Punjab

ਸਰਕਾਰ ਦੇ ਮਨ ਦੀ ਪੁੱਗੀ, ਵਿਸ਼ਵਾਸ ਮਤਾ ਹੋਇਆ ਪਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਸੀ। ਪੰਜਾਬ ਵਿਧਾਨ ਸਭਾ ਦਾ ਇਜਲਾਸ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਧਿਆਨ ਦਿਵਾਊ ਮਤੇ ਦੇ ਐਲਾਨ ਨਾਲ ਸ਼ੁਰੂ ਹੋਇਆ। ਵਿਸ਼ਵਾਸ ਮਤਾ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ। ਪ੍ਰਸਤਾਵ ਵਿੱਚ 93 ਮੈਂਬਰ ਹੱਕ ਵਿੱਚ ਸਨ। ਅੱਜ ਦੇ ਸੈਸ਼ਨ ਨੂੰ ਵੇਖਣ ਦੇ ਲਈ ਸਕੂਲਾਂ ਦੇ ਬੱਚੇ ਵੀ ਆਏ ਹੋਏ ਸਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮਾਤਾ ਗੁਰਮੇਲ ਕੌਰ ਅੱਜ ਵਿਧਾਨ ਸਭਾ ਵਿੱਚ ਪਹੁੰਚੇ ਸਨ।

990 ਫਾਇਰਮੈਨਾਂ ਅਤੇ 336 ਡਰਾਈਵਰਾਂ ਦੀ ਆਸਾਮੀਆਂ ਭਰਨ ਦਾ ਫ਼ੈਸਲਾ

ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਸਦਨ ਦਾ ਧਿਆਨ ਸੂਬੇ ਦੇ ਫਾਇਰ ਸਟੇਸ਼ਨਾਂ ਵਿੱਚ ਸਟਾਫ਼ ਅਤੇ ਸਾਜ਼ੋ-ਸਾਮਾਨ ਦੀ ਘਾਟ ਵੱਲ ਦਿਵਾਇਆ। ਇਸ ’ਤੇ ਮੰਤਰੀ ਕੈਬਨਿਟ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਰਕਾਰ ਨੇ 990 ਫਾਇਰਮੈਨਾਂ ਅਤੇ 336 ਡਰਾਈਵਰਾਂ ਦੀ ਆਸਾਮੀਆਂ ਭਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਜਰਮਨੀ ਤੋਂ ਟਰਨਟੇਬਲ ਵਾਹਨ ਖ਼ਰੀਦਣ ਦਾ ਆਰਡਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਲਾਲੜੂ ਵਿੱਚ ਇੱਕ ਟਰੇਨਿੰਗ ਸਕੂਲ ਲਈ ਜ਼ਮੀਨ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਸੂਬੇ ਵਿੱਚ ਕੁੱਤਿਆਂ ਦਾ ਮੁੱਦਾ ਚੁੱਕਿਆ। ਇਸ ਦੇ ਜਵਾਬ ’ਚ ਮੰਤਰੀ ਨਿੱਜਰ ਨੇ ਕਿਹਾ ਕਿ ਇਹ ਸਮੱਸਿਆ ਸਰਕਾਰ ਲਈ ਵੱਡੀ ਚੁਣੌਤੀ ਹੈ ਅਤੇ ਇਸ ਦੇ ਹੱਲ ਲਈ ਸਾਂਝਾ ਪਲੈਟਫਾਰਮ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੀਨੀ ਵਾਇਰਸ ਨਾਲ ਨੁਕਸਾਨੀ ਝੋਨੇ ਦੀ ਫਸਲ ’ਤੇ ਮੁਆਵਜ਼ੇ ਬਾਰੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪੇਸ਼ ਨੋਟਿਸ ਦੇ ਜਵਾਬ ’ਚ ਮਾਲ ਅਤੇ ਜਲ ਸਰੋਤ ਮੰਤੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ, ‘‘ਮੈਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਗਿਰਦਾਵਰੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਮੀਂਹ ਜਾਂ ਵਾਇਰਸ ਕਾਰਨ ਮਾਰ ਝੱਲਣ ਵਾਲੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।’’

ਪ੍ਰਤਾਪ ਬਾਜਵਾ ਨੇ ਸਪੀਕਰ ਅੱਗੇ ਕੀਤੀ ਇਹ ਮੰਗ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਉੱਤੇ ਮਸ਼ਕਰੀ ਕਰਦਿਆਂ ਕੁਲਤਾਰ ਸੰਧਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੁਹਾਡੀ ਮਨਸ਼ਾ ਵੇਖ ਕੇ ਲੱਗਦਾ ਸੀ ਕਿ ਤੁਸੀਂ ਸਾਨੂੰ ਇਨਸਾਫ਼ ਨਹੀਂ ਦੇਣਾ ਸੀ ਪਰ ਹੁਣ ਤਾਈ ਜੀ ਸਾਡੇ ਵਿੱਚ ਮੌਜੂਦ ਹਨ, ਇਸ ਕਰਕੇ ਸਾਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਸਾਨੂੰ ਜ਼ੀਰੋ Hour ਦਾ ਮੌਕਾ ਦਿਉਗੇ। ਹੁਣ ਅਸੀਂ ਵੇਖਦੇ ਹਾਂ ਕਿ ਮਾਤਾ ਜੀ ਦੇ ਆਉਣ ਦਾ ਤੁਸੀਂ ਕਿੰਨੀ ਕੁ ਇੱਜ਼ਤ ਅਤੇ ਮਾਣ ਦਿੰਦੇ ਹੋ। ਕੁਲਤਾਰ ਸਿੰਘ ਸੰਧਵਾਂ ਨੇ ਪ੍ਰਤਾਪ ਬਾਜਵਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਹਾਊਸ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੇ ਲਈ ਹੈ। ਹਾਊਸ ਨੂੰ ਕਿਵੇਂ ਚਲਾਉਣਾ, ਉਸਦਾ ਬਹੁਤਾ ਰੋਲ ਮੈਂਬਰਾਂ ਦਾ ਹੈ। ਇਸ ਚੇਅਰ ਦੀ ਮਰਿਆਦਾ ਬਣਾ ਕੇ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਬਾਜਵਾ ਨੇ ਜ਼ੀਰੋ ਆਓਰ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਹਵਾਲਾ ਦਿੰਦਿਆਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਉਠਾਇਆ। ਮਾਨਸਾ ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦੀ ਫਰਾਰ ਹੋਣ ਵਿੱਚ ਮਦਦ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਉੱਤੇ ਮਸ਼ਕਰੀ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਬੜੀ ਵਧੀਆ ਜਾਮਨੀ ਰੰਗ ਦੀ ਪੱਗ ਬੰਨ੍ਹ ਕੇ ਆਏ ਹਨ, ਮਿਸਟਰ ਪ੍ਰਤਾਪ ਸਿੰਘ ਭਾਜਪਾ, ਸੌਰੀ ਬਾਜਵਾ ਹਨਾ, ਭਾਜਪਾ। ਉਹ ਮੈਥੋਂ ਸੱਚ ਬੋਲਿਆ ਜਾਂਦਾ ਮੈਂ ਕੀ ਕਰਾਂ। ਗੁਜਰਾਤ ਵਿੱਚ ਦੋਵੇਂ ਗੁਪਤ ਮੀਟਿੰਗਾਂ ਕਰਦੇ ਹਨ, ਪਤਾ ਉਦੋਂ ਚੱਲਦਾ ਹੈ ਜਦੋਂ ਅਗਲੇ ਦਿਨ ਦੋਵੇਂ ਗਾਲ੍ਹਾਂ ਇੱਕੋ ਜਿਹੀਆਂ ਦਿੰਦੇ ਹਨ। ਇਨ੍ਹਾਂ ਨੂੰ ਰਾਜ ਕਰਦਿਆਂ 70 ਸਾਲ ਹੋ ਗਏ ਹਨ, ਇਨ੍ਹਾਂ ਦਾ ਹਾਲੇ ਢਿੱਡ ਨਹੀਂ ਭਰਿਆ। ਇਹ ਕਹਿੰਦੇ ਹਨ ਕਿ ਭਗਵੰਤ ਮਾਨ ਕੋਲ ਤਜ਼ਰਬਾ ਨਹੀਂ ਹੈ ਪਰ ਲੋਕ ਤਾਂ ਦੁਖੀ ਹੀ ਤਜ਼ਰਬੇਕਾਰਾਂ ਤੋਂ ਹਨ। ਮੁੱਖ ਮੰਤਰੀ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਉੱਤੇ ਰੱਖਣ ਦੇ ਲਈ ਕੇਂਦਰ ਨਾਲ ਗੱਲ ਕਰਨ ਦਾ ਦਾਅਵਾ ਕੀਤਾ ਹੈ

ਮੁੱਖ ਮੰਤਰੀ ਮਾਨ ਨੇ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਬਾਰੇ ਬੋਲਦਿਆਂ ਕਿਹਾ ਕਿ ਸਾਰੇ ਪਾਸੇ ਸਖ਼ਤਾਈ ਕਰ ਦਿੱਤੀ ਗਈ ਹੈ, ਮੁਲਜ਼ਮ ਜਲਦ ਗ੍ਰਿਫਤਾਰ ਹੋ ਜਾਵੇਗ। ਮੂਸੇਵਾਲਾ ਕਤਲ ਕੇਸ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੂਸੇਵਾਲਾ ਕਤਲ ਕਾਂਡ ਵਿੱਚ 36 ਦੋਸ਼ੀ ਹਨ, ਜਿਨ੍ਹਾਂ ਵਿਚੋਂ 28 ਨੂੰ ਫੜ ਲਿਆ ਗਿਆ ਹੈ, ਉਸਦੇ ਵਿੱਚ ਚਾਰ ਮੁੱਖ ਸ਼ੂਟਰ ਹਨ, 24 ਦੇ ਚਲਾਨ ਪੇਸ਼ ਕੀਤੇ। ਹੋਰ ਵੀ ਦੋਸ਼ੀ ਫੜਨ ਵਿੱਚ ਲੱਗੇ ਹੋਏ ਹਾਂ। ਗੈਂਗਸਟਰ ਛੇ ਮਹੀਨਿਆਂ ਵਿੱਚ ਪੈਦਾ ਨਹੀਂ ਹੋਏ, ਇਨ੍ਹਾਂ ਨੇ ਹੀ ਪੈਦਾ ਕੀਤੇ ਹਨ।

ਕੈਪਟਨ ਉੱਤੇ ਨਿਸ਼ਾਨਾ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਆਪਣੇ ਨਾਲ ਜਿਨ੍ਹਾਂ ਵਰਕਰਾਂ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਵਾਇਆ ਸੀ, ਉਨ੍ਹਾਂ ਵਿੱਚੋਂ ਚਾਰ-ਪੰਜ ਨੂੰ ਬੀਜੇਪੀ ਨੇ ਵੀ ਵਾਪਸ ਮੋੜ ਦਿੱਤਾ। ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਸੱਤਾ ਵਿੱਚ ਆਏ ਹਾਂ। ਆਪਣੀ ਸਰਕਾਰ ਦੇ ਕੰਮ ਗਿਣਵਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ 50 ਲੱਖ ਲੋਕਾਂ ਨੂੰ ਜ਼ੀਰੋ ਬਿਜਲੀ ਬਿੱਲ ਆਉਣ ਲੱਗ ਪਿਆ ਹੈ, ਗੰਨੇ ਦਾ ਭਾਅ 20 ਰੁਪਏ ਕੁਵਿੰਟਲ ਵਧਾ ਕੇ 380 ਰੁਪਏ ਕੀਤਾ। ਵਿਰੋਧੀਆਂ ਨੂੰ ਕੋਈ ਗਲਤਫਹਿਮੀ ਨਾ ਰਹਿ ਜਾਵੇ, ਇਸ ਕਰਕੇ ਵਿਸ਼ਵਾਸ ਮਤਾ ਲਿਆਉਣਾ ਪਿਆ।

ਅਨਮੋਲ ਗਗਨ ਮਾਨ ਨੇ ਗਾਈ ਕਵਿਤਾ

ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਵਿੱਚ ਆਪਣੀ ਲਿਖੀ ਹੋਈ ਕਵਿਤਾ ਸੁਣਾਈ। ਕਵਿਤਾ ਦੇ ਬੋਲ ਹਨ :

ਆਪਰੇਸ਼ਨ ਲੋਟਸ ‘ਤੇ ਬਵਾਲ ਹੋ ਗਿਆ

ਲੋਕਤੰਤਰ ਉੱਤੇ ਖੜਾ ਸਵਾਲ ਹੋ ਗਿਆ।

ਲੋਕਾਂ ਨੇ ਵੋਟਾਂ ਪਾਈਆਂ,

ਤੇ ਉਹਨੇ ਕਰੋੜਾਂ ਵਿੱਚ ਵੇਚ ਦਿੱਤੀਆਂ,

ਉਹ ਲੀਡਰ ਨਹੀਂ, ਦਲਾਲ ਹੋ ਗਿਆ।

ਕਿਸ ਪਾਰਟੀ ਦੇ MLA ਭਾਜਪਾ ਵਿੱਚ ਰਲਦੇ ਨੇ,

ਇਹ ਸੁਣ ਕੇ ਕਈਆਂ ਦਾ ਮੂੰਹ ਲਾਲ ਹੋ ਗਿਆ।

ਆਪਰੇਸ਼ਨ ਲੋਟਸ ‘ਤੇ ਬਵਾਲ ਹੋ ਗਿਆ

ਲੋਕਤੰਤਰ ਉੱਤੇ ਖੜਾ ਸਵਾਲ ਹੋ ਗਿਆ।

 

ਕਾਂਗਰਸ ਕਹਿੰਦੀ, ਆਪਰੇਸ਼ਨ ਲੋਟਸ ਦੇ ਖਿਲਾਫ਼ ਮਤਾ ਅਸੀਂ ਪੈਣ ਨਹੀਂ ਦੇਣਾ,

ਵਿਧਾਨ ਸਭਾ ਦਾ ਸੈਸ਼ਨ ਅਸੀਂ ਹੋਣ ਨੀਂ ਦੇਣਾ,

ਕਿਉਂਕਿ ਭਾਜਪਾ ਦਾ ਚਿਹਰਾ ਬੇਨਕਾਬ ਅਸੀਂ ਹੋਣ ਨੀਂ ਦੇਣਾ,

ਆਹ ਤਾਂ ਜੀ ਕਮਾਲ ਹੋ ਗਿਆ,

ਲੋਕਤੰਤਰ ‘ਤੇ ਖੜਾ ਸਵਾਲ ਹੋ ਗਿਆ।

……….