ਬਿਉਰੋ ਰਿਪੋਰਟ : ਦਿੱਲੀ ਵਿੱਚ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਤਾਂ ਵੱਡੀ ਗਿਣਤੀ ਵਿੱਚ ਪੰਜਾਬੀ ਗਾਇਕਾਂ,ਕਲਾਕਾਰਾਂ ਨੇ ਮੋਰਚੇ ਨੂੰ ਆਪਣੀ ਹਮਾਇਤ ਦਿੱਤੀ ਸੀ । ਪਰ ਮੋਹਾਲੀ ਅਤੇ ਚੰਡੀਗੜ੍ਹ ਦੇ ਬਾਰਡਰ ‘ਤੇ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪੰਜਾਬੀ ਫਿਲਮ ਸਨਅਤ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਹੈ । ਕੰਵਰ ਗਰੇਵਾਲ ਤੋਂ ਇਲਾਵਾ ਇੱਕ ਵੀ ਗਾਇਕ,ਅਦਾਕਾਰ ਮੋਰਚੇ ਵਿੱਚ ਨਹੀਂ ਪਹੁੰਚਿਆ ਹੈ। ਇਸ ਲਈ ਮੋਰਚੇ ਦੇ ਨੌਜਵਾਨ ਆਗੂਆਂ ਨੇ ਹੁਣ ਆਪ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਜਾਕੇ ਵੰਗਾਰ ਲਗਾਈ ਹੈ ।
ਦੱਸਿਆ ਜਾਂਦਾ ਹੈ ਕਿ ਮੋਹਾਲੀ ਦੇ ਨਜ਼ਦੀਕ ਬਣੇ ਹੋਮਲੈਂਡ ਅਪਾਰਟਮੈਂਟ ਵਿੱਚ ਪੰਜਾਬੀ ਫਿਲਮ ਸਨਅਤ ਦੇ ਕਈ ਵੱਡੇ ਸਿਤਾਰੇ ਰਹਿੰਦੇ ਹਨ। ਮੋਰਚੇ ਨਾਲ ਜੁੜੇ ਨੌਜਵਾਨ ਵੱਡੀ ਗਿਣਤੀ ਵਿੱਚ ਰਾਤ ਵੇਲੇ ਇੱਥੇ ਪਹੁੰਚੇ ਅਤੇ ਮਾਇਕ ਦੇ ਜ਼ਰੀਏ ਉਨ੍ਹਾਂ ਨੇ ਗਾਇਕਾਂ ਨੂੰ ਵੰਗਾਰ ਲਗਾਈ ਅਤੇ ਕਿਹਾ ਜਿੰਨ੍ਹਾਂ ਲੋਕਾਂ ਕਰਕੇ ਤੁਸੀਂ ਇਸ ਮੁਕਾਮ ‘ਤੇ ਪਹੁੰਚੇ ਹੋ ਉਨ੍ਹਾਂ ਦੇ ਨਾਲ ਕਦੋਂ ਖੜੇ ਹੋਵੋਗੇ । ਉਨ੍ਹਾਂ ਨੇ ਕਿਹਾ ਜਿੰਨੇ ਵੀ ਕਲਾਕਾਰ ਹਨ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੋਰਚੇ ਵਿੱਚ ਸ਼ਾਮਲ ਹੋਣ। ਸਿਰਫ਼ ਇੰਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਆਉ ਅਸੀਂ ਕੌਮੀ ਮੋਰਚਾ ਲੜੀਏ,ਕੀ ਅਸੀ ਸਿਰਫ਼ ਗੀਤ ਹੀ ਗਾ ਸਕਦੇ ਹਾਂ ਕੌਮ ਦੇ ਲਈ ਲੜ ਨਹੀਂ ਸਕਦੇ ਹਾਂ ?
ਇਹ ਹੋ ਸਕਦੀ ਹੈ ਮੋਰਚੇ ‘ਚ ਸ਼ਾਮਲ ਨਾ ਹੋਣ ਦੀ ਵਜ੍ਹਾ
ਕਿਸਾਨੀ ਅੰਦੋਲਨ ਦੌਰਾਨ ਵੱਡੀ ਗਿਣਤੀ ਵਿੱਚ ਗਾਇਕਾਂ ਅਤੇ ਕਲਾਕਾਰਾਂ ਨੇ ਨਾ ਸਿਰਫ ਸ਼ਮੂਲੀਅਤ ਕੀਤੀ ਸੀ ਬਲਕਿ ਫੰਡਿੰਗ ਵੀ ਕੀਤੀ ਸੀ । ਪਰ ਇਸ ਤੋਂ ਬਾਅਦ ਇਲਜ਼ਾਮ ਲੱਗੇ ਸਨ ਕਿ ਕਈ ਗਾਇਕਾਂ ਦੇ ਘਰਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਮਾਰੀ ਗਈ ਸੀ । ਇਸ ਵਿੱਚ ਕੰਵਰ ਗਰੇਵਾਲ ਅਤੇ ਗਾਇਕ ਰਣਜੀਤ ਬਾਵਾ ਦਾ ਨਾਂ ਸ਼ਾਮਲ ਸੀ । ਸਿਰਫ਼ ਇੰਨ੍ਹਾਂ ਹੀ ਨਹੀਂ ਕਈ ਕਲਾਕਾਰਾਂ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਅਸਿੱਧੇ ਤਰੀਕੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ । ਕਈ NRI ਵੱਲੋਂ ਵੀ ਇਹ ਇਲਜ਼ਾਮ ਲਗਾਏ ਗਏ ਸਨ ਕਿ ਭਾਰਤ ਆਉਣ ਦੇ ਲਈ ਉਨ੍ਹਾਂ ਨੂੰ ਇਸ ਲਈ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਮਦਦ ਕੀਤੀ ਸੀ। ਹੋ ਸਕਦਾ ਹੈ ਇਸੇ ਵਜ੍ਹਾ ਕਰਕੇ ਗਾਇਕ ਹੁਣ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਬਚ ਰਹੇ ਹਨ । ਪਰ ਗਾਇਕ ਕੰਵਰ ਗਰੇਵਾਲ ਨੇ ਘਰ ਵਿੱਚ ਆਈਟੀ ਰੇਡ ਦੇ ਬਾਵਜੂਦ ਬਿਨਾਂ ਡਰੇ ਕੌਮੀ ਇਨਸਾਫ ਮੋਰਚੇ ਵਿੱਚ ਨਾ ਸਿਰਫ਼ ਸ਼ਾਮਲ ਹੋਏ ਬਲਕਿ ਖੁੱਲ ਕੇ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ।