India

ਵੋਟਿੰਗ ਲਈ ਵਧਾਇਆ ਗਿਆ ਇੱਕ ਘੰਟਾ, ਸਮੇਂ ਸਿਰ ਚੋਣਾਂ ਚਾਹੁੰਦੀਆਂ ਨੇ ਸਿਆਸੀ ਪਾਰਟੀਆਂ – ਚੋਣ ਕਮਿਸ਼ਨਰ

‘ਦ ਖ਼ਾਲਸ ਬਿਊਰੋ : ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸਾਰੇ ਰਾਜਨੀਤਿਕ ਦਲ ਸਮੇਂ ‘ਤੇ ਚੋਣਾਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ 19 ਦੀ ਸਥਿਤੀ ਨੂੰ ਦੇਖਦਿਆਂ ਸੂਬੇ ਵਿੱਚ ਵੋਟਿੰਗ ਦਾ ਸਮਾਂ ਇੱਕ ਘੰਟੇ ਦੇ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਲਖਨਊ ਵਿੱਚ ਸੁਸ਼ੀਲ ਚੰਦਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕਮਿਸ਼ਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨਾਲ ਗੱਲ ਕੀਤੀ ਹੈ। ਸਾਰੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਚੋਣਾਂ ਤੈਅ ਸਮੇਂ ਵਿੱਚ ਹੀ ਹੋਣ।

ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਜਿਲ ਐਪ ਦਾ ਇਸਤੇਮਾਲ ਕਰਨ ਅਤੇ ਚੋਣਾਂ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ, ਚੋਣ ਜ਼ਾਬਤੇ ਦੀ ਉਲੰਘਣਾ ਦੀ ਜਾਣਕਾਰੀ ਐਪ ਦੇ ਜ਼ਰੀਏ ਚੋਣ ਕਮਿਸ਼ਨ ਨੂੰ ਦੇਣ ਤਾਂ ਜੋ ਉੱਚਿਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਨਿਰਪੱਖ ਚੋਣਾਂ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਾਰੇ ਵੋਟਿੰਗ ਬੂਥਾਂ ‘ਤੇ VVPAT ਮਸ਼ੀਨਾਂ ਲਗਾਈਆਂ ਜਾਣਗੀਆਂ। ਚੋਣ ਪ੍ਰਕਿਰਿਆ ਵਿੱਚ ਪਾਰਦਸ਼ਤਾ ਸੁਨਿਸ਼ਚਿਤ ਕਰਨ ਲਈ ਕਰੀਬ ਇੱਕ ਲੱਖ ਵੋਟਿੰਗ ਬੂਥ ‘ਤੇ ਲਾਈਵ ਵੈਬਕਾਸਟਿੰਗ ਦੀ ਸੁਵਿਧਾ ਉਪਲੱਬਧ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਭਾਗੀਦਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੂੰ ਕਈ ਰਾਜਨੀਤਿਕ ਪਾਰਟੀਆਂ ਨੇ ਰੈਲੀਆਂ ਦੀ ਗਿਣਤੀ ਸੀਮਤ ਕਰਨ ਦਾ ਸੁਝਾਅ ਦਿੱਤਾ।

ਉੱਤਰ ਪ੍ਰਧੇਸ਼ ਵਿੱਚ ਵੋਟਰਾਂ ਦੀ ਗਿਣਤੀ 15 ਕਰੋੜ ਤੋਂ ਜ਼ਿਆਦਾ ਹੈ। ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਜ ਜਨਵਰੀ ਨੂੰ ਫਾਈਨਲ ਵੋਟਰ ਲਿਸਟ ਆਵੇਗੀ। ਯੂਪੀ ਵਿੱਚ 52 ਫ਼ੀਸਦੀ ਨਵੇਂ ਵੋਟਰਜ਼ ਹਨ। ਪਿਛਲੇ ਕੁੱਝ ਦਿਨਾਂ ਤੋਂ ਚੋਣ ਕਮਿਸ਼ਨ ਦੇ ਅਧਿਕਾਰੀ ਉੱਤਰ ਪ੍ਰਦੇਸ਼ ਦੌਰੇ ‘ਤੇ ਹਨ। ਅੱਜ ਇਨ੍ਹਾਂ ਦੇ ਦੌਰੇ ਦਾ ਆਖਰੀ ਦਿਨ ਸੀ।