Punjab

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ‘ਚ ਲਿਆ

Punjab Police detained the family members of Amritpal Singh

ਡਿਬੜੂਗੜ੍ਹ ਜੇਲ ਵਿਚ ਬੰਦ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਕੁਝ ਹੋਰ ਬੀਬੀਆਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਸਮੇਤ 5 ਲੋਕਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਗੋਲਡਨ ਗੇਟ ਕੋਲੋਂ  ਗ੍ਰਿਫ਼ਤਾਰ ਕਰ ਲਿਆ | ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵਲੋਂ ਕਲ 8 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੇਤਨਾ ਮਾਰਚ ਸ਼ੁਰੂ ਕੀਤਾ ਜਾਣਾ ਸੀ ਪਰ ਉਸਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ‘ਚ ਲੈ ਲਿਆ | ਪਰਿਵਾਰ ਮੰਗ ਕਰ ਰਿਹਾ ਹੈ ਕਿ ਅਸਾਮ ਦੀ ਡਿਬ੍ਰੂਗੜ੍ਹ ਜੇਲ ‘ਚ ਬੰਦ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ‘ਚ ਤਬਦੀਲ ਕੀਤਾ ਜਾਵੇ ਇਸ ਲਾਇ ਚੇਤਨਾ ਮਾਰਚ ਕੱਢਿਆ ਜਾਣਾ ਸੀ ।

ਦੂਜੇ ਬੰਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਦੁਆਰਾ ਹਿਰਾਸਤ ਵਿਚ ਲੈਣ ਦੀ ਕਾਰਵਾਈ ‘ਤੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ | ਜਥੇਦਾਰ ਸਾਹਿਬ ਨੇ ਕਿਹਾ ਕਿ ਬਿਨਾਂ ਵਜ੍ਹਾ ਤੋਂ ਮਾਹੌਲ ਵਿਚ ਤਲਖੀ ਪੈਦਾ ਕਰਨ ਤੋਂ ਗੁਰੇਜ਼ ਕੀਤਾ ਜਾਵੇ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਸਰਕਾਰ ਵਲੋਂ ਐਨ.ਐਸ.ਏ. ਲਗਾ ਕੇ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਕਰਨ ਦੇ ਖ਼ਿਲਾਫ਼ ਉਨ੍ਹਾਂ ਦੇ ਪਰਿਵਾਰਾਂ ਵਲੋੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਤਹਿਤ ਭਲ੍ਹਕੇ 8 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਣ ਵਾਲੇ ਖ਼ਾਲਸਾ ਚੇਤਨਾ ਮਾਰਚ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਸਰਕਾਰ ਵਲੋਂ ਵਰਤੇ ਜਾ ਰਹੇ ਹਥਕੰਡੇ ਪੰਜਾਬ ਦੀ ਅਮਨ-ਸ਼ਾਂਤੀ ਵਾਲੇ ਮਾਹੌਲ ਦੇ ਹਿਤ ਵਿਚ ਨਹੀਂ ਹਨ।

ਅੱਜ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿਚ ਲੈਣਾ ਸ਼ਰਮਨਾਕ ਕਾਰਵਾਈ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਅਤੀਤ ਤੋਂ ਸਬਕ ਲੈਂਦਿਆਂ ਕੋਈ ਵੀ ਅਜਿਹੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਦੇ ਨਾਲ ਸਿੱਖਾਂ ਵਿਚ ਰੋਸ ਤੇ ਅਲਹਿਦਗੀ ਦੀ ਭਾਵਨਾ ਵੱਧਦੀ ਹੋਵੇ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਹੁੰਦਾ ਹੋਵੇ। ਨਾਲ ਹੀ ਓਹਨਾ ਇਹ ਵੀ ਆਖਿਆ ਕਿ ਪੁਲਿਸ ਦੇ ਬਲ ਦੀ ਦੁਰਵਰਤੋਂ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦੇ ਪਰਿਵਾਰਾਂ ਵਲੋਂ ਚੁੱਕੀ ਜਾ ਰਹੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਦੁਆਰਾ ਵਰਤੀ ਜਾ ਰਹੀ ਜਬਰ ਦੀ ਨੀਤੀ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ‘ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅਸਾਮ ਦੀ ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ, ਉਨ੍ਹਾਂ ਦੇ ਚਾਚਾ ਅਤੇ ਹੋਰ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਬਰੀ ਪੁਲਿਸ ਹਿਰਾਸਤ ਵਿੱਚ ਲੈਣਾ ਮਨੁੱਖੀ ਹੱਕਾਂ ਅਤੇ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਬਾਉਣ ਵਾਲੀ ਕਾਰਵਾਈ ਹੈ।’

ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਸਿੱਖੀ ਚੇਤਨਾ ਲਈ ਆਯੋਜਿਤ ਕੀਤੇ ਜਾਣ ਵਾਲੇ ਚੇਤਨਾ ਮਾਰਚ ਤੋਂ ਆਪਣੀਆਂ ਗਲਤੀਆਂ ਅਤੇ ਕਮਜ਼ੋਰੀਆਂ ਦੇ ਨਸ਼ਰ ਹੋਣ ਕਾਰਨ ਡਰ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਸਰਕਾਰ ਸਿੱਖ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਬਜਾਏ ਉਲਟਾ ਉਹਨਾਂ ਦੇ ਮਾਪਿਆਂ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਹੀ ਹੈ।

ਇਹ ਪੰਜਾਬ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਿੱਧੇ ਤੌਰ ਉਤੇ ਕਤਲ ਹੈ। ਇਸ ਦੇ ਨਾਲ ਹੀ ਸਿੱਖ ਚੇਤਨਾ ਮਾਰਚ ਨੂੰ ਰੋਕਣ ਲਈ ਕੀਤੀ ਜਾ ਰਹੀ ਹਰਕਤ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੀ ਵੀ ਉਲੰਘਣਾ ਹੈ। ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਅਜਿਹੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਬਚਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਤਰ੍ਹਾਂ ਹਿੱਤ ਵਿੱਚ ਨਹੀਂ ਹੈ। ਖਾਸ ਤੌਰ ਤੇ ਸਿੱਖ ਵਿਚਾਰਧਾਰਾ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।