Punjab

ਰਾਜੇਵਾਲ ਨੇ ਤੀਜੇ ਘਰ ਕੁੰਡਾ ਖੜਕਾਇਆ

‘ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਚੋਣਾਂ ਜਿੱਤਣ ਲਈ ਇੰਨੇ ਉਤਾਵਲੇ ਦਿਸ ਰਹੇ ਹਨ ਕਿ ਉਹ ਗੱਠਜੋੜ ਲਈ ਨਿੱਤ ਨਵੇਂ ਦਰ ਜਾ ਕੇ ਕੁੰਡਾ ਖੜਕਾਉਣ ਲੱਗੇ ਹਨ। ਅੱਜ ਉਨ੍ਹਾਂ ਦੀ ਜੂਝਦਾ ਪੰਜਾਬ ਦੇ ਆਗੂਆਂ ਨਾਲ ਚੰਡੀਗੜ੍ਹ ਦੇ ਸੈਕਟਰ 28 ਵਿੱਚ ਰਲ ਕੇ ਚੋਣਾਂ ਲੜਨ ਉੱਤੇ ਵਿਚਾਰ ਕਰਨ ਲਈ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵੇਰਵੇ ਹਾਲੇ ਤੱਕ ਪ੍ਰਾਪਤ ਨਹੀਂ ਹੋਏ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਰਾਜੇਵਾਲ ਮੁੱਢਲੀ ਗੱਲ ਮੁਕਾ ਕੇ ਬਾਕੀ ਦੀਆਂ ਗੱਲਾਂ ਤੈਅ ਕਰਨ ਲ਼ਈ ਆਪਣੇ ਸਾਥੀਆਂ ਨੂੰ ਅਧਿਕਾਰ ਦੇ ਗਏ।

ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੋਣਾਂ ਲੜਨ ਦਾ ਐਲਾਨ ਕਰਨ ਦੇ ਅਗਲੇ ਦਿਨ ਹੀ ਆਮ ਆਦਮੀ ਪਾਰਟੀ ਨਾਲ ਮੀਟਿੰਗਾਂ ਕੀਤੀਆਂ ਗਈਆਂ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹੱਥ ਨਾ ਫੜਾਉਣ ਉੱਤੇ ਗੱਲ ਸਿਰੇ ਚੜਨ ਤੋਂ ਪਹਿਲਾਂ ਹੀ ਟੁੱਟ ਗਈ। ਸੂਤਰਾਂ ਦਾ ਦਾਅਵਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਮੁਕਤੀ ਮੋਰਚਾ ਨਾਲ ਵੀ ਚੋਣ ਗੱਠਜੋੜ ਦੀ ਗੱਲ ਸ਼ੁਰੂ ਕੀਤੀ ਗਈ ਹੈ। ਪੰਜਾਬ ਮੁਕਤੀ ਮੋਰਚਾ ਅਤੇ ਲੋਕ ਅਧਿਕਾਰ ਲਹਿਰ ਦੇ ਆਗੂਆਂ ਨਾਲ ਅੱਜ ਤੀਜੇ ਦਿਨ ਵੀ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਮੋਰਚੇ ਅਤੇ ਲਹਿਰ ਨਾਲ ਗੱਲ ਹਾਲੇ ਕਿਸੇ ਸਿਰੇ ਕੰਢੇ ਨਹੀਂ ਲੱਗੀ ਕਿ ਬਲਬੀਰ ਸਿੰਘ ਰਾਜੇਵਾਲ ਨੇ ਜੂਝਦਾ ਪੰਜਾਬ ਨਾਲ ਰਲ ਕੇ ਚੋਣ ਲੜਨ ਦੀ ਗੱਲ ਛੇੜ ਲਈ ਹੈ। ਉਂਝ ਜੂਝਦਾ ਪੰਜਾਬ ਵੱਲੋਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਸੀ। ਮੀਟਿੰਗ ਵਿੱਚ ਜੂਝਦਾ ਪੰਜਾਬ ਵੱਲੋਂ ਗਾਇਕ ਬੱਬੂ ਮਾਨ ਅਤੇ ਅਮਿਤੋਜ ਮਾਨ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਹੈ।