Punjab

ਪੰਜਾਬ ‘ਚ ਠੰਡ ਨੇ ਤੋੜਿਆ 10 ਸਾਲ ਦਾ ਰਿਕਾਰਡ ! 7 ਦਿਨਾਂ ਲਈ ਮੌਸਮ ਵਿਭਾਗ ਦਾ ਵੱਡਾ ਅਲਰਟ

ਬਿਉਰੋ ਰਿਪੋਰਟ : ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਕੜਾਕੇ ਦੀ ਠੰਡ ਨੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ । 13 ਜਨਵਰੀ ਲੋਹੜੀ ਵਾਲੇ ਦਿਨ ਤਾਂ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਹੀ ਠੰਡ ਦਾ ਰੈਡ ਅਲਰਟ ਜਾਰੀ ਹੈ । ਯਾਨੀ ਤਾਬੜ ਤੋੜ ਠੰਡ ਪੈਣ ਵਾਲੀ ਹੈ । 12 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਤੋਂ ਸੂਬੇ ਵਿੱਚ ਪੈ ਰਹੀ ਠੰਡ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਅੰਮ੍ਰਿਤਸਰ ਵਿੱਚ ਰਾਤ ਦਾ ਪਾਰਾ 1.4 ਡਿਗਰੀ ਦਰਜ ਕੀਤਾ ਗਿਆ ਸੀ । ਜਦਕਿ ਫਰੀਦਕੋਟ,ਬਠਿੰਡਾ,ਗੁਰਦਾਸਪੁਰ,ਬਰਨਾਲਾ ਵਿੱਚ ਤਾਪਮਾਨ 2 ਤੋਂ 3 ਡਿਗਰੀ ਦੇ ਵਿਚਾਲੇ । ਮੌਸਮ ਵਿਭਾਗ ਮੁਤਾਬਿਕ 14 ਤੋਂ 19 ਜਨਵਰੀ ਦੇ ਵਿਚਾਲੇ ਦੋਵੇ ਸੂਬਿਆਂ ਨੂੰ ਹਲਕੀ ਰਾਹਤ ਮਿਲ ਸਕਦੀ ਹੈ । ਰਾਤਾ ਠੰਡੀ ਹੋਣਗੀਆਂ, ਪਰ ਦਿਨ ਦੇ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਕੀਤਾ ਜਾ ਸਕਦਾ ਹੈ। 14 ਤੋਂ 19 ਜਨਵਰੀ ਤੱਕ ਮੌਸਮ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਪਰ ਧੁੰਦ ਦਾ ਯੈਲੋ ਅਲਰਟ ਜਾਰੀ ਰਹੇਗਾ। ਮੌਸਮ ਵਿਭਾਗ ਵੱਲੋਂ ਪਠਾਨਕੋਟ,ਹੁਸ਼ਿਆਰਪੁਰ,ਰੂਪ ਨਗਰ ਅਤੇ ਮੁਹਾਲੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ।

ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸ਼ਨਿੱਚਰਵਾਾਰ ਦੀ ਸਵੇਰ ਸੰਘਣੀ ਧੁੰਦ ਰਹੀ,ਵਿਜ਼ੀਬਿਲਟੀ 25 ਤੋਂ 50 ਮੀਟਰ ਦੇ ਵਿਚਾਲੇ ਸੀ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਚੰਡੀਗੜ੍ਹ ਵਿੱਚ ਵੀ ਅਜਿਹੇ ਹੀ ਹਾਲਾਤ ਹਨ ।
ਹਰਿਆਣਾ ਦੇ 8 ਜ਼ਿਲ੍ਹੇ ਅੰਬਾਲਾ,ਕੁਰੂਸ਼ੇਤਰ,ਕਰਨਾਲ,ਕੈਥਲ,ਮਹੇਂਦਰਗੜ੍ਹ,ਰੇਵਾੜੀ,ਫਰੀਦਾਬਾਦ,ਗੁਰੂਗਰਾਮ ਵਿੱਚ ਠੰਡ ਅਤੇ ਧੁੰਦ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ । ਜਦਕਿ ਚੰਡੀਗੜ੍ਹ ਵਿੱਚ ਧੁੰਦ ਰਹੇਗੀ ਅਤੇ ਦੁਪਹਿਰ ਨੂੰ ਧੁੱਪ ਰਹੇਗੀ ।

16-17 ਜਨਵਰੀ ਨੂੰ ਬਰਫ਼ਬਾਰੀ

ਹਿਮਾਚਲ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਮੌਸਮ ਆਮ ਵਰਗਾ ਰਹੇਗਾ,ਇਸ ਵਿੱਚ ਕੋਈ ਜ਼ਿਆਦਾ ਤਬਦੀਲੀ ਨਹੀਂ ਆਉਣ ਵਾਲੀ ਹੈ। ਬਿਲਾਸਪੁਰ,ਮੰਡੀ,ਊਨਾ,ਕਾਂਗੜਾ ਵਿੱਚ ਧੁੰਦ ਦਾ ਅਲਰਟ ਹੈ। 16 ਜਨਵਰੀ ਨੂੰ ਮੌਸਮ ਬਦਲੇਗਾ । 16-17 ਨੂੰ ਹਿਮਾਚਲ ਦੇ ਚੰਬਾ,ਕਿਨੌਰ,ਲਾਹੌਰ ਸਪੀਤੀ ਅਤੇ ਸ਼ਿਮਲਾ ਦੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਹੋ ਸਕਦੀ ਹੈ ।

ਮੌਸਮ ਦੇ ਮਾਹਿਰਾ ਦੇ ਮੁਤਾਬਿਕ ਉੱਤਰ ਭਾਰਤ ਵਿੱਚ ਪਹਾੜਾਂ ‘ਤੇ ਬਰਫ਼ਬਾਰੀ ਅਤੇ ਮੈਦਾਨ ਵਿੱਚ ਮੀਂਹ ਨਾ ਹੋਣ ਦੇ ਪਿੱਛੇ ਵੱਡੀ ਵਜ੍ਹਾ ਗਲੋਬਲ ਪੈਟਰਨ ਹੈ । ਸਰਦੀਆਂ ਵਿੱਚ ਮੌਸਮ ਵਿੱਚ ਬਰਫਬਾਰੀ ਦੇ ਲਈ ਅਟਲਾਂਟਿਕ ਮਹਾਂਸਾਗਰ ਵਿੱਚ ਹਵਾਵਾਂ ਆਉਂਦੀਆਂ ਹਨ । ਪੋਲ ਦੇ ਵੱਲੋਂ ਠੰਡੀ ਅਤੇ ਟ੍ਰਾਪਿਕ ਵੱਲੋਂ ਗਰਮ ਹਵਾਵਾਂ ਆਉਣ ਨਾਲ ਪਛਮੀ ਗੜਬੜੀ ਹੁੰਦੀ ਹੈ । ਜੋ ਪਹਾੜਾਂ ਵਿੱਚ ਬਰਫ਼ ਅਤੇ ਮੈਦਾਨਾਂ ਵਿੱਚ ਮੀਂਹ ਦਾ ਕਾਰਨ ਬਣ ਦੀ ਹੈ ।