾਰਮ ਸੰਗਰੂਰ ਤੋਂ ਖ਼ਰੀਦ ਦੇ ਹਨ, ਜੋ ਕਿ ਹਰੇਕ ਸਾਲ ਤਲਾਅ ’ਚ ਪਾਉਂਦੇ ਹਨ ਤੇ ਹਰੇਕ ਸਾਲ 70 ਤੋਂ 80 ਕੁਇੰਟਲ ਮੱਛੀ ਦੀ ਵਿੱਕਰੀ ਫਾਰਮ ਤੋਂ ਹੀ ਹੋ ਜਾਂਦੀ ਹੈ ਤੇ ਸਾਲਾਨਾ ਕਰੀਬ 8 ਲੱਖ ਦੀ ਕਮਾਈ ਹੁੰਦੀ ਹੈ। ਇਸ ਤੋਂ ਇਲਾਵਾ ਮੁਰਗ਼ੀਆਂ ਦੇ ਅੰਡਿਆਂ ਤੇ ਮੀਟ ਤੋਂ ਕਰੀਬ 2 ਲੱਖ ਦੀ ਸਾਲਾਨਾ ਕਮਾਈ ਹੁੰਦੀ ਹੈ। ਉਸ ਨੇ ਦੱਸਿਆ ਕਿ ਨਾਲ ਹੀ ਉਹ ਪਸ਼ੂ ਪਾਲਨ ਦਾ ਕਿੱਤਾ ਵੀ ਕਰਦੇ ਹਨ। ਉਨ੍ਹਾਂ ਕੋਲ ਕਰੀਬ 20 ਮੱਛਾਂ ਹਨ। ਉਹ ਇਸ ਧੰਦੇ ਤੋਂ ਵੀ ਚੰਗੀ ਕਮਾਈ ਕਰ ਲੈਂਦੇ ਹਨ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਕਿਸਾਨ ਖੇਤੀ ਕਰਦਾ ਹੈ, ਉਹ ਸਹਾਇਕ ਧੰਦੇ ਕਰ ਕੇ ਚੋਖੀ ਕਮਾਈ ਵੀ ਕਰ ਸਕਦਾ ਹੈ। ਬਸ ਲੋੜ ਸਮਝਦਾਰੀ ਨਾਲ ਚੱਲਣ ਦੀ ਹੈ।

ਮੰਡੀਕਰਨ ਦੀ ਕੋਈ ਟੈਨਸ਼ਨ ਨਹੀਂ

ਕਿਸਾਨ ਮਨਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਮੱਛੀ ਪਾਲਨ ਵਿੱਚ ਮੰਡੀਕਰਨ ਦੀ ਕੋਈ ਟੈਨਸ਼ਨ ਨਹੀਂ ਹੈ। ਹਾਲਤ ਇਹ ਹੈ ਕਿ ਮੱਛੀ ਮਹੀਨੇ ਬਾਅਦ ਕਢਵਾਉਣੀ ਹੁੰਦੀ ਹੈ ਪਰ ਉਸ ਨੂੰ ਹਰ ਰੋਜ਼ ਹੀ ਫ਼ੋਨ ਆਉਂਦੇ ਹਨ। ਵਪਾਰੀ ਖ਼ੁਦ ਹੀ ਉਸ ਦੇ ਫਾਰਮ ਉੱਤੇ ਮਹੀਨੇ ਬਾਅਦ ਮੱਛੀ ਕੱਢ ਕੇ ਲੈ ਜਾਂਦਾ ਹੈ ਅਤੇ ਪੈਸੇ ਨਗਦ ਦੇ ਜਾਂਦਾ ਹੈ। ਕਿਸਾਨ ਨੇ ਦੱਸਿਆ ਕਿ ਉਸ ਨੇ ਕਰੀਬ 25 ਸਾਲ ਪਹਿਲਾਂ ਮੱਛੀ ਪਾਲਨ ਦਾ ਧੰਦਾ ਸ਼ੁਰੂ ਕੀਤਾ ਤੇ ਉਸ ਸਮੇਂ ਮੱਛੀ ਪਾਲਨ ਵਿਭਾਗ ਸੰਗਰੂਰ ਤੋਂ ਸਿਖਲਾਈ ਲਈ ਤੇ ਸਬਸਿਡੀ ਵੀ ਹਾਸਲ ਕੀਤੀ। ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਢਾਈ ਏਕੜ ਵਿਚ ਮੱਛੀ ਤਲਾਅ ਬਣਾਇਆ ਤੇ ਸਰਕਾਰੀ ਪੂੰਗ ਫਾਰਮ ਸੰਗਰੂਰ ਤੇ ਬੇਨੜਾ (ਸੰਗਰੂਰ) ਤੋਂ ਪੂੰਗ ਲਿਆਉਂਦਾ ਹੈ।

ਤਲਾਅ ਦਾ ਜੈਵਿਕ ਖਾਧ ਵਾਲਾ ਪਾਣੀ ਫ਼ਸਲਾਂ ਲਈ ਬਣਿਆ ਵਰਦਾਨ

ਤਲਾਅ ਦਾ ਜੈਵਿਕ ਖਾਧ ਵਾਲਾ ਪਾਣੀ ਫ਼ਸਲਾਂ ਨੂੰ ਸਿੰਜਾਈ ਲਈ ਵਰਤਦੇ ਹਾਂ, ਜਿਸ ਨਾਲ ਰੇਆਂ-ਸਪਰੇਆਂ ਦੀ ਘੱਟ ਲੋੜ ਪੈਂਦੀ ਹੈ ਤੇ ਝਾੜ ਵੱਧ ਨਿਕਲਦਾ ਹੈ। ਉਹ ਕਰੀਬ 18 ਕਿੱਲੇ ਆਪਣੀ ਜ਼ਮੀਨ ਅਤੇ 60 ਕਿੱਲੇ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ। ਕਿਸਾਨ ਮਨਜੀਤ ਸਿੰਘ ਵੱਲੋਂ ਤਲਾਅ ਵਿਚ ਆਕਸੀਜਨ ਦੀ ਮਾਤਰਾ ਸਥਿਰ ਰੱਖਣ ਲਈ ਰੋਜ਼ਾਨਾ ਸਵੇਰੇ ਕਰੀਬ ਇੱਕ ਘੰਟਾ ਏਰੀਏਟਰ ਚਲਾਇਆ ਜਾਂਦਾ ਹੈ, ਜਿਸ ਨਾਲ ਆਕਸੀਜਨ ਦੀ ਕਮੀ ਦੀ ਦਿੱਕਤ ਪੇਸ਼ ਨਹੀਂ ਆਉਂਦੀ।

ਹਰ ਚੀਜ਼ ਖ਼ਰੀਦੀ ਨਗਦ

ਦੋਵੇਂ ਭਰਾ ਸ਼ੁਰੂ ਤੋਂ ਹੀ ਇਕੱਠੇ ਮਿਲ ਕੇ ਖੇਤੀ ਕਰ ਰਹੇ ਹਨ। ਇੰਨੀ ਸਮਝਦਾਰੀ ਨਾਲ ਖੇਤੀ ਕੀਤੀ ਕਿ ਅੱਜ ਤੱਕ ਕੋਈ ਵੀ ਚੀਜ਼ ਕਰਜ਼ਾ ਚੁੱਕੇ ਕੇ ਨਹੀਂ ਖ਼ਰੀਦੀ।  ਕੋਠੀ ਤੋਂ ਲੈ ਕੇ ਟਰੈਕਟਰ , ਗੱਡੀ ਹਰ ਚੀਜ਼ ਨਗਦ ਖ਼ਰੀਦੀ ਹੈ। ਉਨ੍ਹਾਂ ਕੋਲ ਖੇਤੀ ਲਈ ਸਾਰੇ ਸੰਦ ਹਨ। ਇੱਥੋਂ ਤੱਕ ਕੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਬਿਨਾਂ ਕਰਜ਼ਾ ਚੁੱਕ ਕੇ ਪੜਾਈ ਲਈ ਵਿਦੇਸ਼ ਭੇਜਿਆ ਹੈ। ਸਿਰ ਉੱਤੇ ਕਰਜ਼ੇ ਦੀ ਭੰਡ ਨਾ ਹੋਣ ਕਾਰਨ ਉਸ ਸੁਖ ਦੀ ਨੀਂਦ ਸੌਂਦੇ ਹਨ।

ਸਿਖਲਾਈ ਲੈਣ ਆਉਂਦੇ ਕਿਸਾਨ

ਇਨ੍ਹਾਂ ਭਰਾਵਾਂ ਦਾ ਮੱਛੀ ਪਾਲਨ ਦਾ ਕੰਮ ਇਸ ਕਦਰ ਫੈਲ ਗਿਆ ਕਿ ਅੱਜ ਦੂਰ ਦੂਰ ਤੋਂ ਕਿਸਾਨ ਉਸ ਦੇ ਫਾਰਮ ਨੂੰ ਦੇਖਣ ਆਉਂਦੇ ਹਨ। ਮੱਛੀ ਪਾਲਨ ਵਿਭਾਗ ਵੀ ਸਿੱਖਿਆਰਥੀਆਂ ਨੂੰ ਉਸ ਦੇ ਖੇਤ ਦਾ ਦੌਰਾ ਕਢਵਾਉਂਦਾ ਹੈ। ਕਿਸਾਨ ਮਨਜੀਤ ਸਿੰਘ ਨੂੰ ਇਸ ਕੰਮ ਲਈ ਕਈ ਇਨਾਮ ਵੀ ਮਿਲ ਚੁੱਕੇ ਹਨ। ਦੋਵੇਂ ਕਿਸਾਨ ਹੋਰਨਾਂ ਲਈ ਮਿਸਾਲ ਹਨ ਜਿਨ੍ਹਾਂ ਨੇ ਢਾਈ ਦਹਾਕਿਆਂ ਤੋਂ ਮੱਛੀ ਪਾਲਨ ਦਾ ਸਹਾਇਕ ਕਿੱਤਾ ਅਪਣਾਇਆ ਹੋਇਆ ਹੈ ਤੇ ਹੁਣ ਮੁਰਗ਼ੀ ਪਾਲਨ, ਪਸ਼ੂ ਪਾਲਨ ਅਪਣਾ ਕੇ ਸੰਯੁਕਤ ਖੇਤੀ ਕਰ ਰਹੇ ਹਨ।