Punjab

CIA Staff ਦੇ ਇੰਚਾਰਜ ਦਾ ਮਾਨਸਾ ਪੁਲਿਸ ਨੂੰ ਮਿਲਿਆ ਰਿਮਾਂਡ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਦਾ ਮਾਨਸਾ ਪੁਲਿਸ ਨੂੰ 7 ਅਕਤੂਬਰ ਤੱਕ ਰਿਮਾਂਡ ਹਾਸਿਲ ਹੋਇਆ ਹੈ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪ੍ਰਿਤਪਾਲ ਸਿੰਘ ਨੂੰ ਮੈਡੀਕਲ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਦੀਪਕ ਟੀਨੂੰ ਕੱਲ੍ਹ CIA ਸਟਾਫ਼ ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ। ਦੀਪਕ ਟੀਨੂੰ ਦੇ ਹਿਰਾਸਤ ‘ਚੋਂ ਫਰਾਰ ਹੋਣ ਦੇ ਮਾਮਲੇ ‘ਚ ਕਾਰਵਾਈ ਕਰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮਾਨਸਾ CIA STAFF ਦੇ INCHARGE ਨੂੰ ਗ੍ਰਿਫਤਾਰ ਕਰ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਇੰਚਾਰਜ ਪ੍ਰਿਤਪਾਲ ਸਿੰਘ ਨੂੰ ਧਾਰਾ 311 ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਕੀਤਾ ਗਿਆ ਸੀ।

ਸਿੱਧੂ ਮੂਸੇ ਵਾਲਾ ਦੇ ਮਾਤਾ ਚਰਨ ਕੌਰ ਨੇ ਤਿੱਖਾ ਰੋਸ ਜ਼ਾਹਰ ਕਰਦਿਆਂ ਕਿਹਾ ਸੀ ਕਿ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਗੈਂਗਸਟਰ ਸ਼ਰ੍ਹੇਆਮ ਜੇਲ੍ਹਾਂ ਦੇ ਵਿੱਚੋਂ ਫ਼ਰਾਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਸਰਕਾਰ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੱਡੀਆਂ ਸਹੂਲਤਾਂ ਦੇ ਰਹੀ ਹੈ, ਜਿਸ ਕਾਰਨ ਇਨ੍ਹਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਚਰਨ ਕੌਰ ਦਾ ਕਹਿਣਾ ਹੈ ਕਿ ਉਸਦੇ ਪੁੱਤ ਸਿਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਸੰਦੀਪ ਨੰਗਲ ਅੰਬੀਆਂ ਅਤੇ ਦੀਪ ਸਿੱਧੂ ਦੇ ਕੇਸ ਵਾਂਗ ਦਬਾਇਆ ਜਾ ਰਿਹਾ ਹੈ।

ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋ ਜਾਣ ਤੋਂ ਬਾਅਦ ਪੰਜਾਬ ਪੁਲਿਸ ਮੁਸਤੈਦ ਹੋ ਗਈ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਗੁਰਮੀਤ ਸਿੰਘ ਚੋਹਾਨ ਤੇ ਐਸਐਸਪੀ ਮਾਨਸਾ ਗੋਰਵ ਤੂਰਾ ਨੇ ਸਾਂਝੇ ਤੌਰ ‘ਤੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਦੀਪਕ ਟੀਨੂੰ ਨੂੰ ਸਰਦੂਲਗੜ ਵਿੱਖੇ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਸੀਆਈਏ ਮਾਨਸਾ ਲਿਆਂਦਾ ਗਿਆ ਸੀ। ਇਸ ਸਬੰਧ ਵਿੱਚ ਪੁਲਿਸ ਟੀਮ ਮੌਕੇ ‘ਤੇ ਜਾ ਕੇ ਜਾਂਚ ਕਰ ਰਹੀ ਹੈ। ਜਿਵੇਂ ਹੀ ਮੁੱਢਲੇ ਤੱਥ ਸਾਹਮਣੇ ਆਏ,ਪੁਲਿਸ ਹਰਕਤ ਵਿੱਚ ਆ ਗਈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਕੇਸ ਵਿੱਚ ਚੰਗਾ ਕੰਮ ਵੀ ਹੋਇਆ ਹੈ,ਸਾਰੇ ਮੁਲਜ਼ਮ ਜੇਲ੍ਹ ਵਿੱਚ ਹਨ।