Punjab

ਪੰਜਾਬ ਪੁਲਿਸ ਨੇ ਕਪੂਰਥਲਾ ਦੇ ਵਕੀਲ ਨੂੰ ਚੁੱਕਿਆ: ਇਸ ਮਾਮਲੇ ਨੂੰ ਲੈ ਕੇ ਪਾਈ ਸੀ ਪਾਈ ਸੀ ਪੋਸਟ

Punjab Police , Facebook post, Amritpal case, Kapurthala , lawyer

ਕਪੂਰਥਲਾ : ਪੰਜਾਬ ਪੁਲਿਸ ਅਤੇ ਕੌਮੀ ਜਾਂਚ ਏਜੰਸੀ ਐਨਆਈਏ ਦੀ ਇੱਕ ਹੋਰ ਕਾਰਵਾਈ ਦੀ ਖ਼ਬਰ ਆਈ ਹੈ। ਜਿਸ ਤਹਿਤ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਜ਼ਿਲ੍ਹਾ ਅਦਾਲਤ ਵਿੱਚ ਪ੍ਰੈਕਟਿਸ ਕਰ ਰਹੇ ਇੱਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਿਕ ਐਡਵੋਕੇਟ ਰਾਜਦੀਪ ਸਿੰਘ ਨੇ ਫਰਾਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਬਾਰੇ ਆਪਣੀ ਫੇਸਬੁੱਕ ਵਾਲ ‘ਤੇ ਕੋਈ ਪੋਸਟ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਐਨਆਈਏ ਹਰਕਤ ਵਿੱਚ ਆ ਗਈ ਅਤੇ ਵਕੀਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਭਾਸਕਰ ਦੀ ਖ਼ਬਰ ਮੁਤਾਬਕ ਐਡਵੋਕੇਟ ਰਾਜਦੀਪ ਸਿੰਘ ਨੂੰ ਹਿਰਾਸਤ ‘ਚ ਲੈ ਕੇ ਉਸ ਕੋਲੋਂ ਅੰਮ੍ਰਿਤਪਾਲ ਨਾਲ ਉਸ ਦੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜ਼ਿਲ੍ਹਾ ਕਪੂਰਥਲਾ ਬਾਰ ਐਸੋਸੀਏਸ਼ਨ ਨੇ ਬਿਨਾਂ ਕਿਸੇ ਨੋਟਿਸ ਦੇ ਆਪਣੇ ਵਕੀਲ ਨੂੰ ਹਿਰਾਸਤ ਵਿੱਚ ਲੈਣ ਦਾ ਸਖ਼ਤ ਨੋਟਿਸ ਲਿਆ ਹੈ। ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ।

ਕਪੂਰਥਲਾ ਬਾਰ ਐਸੋਸੀਏਸ਼ਨ ਵੱਲੋਂ ਸਾਂਝੇ ਕੀਤੇ ਪੱਤਰ ਵਿੱਚ ਕੰਮ ਨਾ ਹੋਣ ਦਾ ਐਲਾਨ ਕਰਦਿਆਂ ਲਿਖਿਆ ਹੈ ਕਿ ਰਾਜਦੀਪ ਸਿੰਘ ਪੰਜਾ ਸਾਹਿਬ ਗਿਆ ਸੀ। ਉਹ ਉਥੋਂ ਵਾਪਸ ਆ ਰਿਹਾ ਸੀ ਕਿ ਰਸਤੇ ‘ਚ ਪੰਜਾਬ ਪੁਲਿਸ ਅਤੇ ਐਨਆਈਏ ਦੀ ਟੀਮ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਉਸ ਨੂੰ ਹਿਰਾਸਤ ਵਿੱਚ ਲਿਆ। ਉਸ ਦੀ ਗ੍ਰਿਫਤਾਰੀ ਸਿਰਫ ਇਸ ਲਈ ਕੀਤੀ ਗਈ ਹੈ ਕਿਉਂਕਿ ਉਸ ਨੇ ਆਪਣੀ ਫੇਸਬੁੱਕ ਵਾਲ ‘ਤੇ ਅੰਮ੍ਰਿਤਪਾਲ ਬਾਰੇ ਕੁਝ ਸਮੱਗਰੀ ਪਾਈ ਸੀ।

ਬਾਰ ਐਸੋਸੀਏਸ਼ਨ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾਬਕ (ਗੋਡੇਵਾਲਾ) ਦੇ ਵਸਨੀਕ ਕਪੂਰਥਲਾ ਕੋਰਟ ਪ੍ਰੈਕਟੀਸ਼ਨਰ ਰਾਜਦੀਪ ਸਿੰਘ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਬਾਰ ਐਸੋਸੀਏਸ਼ਨ ਨੇ ਅਦਾਲਤ ਨੂੰ ਦੱਸਿਆ ਹੈ ਕਿ ਅੱਜ ਕੋਈ ਵੀ ਵਕੀਲ ਅਦਾਲਤ ਵਿੱਚ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਕੰਮਕਾਰ ਕਰੇਗਾ।