India Punjab

ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਮੁਸ਼ਕਿਲ ‘ਚ !

ਬਿਊਰੋ ਰਿਪੋਰਟ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ ਗਹਿਲੋਤ ਅਤੇ ਪਾਇਲਟ ਦੀ ਲੜਾਈ ਸੁਲਝਾਉਂਦੇ-ਸੁਲਝਾਉਂਦੇ ਆਪ ਮੁਸੀਬਤ ਵਿੱਚ ਫਸ ਗਏ ਹਨ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਇੱਕ ਬਿਆਨ ਦਿੱਤਾ ਸੀ ਜਿਸ ‘ਤੇ ਕਾਫੀ ਵਿਵਾਦ ਹੋਇਆ ਸੀ । ਇਸ ਬਿਆਨ ਦੀ ਸ਼ਿਕਾਇਤ ਬੀਜੇਪੀ ਵਿਧਾਇਕ ਮਦਨ ਦਿਲਾਵਰ ਨੇ ਕੀਤੀ ਸੀ । ਜਿਸ ‘ਤੇ ਅਦਾਲਤ ਨੇ ਪੁਲਿਸ ਨੂੰ ਮਾਮਲਾ ਦਰਜ ਕਰਕੇ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹਿੰਸਾ ਭੜਕਾਉਣ ਦੀ ਕੋਸ਼ਿਸ਼

ਵਕੀਲ ਮਨੋਜ ਪੁਰਾ ਨੇ ਦੱਸਿਆ ਕਿ 13 ਮਾਰਚ ਨੂੰ ਕਾਂਗਰਸ ਪਾਰਟੀ ਦੀ ਜੈਪੁਰ ਵਿੱਚ ਜਨਸਭਾ ਹੋ ਰਹੀ ਸੀ । ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਸ਼ਣ ਦੌਰਾਨ ਕਿਹਾ ਸੀ ਕਿ ‘ਅਡਾਨੀ ਨੂੰ ਮਾਰਨ ਨਾਲ ਕੁਝ ਨਹੀਂ ਹੋਵੇਗਾ, ਮੋਦੀ ਨੂੰ ਖਤਮ ਕਰਨਾ ਹੋਵੇਗਾ,ਮੋਦੀ ਖਤਮ ਹੋ ਗਿਆ ਤਾਂ ਦੇਸ਼ ਬਚ ਜਾਵੇਗਾ’,ਜੇਕਰ ਮੋਦੀ ਰਿਹਾ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਰੰਧਾਵਾ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਭੀੜ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਹੇਟ ਸਪੀਚ ਦਿੱਤੀ ਸੀ। ਪੀਐੱਮ ਮੋਦੀ ਦੇ ਖਿਲਾਫ ਲੋਕਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਕਤਲ ਕਰਨ ਲਈ ਉਕਸਾਇਆ ਸੀ,ਕੌਮੀ ਏਕਤਾ ਅਤੇ ਭਾਈਚਾਰੇ ਨੂੰ ਭੰਗ ਕਰਨ ਅਤੇ ਲੋਕਾਂ ਵਿੱਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ,ਜੋ IPC ਦੀ ਧਾਰਾ 153 B,124 A, 295 A, 504, 506, 511 ਅਧੀਨ ਹੈ ।

ਬੀਜੇਪੀ ਦੇ ਆਗੂ ਮਦਨ ਦਿਲਾਵਰ ਦੇ ਵਕੀਲ ਨੇ ਦੱਸਿਆ ਕਿ ਮਾਰਚ ਵਿੱਚ ਮਹਾਵੀਰ ਨਗਰ ਥਾਣੇ ਵਿੱਚ ਰੰਧਾਵਾ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ ਸੀ,ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ,ਫਿਰ ਦਿਲਾਵਰ ਵੱਲੋਂ ਕੋਟਾ ਮੁੱਖ ਮੈਜੀਸਟਰੇਟ ਦੀ ਅਦਾਲਤ ਵਿੱਚ ਰੰਧਾਵਾ ਦੇ ਖਿਲਾਫ਼ ਪਟੀਸ਼ਨ ਪਾਈ ਗਈ ਸੀ। ਕੋਰਟ ਨੇ ਸੁਣਵਾਈ ਤੋਂ ਬਾਅਦ ਸੋਮਵਾਰ ਨੂੰ ਮਹਾਵੀਰ ਨਗਰ ਪੁਲਿਸ ਨੂੰ ਦਿਵਾਵਰ ਦੀ ਅਰਜ਼ੀ ‘ਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ।