ਪੰਜਾਬੀ ਲੋਕ ਗਾਇਕਾ ਸੁਚੇਤ ਬਾਲਾ ਨੇ ਹਾਲ ਹੀ ਵਿੱਚ ਇੱਕ ਪੰਜਾਬੀ ਪੋਡਕਾਸਟ ਦੌਰਾਨ ਆਪਣੇ ਸਮੇਂ ਦੇ ਮਸ਼ਹੂਰ ਗਾਇਕਾਂ ਬਾਰੇ ਕਈ ਗੰਭੀਰ ਅਤੇ ਵਿਵਾਦਿਤ ਦਾਅਵੇ ਕੀਤੇ ਹਨ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਭਾਰੀ ਹੰਗਾਮਾ ਮੱਚ ਗਿਆ ਹੈ।
ਸੁਚੇਤ ਬਾਲਾ ਨੇ ਦੱਸਿਆ ਕਿ ਉਸ ਨੇ ਸੁਰਿੰਦਰ ਛਿੰਦਾ ਨਾਲ ਬਹੁਤ ਸਾਰੇ ਹਿੱਟ ਜੋੜੀ ਗੀਤ ਗਾਏ ਸਨ। ਛਿੰਦਾ ਹਮੇਸ਼ਾ ਆਪਣੇ ਨਾਲ ਸੁੰਦਰ ਕੁੜੀਆਂ ਰੱਖਦਾ ਸੀ ਅਤੇ ਉਸ ਨੂੰ ਕੁੜੀਆਂ ਨੂੰ ਛੂਹਣ ਦੀ ਬਹੁਤ ਬੁਰੀ ਆਦਤ ਸੀ। ਉਸ ਦੀ ਪਤਨੀ ਨੇ ਵੀ ਸੁਚੇਤ ਨੂੰ ਆਪਣੇ ਪਤੀ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ। ਇੱਕ ਵਾਰ ਲੁਧਿਆਣਾ ਵਿੱਚ ਸਟੇਜ ਸ਼ੋਅ ਦੌਰਾਨ ਨਸ਼ੇ ਵਿੱਚ ਧੁੱਤ ਸੁਰਿੰਦਰ ਛਿੰਦਾ ਨੇ ਸੁਚੇਤ ਬਾਲਾ ਨੂੰ ਖੁੱਲ੍ਹੇ ਤੌਰ ‘ਤੇ ਕਿਹਾ, “ਮੈਂ ਤੇਰੇ ਵਰਗੀਆਂ ਕੁੜੀਆਂ ਨੂੰ 1000 ਰੁਪਏ ਵਿੱਚ ਲੈ ਲੈਂਦਾ ਹਾਂ।” ਇਹ ਸੁਣ ਕੇ ਪ੍ਰਬੰਧਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਥੱਪੜ ਮਾਰੇ। ਇਸ ਘਟਨਾ ਤੋਂ ਬਾਅਦ ਸੁਚੇਤ ਨੇ ਛਿੰਦਾ ਨਾਲ ਗਾਉਣਾ ਹਮੇਸ਼ਾ ਲਈ ਬੰਦ ਕਰ ਦਿੱਤਾ।
ਕੁਲਦੀਪ ਮਾਣਕ ਬਾਰੇ ਵੀ ਸੁਚੇਤ ਨੇ ਬਹੁਤ ਸਾਰੇ ਮਸ਼ਹੂਰ ਗੀਤ ਗਾਏ। ਉਹ ਮਾਣਕ ਦੇ ਘਰ ਰਹਿੰਦੀ ਸੀ, ਖਾਣਾ ਬਣਾਉਂਦੀ ਸੀ ਅਤੇ ਮਾਣਕ ਉਸ ਨੂੰ ਭੈਣ ਮੰਨਦਾ ਸੀ। ਪਰ ਬਾਅਦ ਵਿੱਚ ਢੋਲਕੀ ਮਾਲਕ ਨੇ ਮਾਣਕ ਦੀ ਪਤਨੀ ਦੇ ਕੰਨ ਭਰੇ, ਜਿਸ ਕਾਰਨ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਅਤੇ ਪੈਸੇ ਵੀ ਨਹੀਂ ਦਿੱਤੇ ਗਏ। ਸੁਚੇਤ ਨੇ ਮਾਣਕ ਦੀ ਸ਼ਕਲ-ਸੂਰਤ ਨੂੰ ਵੀ “ਬਿਲਕੁਲ ਸੋਹਣਾ ਨਹੀਂ” ਕਿਹਾ।
