Punjab

ਕੈਪਟਨ ਸਰਕਾਰ ਤੋਂ ਜ਼ਹਿਰ ਮੰਗ ਰਹੇ ਹਨ ਪੰਜਾਬ ਦੇ ਦੁਕਾਨਦਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲਗਾਤਾਰ ਕੋਰੋਨਾ ਦੇ ਮਾਮਲੇ ਵਧਣ ਕਾਰਨ ਪੰਜਾਬ ਸਰਕਾਰ ਰੋਜਾਨਾਂ ਸੋਧਾਂ ਨਾਲ ਕੋਰੋਨਾ ਤੋਂ ਬਚਾਅ ਦੇ ਨਿਯਮ ਜਾਰੀ ਕਰ ਰਹੀ ਹੈ। ਪਰ ਸੂਬਾ ਸਰਕਾਰ ਦਾ ਮਿੰਨੀ ਲੌਕਡਾਊਨ ਕਈ ਸ਼ਹਿਰਾਂ ਵਿੱਚ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਆਰਥਿਕ ਮੰਦੀ ਦੀ ਚਰਮ ਸੀਮਾਂ ਭੁਗਤ ਰਹੇ ਦੁਕਾਨਦਾਰ ਸਰਕਾਰ ਤੋਂ ਜ਼ਹਿਰ ਮੰਗ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਜ਼ਹਿਰ ਦੇ ਕੇ ਇੱਕੋ ਵਾਰ ਕੰਮ ਖਤਮ ਕਰੋ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਕੰਮ ਠੱਪ ਰਿਹਾ ਤਾਂ ਮਾਨਸਿਕ ਤੇ ਆਰਥਿਕ ਪਰੇਸ਼ਾਨੀ ਉਨ੍ਹਾਂ ਨੂੰ ਖਤਮ ਕਰ ਦੇਵੇਗਾ।

Photo-Credit Punjabi Tribune

ਮਾਛੀਵਾੜਾ ’ਚ ਕਈ ਦੁਕਾਨਦਾਰਾਂ ਨੇ ਮੇਨ ਚੌਕ ’ਚ ਧਰਨਾ ਦੇ ਸਰਕਾਰ ਦੇ ਇਸ ਫੈਸਲੇ ਦੇ ਖ਼ਿਲਾਫ਼ ਰੋਜ਼ਾਨਾ ਸਵੇਰੇ 8 ਤੋਂ ਬਾਅਦ ਦੁਪਹਿਰ 2 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਫਤਵਾ ਜਾਰੀ ਕਰ ਦਿੱਤਾ ਹੈ। ਖਾਲਸਾ ਚੌਕ ਵਿਖੇ ਇੱਕਠਾ ਹੋਏ ਦੁਕਾਨਦਾਰਾਂ ਮਨਜੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਰਕੇਸ਼ ਬਾਂਸਲ, ਬੱਬੂ ਜੁਨੇਜਾ, ਨੰਦ ਕਿਸ਼ੋਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਲਗਾਏ ਗਏ ਮਿੰਨੀ ਲੌਕਡਾਊਨ ਤੇ ਧੱਕੇਸ਼ਾਹੀ ਦੇ ਰਵੱਈਏ ਕਾਰਨ ਦੁਕਾਨਦਾਰ ਮਰਨ ਕੰਢੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਮੰਨਦੇ ਹਾਂ ਕਿ ਕੋਰੋਨਾ ਤੋਂ ਬਚਾਅ ਜ਼ਰੂਰੀ ਹੈ, ਪਰ ਇਸ ਤਰ੍ਹਾਂ ਬਿਨਾਂ ਸੋਚੇ ਤੇ ਕੋਈ ਯੋਜਨਾ ਬਣਾਏ ਦੁਕਾਨਾਂ ਬੰਦ ਕਰਵਾ ਦੇਣ ਨਾਲ ਉਹ ਬਹੁਤ ਆਰਥਿਕ ਗਰਤ ਝੱਲ ਰਹੇ ਹਨ।

Photo-Credit Punjabi Tribune

ਉੱਧਰ, ਭਵਾਨੀਗੜ੍ਹ ਦੇ ਦੁਕਾਨਦਾਰਾਂ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕੀਤਾ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਨਵੀਆਂ ਹਦਾਇਤਾਂ ਵਿੱਚ ਕੱਪੜਾ, ਰੈਡੀਮੇਡ ਕੱਪੜੇ, ਜੁੱਤੇ, ਬਿਜਲੀ ਦੇ ਸਾਮਾਨ ਅਤੇ ਰਿਪੇਅਰ, ਫੋਟੋਗ੍ਰਾਫਰ ਹੇਅਰ ਡਰੈਸਰ ਸਮੇਤ ਹੋਰ ਕਈ ਟਰੇਡਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਨਹੀਂ ਹੈ। ਜਦੋਂਕਿ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਦੁਕਾਨਾਦਾਰਾਂ ਨੇ ਕਿਹਾ ਕਿ ਸਾਡਾ ਸਾਮਾਨ ਵੀ ਰੋਜ਼ਾਨਾਂ ਵਰਤੋਂ ਵਾਲਾ ਹੀ ਹੈ। ਉਨ੍ਹਾਂ ਕਿਹਾ ਕਿ ਕਿਰਾਏ ਦੀਆਂ ਦੁਕਾਨਾਂ ਵਿੱਚ ਬੈਠੇ ਦੁਕਾਨਦਾਰ ਨਾ ਤਾਂ ਵਰਕਰਾਂ ਨੂੰ ਤਣਖਾਹ ਦੇ ਸਕਦੇ ਹਨ ਤੇ ਨਾ ਹੀ ਆਪਣਾ ਪੇਟ ਪਾਲ ਸਕਦੇ ਹਨ। ਦੁਕਾਨਾਂ ਦੇ ਬਿਜਲੀ ਦੇ ਬਿਲ ਵੀ ਉਸੇ ਤਰ੍ਹਾਂ ਆ ਰਹੇ ਹਨ, ਜਿਵੇਂ ਪਹਿਲਾਂ ਆਉਂਦੇ ਸੀ।

ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ਨੀਤੀ ਘੜਨੀ ਚਾਹੀਦੀ ਹੈ, ਜਿਸ ਨਾਲ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਵੇ। ਇਸ ਤਰ੍ਹਾਂ ਕਰਕੇ ਸਰਕਾਰ ਉਨ੍ਹਾਂ ਦੇ ਰੁਜ਼ਗਾਰ ਜੜ੍ਹੋਂ ਖਤਮ ਕਰ ਰਹੀ ਹੈ।