Punjab

ਅਜਨਾਲਾ ਹਿੰਸਾ ‘ਚ’ਗੁਰੂ ਸਾਹਿਬ’ ਨੂੰ ‘ਢਾਲ’ ਬਣਾਉਣਾ ਵੱਡੀ ਬੇਅਦਬੀ ! ‘ਸਤਿਕਾਰ ਕਮੇਟੀ’ ਤੇ ਸਿਆਸੀ ਦਲਾਂ ਦਾ ਅੰਮ੍ਰਿਤਪਾਲ ਸਿੰਘ ‘ਤੇ ਨਿਸ਼ਾਨਾ !

ਬਿਉਰੋ ਰਿਪੋਰਟ : ਵੀਰਵਾਰ ਨੂੰ ਅਜਨਾਲਾ ਥਾਣੇ ਵਿੱਚ ਹੋਈ ਹਿੰਸਾ ਨੂੰ ਲੈਕੇ ਸਿਆਸੀ ਆਗੂਆਂ ਦੇ ਨਾਲ ਧਾਰਮਿਕ ਜਥੇਬੰਦੀਆਂ ਨੇ ਵੀ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ‘ਤੇ ਵੱਡੇ ਸਵਾਲ ਚੁੱਕੇ ਹਨ। ਜਿਸ ਤਰ੍ਹਾਂ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਦਰਸ਼ਨ ਦਾ ਹਿੱਸਾ ਬਣਾਇਆ ਗਿਆ ਉਸ ਨੂੰ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਾਰ ਦਿੱਤਾ ਗਿਆ। ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਕਿਹਾ ਨਿੱਜੀ ਲੜਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅੱਗੇ ਰਹਿਣ ਵਾਲੀ ਸੰਸਥਾ ‘ਸਤਿਕਾਰ ਕਮੇਟੀ’ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਸ ਕਦਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਕਮੇਟੀ ਨੇ ਇਸ ਮਸਲੇ ‘ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪ ਨੂੰ ਲੈਕੇ ਵੀ ਸਵਾਲ ਚੁੱਕੇ ਹਨ । ਉਧਰ ਅਕਾਲੀ ਦਲ,ਕਾਂਗਰਸ,ਬੀਜੇਪੀ ਅਤੇ ਆਮ ਆਦਮੀ ਪਾਰਟੀ ਨੇ ਵੀ ਅਜਨਾਲਾ ਵਿੱਚ ਹੋਈ ਘਟਨਾ ਨੂੰ ਬੇਅਦਬੀ ਦਾ ਨਾਂ ਦਿੱਤਾ ਹੈ । ਇੰਨਾਂ ਪੂਰੇ ਇਲਾਜ਼ਾਮਾਂ ‘ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਇਤਿਹਾਸਕ ਅਤੇ ਵਰਤਮਾਨ ਸਮੇਂ ਦੌਰਾਨ ਚੱਲ ਰਹੇ ਮੋਰਚਿਆਂ ਦਾ ਉਦਾਹਰਣ ਦਿੰਦੇ ਹੋਏ ਆਪਣੇ ਕਦਮ ਨੂੰ ਜਾਇਜ਼ ਦੱਸਿਆ ਹੈ ।

ਭਾਈ ਅੰਮ੍ਰਿਤਪਾਲ ਸਿੰਘ ਨੇ 5 ਉਦਾਹਰਣ ਦਿੱਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲਾ ਵਿੱਚ ਕੀਤੇ ਗਏ ਪ੍ਰਦਰਸ਼ਨ ਨੂੰ ਲੈਕੇ ਸਵਾਲਾਂ ਵਿੱਚ ਘਿਰੇ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਇਸ ਕਦਮ ਨੂੰ ਜਾਇਜ਼ ਦੱਸਿਆ । ਉਨ੍ਹਾਂ ਕਿਹਾ ਅਸੀਂ ਵਹੀਰ ਦੇ ਰੂਪ ਵਿੱਚ ਅਜਨਾਲਾ ਆਏ ਸੀ । ਜਦੋਂ ਮੁਕਤਸਰ ਦੇ ਮੇਲੇ ਵਿੱਚ ਗਏ ਸੀ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੀ ਅਗਵਾਈ ਵਿੱਚ ਗਏ ਸੀ । ਉਨ੍ਹਾਂ ਕਿਹਾ ਅਜਨਾਲਾ ਵਿੱਚ ਵੀ ਉੁਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਨਹੀਂ ਬਣਾਇਆ ਬਲਕਿ ਉਹ ਆਪ ਅੱਗੇ ਲੱਗੇ ਸਨ ਅਤੇ ਥਾਣੇ ਵਿੱਚ ਗਏ ਸੀ । ਅੰਮ੍ਰਿਤਪਾਲ ਸਿੰਘ ਨੇ ਇਤਿਹਾਸ ਅਤੇ ਵਰਤਮਾਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿੱਚ ਚੱਲ ਰਹੇ ਮੋਰਚਿਆਂ ਦਾ ਉਦਾਹਰਣ ਦਿੰਦੇ ਹੋਏ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ । ਉਨ੍ਹਾਂ ਕਿਹਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗ ਦੇ ਲਈ ਭੇਜਿਆ ਸੀ ਤਾਂ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਗਈ ਸੀ ਇਸੇ ਲਈ ਉਨ੍ਹਾਂ ਨੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਭੇਜਿਆ ਸੀ । ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਪੁੱਛਿਆ ਫਿਰ ‘ਮੱਸੇ ਰੰਗੜ ਦਾ ਸਿਰ ਅੰਦਰ ਕਿਉਂ ਵੱਢਿਆ ਗਿਆ ਸੀ ? ਉਨ੍ਹਾਂ ਨੇ ਕਿਹਾ ਫਿਰ ਕੁਝ ਲੋਕ ਕਹਿਣਗੇ ਕੀ ਸੰਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਜੰਗ ਕਿਉਂ ਲੜੀ ? ਕਿਸਾਨੀ ਅੰਦੋਲਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਉਂ ਹੋਇਆ ? ਬਰਗਾੜੀ ਅਤੇ ਬਹਿਬਲਕਲਾਂ ਮੋਰਚੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਉਂ ? ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੌਰਾਨ ਆਖਿਰ ਕੋਈ ਕਿਉਂ ਨਹੀਂ ਬੋਲ ਦਾ ਹੈ ? ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕੁਝ ਪੰਥਕ ਧਿਰਾਂ ਉਨ੍ਹਾਂ ਤੋਂ ਚਿੜਦੀਆਂ ਹਨ ਇਸੇ ਲਈ ਉਹ ਅਜਿਹੇ ਸਵਾਲ ਖੜੇ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੇ ਨੌਜਵਾਨਾਂ ਦੀ ਬਾਹ ਨਹੀਂ ਫੜੀ । ਭਾਈ ਅੰਮ੍ਰਿਤਪਾਲ ਸਿੰਘ ਦੇ ਇੰਨਾਂ ਸਵਾਲਾਂ ਦਾ ਜਵਾਬ ਸਤਿਕਾਰ ਕਮੇਟੀ ਦੋਹਾਬਾ ਜ਼ੋਨ ਦੇ ਮੁੱਖੀ ਸੁਖਜੀਤ ਸਿੰਘ ਖੋਸਾ ਨੇ ਦਿੱਤਾ ।

ਸਤਿਕਾਰ ਕਮੇਟੀ ਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਵਾਬ

ਸਤਿਕਾਰ ਕਮੇਟੀ ਦੋਹਾਬਾ ਜ਼ੋਨ ਦੇ ਮੁੱਖੀ ਸੁਖਜੀਤ ਸਿੰਘ ਖੋਸਾ ਕਿਹਾ ਜਿੱਥੇ ਪੱਕੇ ਮੋਰਚੇ ਹਨ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ, ਉਹ ਵੀ ਮਰਿਆਦਾ ਦਾ ਪਾਲਨ ਕਰਕੇ । ਪਰ ਆਪਣੇ ਨਿੱਜੀ ਮਸਲਿਆਂ ਨੂੰ ਹੱਲ ਕਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਨਹੀਂ ਬਣਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਨੌਜਵਾਨਾਂ ਦੀ ਗੱਲ ਕਰਦੇ ਹਨ। ਤਾਂ ਉਹ ਦੱਸਣ ਦੀ ਜਿਸ ਵਰਿੰਦਰ ਸਿੰਘ ਨਾਲ ਉਨ੍ਹਾਂ ਨੇ ਕੁੱਟਮਾਰ ਕੀਤੀ ਕੀ ਉਹ ਸਿੱਖ ਨਹੀਂ ਸੀ ? ਉਸ ਦੀ ਬਾਹ ਕਿਉਂ ਤੋੜੀ ਗਈ ? ਕਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਚਪੇੜਾਂ ਮਾਰਿਆ ਕਦੇ ਕਹਿੰਦੇ ਹੋ ਨਹੀਂ ਮਾਰਿਆਂ ? ਉਨ੍ਹਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਇੱਕ ਸ਼ਖ਼ਸ ਦੇ ਪਿੱਛੇ ਨਾ ਲੱਗਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਸਤਿਕਾਰ ਕਮੇਟੀ ਦੋਹਾਬਾ ਜ਼ੋਨ ਦੇ ਮੁੱਖੀ ਸੁਖਜੀਤ ਸਿੰਘ ਖੋਸਾ ਨੇ ਅਜਨਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ‘ਤੇ ਸ੍ਰੀ ਅਕਾਲੀ ਤਖਤ ਦੇ ਜਥੇਦਾਰ ਦੀ ਚੁੱਪ ਨੂੰ ਲੈਕੇ ਵੀ ਵੱਡੇ ਸਵਾਲ ਚੁੱਕੇ । ਉਨ੍ਹਾਂ ਕਿਹਾ ਜਥੇਦਾਰ ਸਾਹਿਬ ਨੂੰ ਇਸ ਦਾ ਕਰੜਾ ਨੋਟਿਸ ਲੈਣਾ ਚਾਹੀਦਾ ਹੈ ।

