Punjab Sports

11 ਜਨਵਰੀ ਨੂੰ ਮੁਹਾਲੀ ਦੇ ਕ੍ਰਿਕਟ ਸਟੇਡੀਅਮ ‘ਚ ਅਖੀਰਲਾ ਮੈਚ, ਜਾਣੋ ਵਜ੍ਹਾ

 

ਬਿਉਰੋ ਰਿਪੋਰਟ : ਮੁਹਾਲੀ ਵਿੱਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨੀਸਤਾਨ ਦੇ ਵਿਚਾਲੇ T20 ਮੈਚ ਹੋਵੇਗਾ । ਇਹ ਮੈਚ ਮੁਹਾਲੀ ਦੇ IS ਬਿੰਦਰਾ ਸਟੇਡੀਅਮ ਵਿੱਚ ਅਖੀਰਲਾ ਕੌਮਾਂਤਰੀ ਮੈਚ ਹੋ ਸਕਦਾ ਹੈ । ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਬਣ ਕੇ ਤਿਆਰ ਹੋ ਚੁੱਕਿਆ ਹੈ । ਇਸ ਵਿੱਚ ਪਹਿਲਾਂ ਰਣਜੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ ਖੇਡੇ ਜਾ ਚੁੱਕੇ ਹਨ ਅਤੇ ਹੁਣ ਜਲਦ ਹੀ ਕੌਮਾਂਤਰੀ ਮੈਚ ਵੀ ਖੇਡੇ ਜਾਣਗੇ ।

BCCI ਦੇ ਅਧਿਕਾਰੀ ਜਲਦ ਕਰਨਗੇ ਸਰਵੇਂ

ਨਿਊ ਚੰਡੀਗੜ੍ਹ ਵਿੱਚ ਪੰਜਾਬ ਕ੍ਰਿਕਟ ਸਟੇਡੀਅਮ ਬਣ ਕੇ ਤਿਆਰ ਹੋ ਚੁੱਕਿਆ ਹੈ । ਹੁਣ ਇਹ ਸਟੇਡੀਅਮ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਦੇ ਲਈ ਬਣਕੇ ਤਿਆਰ ਹੈ । ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਦੱਸਿਆ ਕਿ ਜਲਦ ਹੀ ਬੀਸੀਸੀਆਈ ਦੇ ਅਧਿਕਾਰੀ ਸਟੇਡੀਅਮ ਦਾ ਫਾਈਨਲ ਸਰਵੇਂ ਕਰਨਗੇ। ਬੀਸੀਸੀਆਈ ਦੀ ਮਨਜ਼ੂਰੀ ਦੇ ਬਾਅਦ ਸਾਰੇ ਕੌਮਾਂਤਰੀ ਮੈਚ ਇੱਥੇ ਹੀ ਖੇਡੇ ਜਾਣਗੇ। ਸਟੇਡੀਅਨ ਨਵੀਂ ਤਕਨੀਕ ਨਾਲ ਲੈਸ ਹੈ ।

ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਮੈਚ ਵੇਖਣ ਆਏ ਦਰਸ਼ਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਸਟੇਡੀਅਮ ਵਿੱਚ ਖਾਸ ਧਿਆਨ ਰੱਖਿਆ ਗਿਆ ਹੈ । ਖਿਡਾਰੀਆਂ ਦੇ ਆਉਣ ਜਾਣ ਦਾ ਵੱਖ ਤੋਂ ਰਲਤਾ ਬਣਾਇਆ ਗਿਆ ਹੈ । ਸਟੇਡੀਅਮ ਦੇ ਗੇਟ ਦੇ ਨਾਲ ਹੀ ਪ੍ਰੈਕਟਿਸ ਪਿੱਚ ਬਣਾਈ ਗਈ ਹੈ । ਖਿਡਾਰੀਆਂ ਲਈ ਸ਼ਾਨਦਾਰ ਪਵੀਲੀਅਨ ਤਿਆਰ ਕੀਤਾ ਗਿਆ ਹੈ । ਦਰਸ਼ਕਾਂ ਦੇ ਨਿਕਲਣ ਲਈ 12 ਲਿਫਟ ਅਤੇ 16 ਗੇਟ ਬਣਾਏ ਗਏ ਹਨ । ਸਟੇਡੀਅਮ ਵਿੱਚ ਤਕਰੀਬਨ 1600 ਗੱਡੀਆਂ ਦੀ ਪਾਰਕਿੰਗ ਹੋ ਸਕਦੀ ਹੈ । ਇਸ ਤੋਂ ਇਲਾਵਾ ਸਟੇਡੀਅਮ ਦੇ ਨਜ਼ਦੀਕ ਚਾਰੋ ਪਾਸੇ ਤੋਂ ਕਾਫੀ ਥਾਂ ਖਾਲੀ ਹੈ,ਜਿੱਥੇ ਮੈਚ ਦੇ ਦੌਰਾਨ ਖਾਣ-ਪੀਣ ਦੇ ਸਟਾਲ ਲਗਾਏ ਜਾ ਸਕਦੇ ਹਨ ਤਾਂਕੀ ਦਰਸ਼ਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਲਾਲ ਅਤੇ ਕਾਲੀ ਮਿੱਟੀ ਦੀ ਹੈ ਪਿੱਚ

ਨਿਊ ਚੰਡੀਗੜ੍ਹ ਵਿੱਚ ਬਣਾਇਆ ਗਿਆ ਕ੍ਰਿਕਟ ਸਟੇਡੀਅਮ ਦੇਸ਼ ਦਾ ਇਕਲੌਤਾ ਅਜਿਹਾ ਸਟੇਡੀਅਮ ਹੈ ਜਿਸ ਵਿੱਚ ਲਾਲ ਅਤੇ ਕਾਲੀ ਮਿੱਟੀ ਦੋਵਾਂ ਪਿੱਚ ਮੌਜੂਦ ਹਨ । ਸਟੇਡੀਅਮ ਵਿੱਚ ਭਿਵਾਨੀ ਦੀ ਕਾਲੀ ਮਿੱਟੀ ਦੀ ਪਿੱਚ ਬਣਾਈ ਗਈ ਹੈ । ਉਧਰ ਸਟੇਡੀਅਮ ਵਿੱਚ ਗਰਾਉਂਡ B ਅਤੇ ਪ੍ਰੈਕਟਿਸ ਪਿੱਚ ਲਾਲ ਮਿੱਟੀ ਨਾਲ ਤਿਆਰ ਕੀਤੀ ਗਈ ਹੈ । ਲਾਲ ਮਿੱਟੀ ਦੀ ਪਿੱਚ ਵਿੱਚ ਜ਼ਿਆਦਾ ਬਾਉਂਸ ਅਤੇ ਰਫਤਾਰ ਹੁੰਦੀ ਹੈ । ਇਹ ਤੇਜ਼ ਗੇਂਦਬਾਜ਼ਾਂ ਦੇ ਲਈ ਚੰਗੀ ਮੰਨੀ ਜਾਂਦੀ ਹੈ। ਉਧਰ ਕਾਲੀ ਮਿੱਟੀ ਵਿੱਚ ਜਲਦੀ ਬ੍ਰੇਕ ਆਉਂਦੇ ਹਨ,ਇਸ ਲਈ ਇਹ ਸਪਿਨਰ ਦੇ ਲਈ ਮਦਦਗਾਰ ਹੁੰਦੀ ਹੈ ।