ਸਭ ਤੋਂ ਵੱਡਾ ਬੰਬ ਸੁਚੇਤ ਬਾਲਾ ਨੇ ਅਮਰ ਸਿੰਘ ਛਮਕੀਲਾ ਦੀ ਮੌਤ ਬਾਰੇ ਸੁੱਟਿਆ। ਉਸ ਨੇ ਸਾਫ਼-ਸਾਫ਼ ਦਾਅਵਾ ਕੀਤਾ ਕਿ ਚਮਕੀਲਾ ਨੂੰ ਖਾੜਕੂਆਂ ਨੇ ਨਹੀਂ, ਸਗੋਂ ਉਸ ਸਮੇਂ ਦੇ ਹੋਰ ਸੀਨੀਅਰ ਅਤੇ ਕਲਾਕਾਰਾਂ ਨੇ ਮਰਵਾਇਆ ਸੀ, ਕਿਉਂਕਿ ਚਮਕੀਲਾ ਬਹੁਤ ਤੇਜ਼ੀ ਨਾਲ ਉੱਤੇ ਚੜ੍ਹ ਰਿਹਾ ਸੀ ਅਤੇ ਉਸ ਦੇ ਰੋਜ਼ਾਨਾ 4-5 ਅਖਾੜੇ ਬੁੱਕ ਹੋਣ ਲੱਗੇ ਸਨ। ਸੁਚੇਤ ਮੁਤਾਬਕ ਉਸ ਸਮੇਂ ਕਈ ਕਲਾਕਾਰਾਂ ਨੇ ਮੀਟਿੰਗਾਂ ਕੀਤੀਆਂ ਸਨ ਕਿ ਚਮਕੀਲਾ ਦਾ ਉਭਾਰ ਕਿਵੇਂ ਰੋਕਿਆ ਜਾਵੇ। ਉਸ ਨੇ ਕਿਹਾ ਕਿ “ਫਿਲਮ ਚਮਕੀਲਾ” ਵਿੱਚ ਵੀ ਅਸਲ ਸੱਚਾਈ ਨਹੀਂ ਦਿਖਾਈ ਗਈ, ਸਗੋਂ ਮਾਮਲੇ ਨੂੰ ਸਸਪੈਂਸ ਵਿੱਚ ਰੱਖਿਆ ਗਿਆ, ਪਰ “ਹਰ ਕੋਈ ਜਾਣਦਾ ਹੈ ਕਿ ਪਿੱਛੇ ਕੌਣ ਸੀ ਹੱਥ ਸੀ”।
ਇਨ੍ਹਾਂ ਬਿਆਨਾਂ ਤੋਂ ਬਾਅਦ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਇੰਸਟਾਗ੍ਰਾਮ ‘ਤੇ ਵੀਡੀਓ ਪਾ ਕੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਮਰ ਚੁੱਕੇ ਕਲਾਕਾਰਾਂ ਬਾਰੇ ਅਜਿਹੀਆਂ ਗੱਲਾਂ ਕਹਿਣਾ ਠੀਕ ਨਹੀਂ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸੁਚੇਤ ਬਾਲਾ ਨੂੰ ਇਹ ਗੱਲਾਂ ਉਦੋਂ ਹੀ ਕਹਿਣੀਆਂ ਚਾਹੀਦੀਆਂ ਸਨ ਜਦੋਂ ਛਿੰਦਾ, ਮਾਣਕ ਅਤੇ ਛਮਕੀਲਾ ਜ਼ਿੰਦਾ ਸਨ, ਨਾ ਕਿ ਹੁਣ ਜਦੋਂ ਉਹ ਇਸ ਸੰਸਾਰ ਵਿੱਚ ਨਹੀਂ ਹਨ ਅਤੇ ਆਪਣਾ ਪੱਖ ਰੱਖ ਨਹੀਂ ਸਕਦੇ।