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਚੁੱਕੇ ਸਵਾਲ

ਅਜਨਾਲਾ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਅੰਦਰ ਲਿਜਾਣਾ ਬਹੁਤ ਮੰਦਭਾਗਾ ਹੈ ਕਿਉਂਕਿ ਥਾਣੇ ਅੰਦਰ ਸ਼ਰਾਬ ਤੱਕ ਵੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਤਿਕਾਰ ਹੈ, ਉਸਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸੰਸਥਾਵਾਂ ਨੂੰ ਅੱਗੇ ਆ ਕੇ ਇਹਨਾਂ ਮਾਮਲਿਆਂ ’ਤੇ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਪੁਲਿਸ ਦਾ ਭੱਜ ਜਾਣਾ ਬੁਜ਼ਦਿਲੀ ਹੁੰਦਾ ਹੈ ਤੇ ਜੇਕਰ ਪੁਲਿਸ ਹੀ ਬੁਜ਼ਦਿਲ ਹੋ ਜਾਵੇਗੀ ਤਾਂ ਪ੍ਰਦਰਸ਼ਨਕਾਰੀ ਕ੍ਰਿਪਾਨਾਂ ਦੇ ਨਾਲ ਪ੍ਰਦਰਸ਼ਨ ਕਰਨਗੇ ਅਤੇ ਆਪਣੀ ਗੱਲ ਮੰਨਵਾ ਲੈਣਗੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਪੁਲਿਸ ਹੀ ਸੁਰੱਖਿਅਤ ਨਹੀਂ ਹੈ ਤਾਂ ਉਥੇ ਕੌਣ ਸੁਰੱਖਿਅਤ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ ਤੇ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਐਕਸ਼ਨ ਹੋਣਾ ਚਾਹੀਦਾ ਹੈ। ਕਿਸੇ ਨੂੰ ਵੀ ਬਰੀ ਕਰਨ ਦਾ ਫੈਸਲਾ ਅਦਾਲਤ ਦੇ ਹੱਥ ਹੁੰਦਾ ਹੈ।

ਮਜੀਠੀਆ ਨੇ ਘੇਰਿਆ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਅਜਨਾਲਾ ਪਾਕਿਸਤਾਨ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ ‘ਤੇ ਹੈ ਜਿਸ ਤਰ੍ਹਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਥਾਣੇ ਵਿੱਚ ਕੀਤਾ ਉਹ ਵੱਡਾ ਅਲਰਟ ਹੈ । ਉਨ੍ਹਾਂ ਨੇ ਕਿਹਾ ਅਦਾਲਤ ਨੇ ਤੈਅ ਕਰਨਾ ਹੈ ਕਿ ਕੋਈ ਗੁਨਾਹਗਾਰ ਹੈ ਜਾਂ ਬੇਗੁਨਾਹ ਜੇਕਰ ਇਸੇ ਤਰ੍ਹਾਂ ਹੀ ਥਾਣਿਆਂ ‘ਤੇ ਕਬਜ਼ਾ ਕਰਕੇ ਬੰਦਿਆਂ ਨੂੰ ਛਡਾਇਆ ਗਿਆ ਤਾਂ ਮਾਹੌਲ ਹੋਰ ਖਰਾਬ ਹੋ ਜਾਵੇਗਾ । ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਨੂੰ ਲੈਕੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਅਜਿਹਾ ਕਰਕੇ ਬੇਅਦਬੀ ਕੀਤੀ ਹੈ ।

ਬਿੱਟੂ ਨੇ ਅੰਮ੍ਰਿਤਪਾਲ ਸਿੰਘ ‘ਤੇ ਸਵਾਲ ਚੁੱਕੇ

ਕਾਂਗਰਸ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਭਾਈ ਅੰਮ੍ਰਿਤਪਾਲ ਸਿੰਘ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਜਿਸ ਤਰ੍ਹਾਂ ਅਜਨਾਲਾ ਵਿੱਚ ਉਸ ਨੇ ਹਿੰਸਕ ਪ੍ਰਦਰਸ਼ਨ ਕਰਕੇ ਆਪਣੇ ਸਾਥੀਆਂ ਨੂੰ ਛਡਾਉਣ ਦਾ ਕੰਮ ਕੀਤਾ ਹੈ ਉਸੇ ਤਰ੍ਹਾਂ ਉਹ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਕੇ ਉਸ ਨੂੰ ਹਿੰਸਕ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਕਮਜ਼ੋਰੀ ਹੈ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਸਰੰਡਰ ਕਰ ਦਿੱਤਾ। ਬਿੱਟੂ ਨੇ ਕਿਹਾ ਜੇਕਰ ਅਜਿਹਾ ਹੀ ਮਾਹੌਲ ਰਿਹਾ ਤਾਂ ਆਉਣ ਵਾਲੇ ਦਿਨ ਪੰਜਾਬ ਦੇ ਲਈ ਬਹੁਤ ਹੀ ਭਿਆਨਕ ਸਾਬਿਤ ਹੋ ਸਕਦੇ ਹਨ ।

ਬੀਜੇਪੀ ਨੇ ਚੁੱਕੇ ਸਵਾਲ

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਗੁਰੂ ਸਾਹਿਬ ਜੀ ਦੇ ਸਰੂਪ ਨੂੰ ਢਾਲ ਦੀ ਤਰ੍ਹਾਂ ਵਰਤਿਆ ਹੈ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਨੋਟਿਸ ਲੈਣ ਲਈ ਕਿਹਾ। ਉਹਨਾਂ ਨੇ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਸਖ਼ਤ ਨੋਟਿਸ ਲੈਣ ਲਈ ਕਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਨਾ ਸਿਰਫ਼ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋਣਾ ਹੈ, ਸਗੋਂ ਇਸ ਤੋਂ ਵੀ ਵੱਧ ਗੰਭੀਰ ਹੈ। ਉਨ੍ਹਾਂ ਆਖਿਆ ਕਿ ਪੁਲਿਸ ਥਾਣੇ ਉਤੇ ਹਮਲਾ ਕਰਨਾ ਤੇ ਆਪਣਾ ਬੰਦਾ ਛੁਡਾਉਣ ਦੀ ਕੋਸ਼ਿਸ਼ ਵਰਗਾ ਕੰਮ ਤਾਂ ਕਦੇ 1970-80 ਦੇ ਮਾੜੇ ਦੌਰ ਦੌਰਾਨ ਵੀ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਇਹ ਅੰਮ੍ਰਿਤਪਾਲ ਪਤਾ ਨਹੀਂ ਕਿੱਥੋਂ ਆਇਐ, ਇਸ ਨੇ ਆਉਂਦਿਆਂ ਹੀ ਗੜਬੜ ਸ਼ੁਰੂ ਕਰ ਦਿੱਤੀ ਹੈ। ਇਹ ਸਿਰਫ ਪੰਜਾਬ ਲਈ ਹੀ ਨਹੀਂ, ਸਗੋ ਪੂਰੇ ਦੇਸ਼ ਲਈ ਖਤਰਾ ਹੈ। ਕੈਪਟਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਦਰਸ਼ਨ ਵਾਲੀ ਥਾਂ ‘ਤੇ ਲਿਜਾਣ ਦੇ ਮਕਸਦ ‘ਤੇ ਵੀ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਥਾਣੇ ਦਾ ਘਿਰਾਓ ਕਰਨ ਵਾਲਿਆਂ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਵਰਤੀ ਗਈ ਸੰਜਮ ਦੀ ਸ਼ਲਾਘਾ ਕੀਤੀ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੰਮ੍ਰਿਤਪਾਲ ਸਿੰਘ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ ਹੈ ।

ਆਪ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਘੇਰਿਆ

ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਅਜਨਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਕੇ ਕੀਤੀ ਗਈ ਹਿੰਸਾ ਨੂੰ ਲੈਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਘੇਰਿਆ । ਉਨ੍ਹਾਂ ਕਿਹਾ ਪੰਜਾਬ ਪੁਲਿਸ ਨੇ ਬਹੁਤ ਦੀ ਸਮਝਦਾਰੀ ਨਾਲ ਇਸ ਘਟਨਾ ਨੂੰ ਹੈਂਡਲ ਕੀਤਾ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ ।