ਜ਼ੀਰਾ : ਪੜਾਈ ਵਿੱਚ ਵਧੀਆ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਜੇਕਰ ਹੋਰ ਵੀ ਉਤਸ਼ਾਹਿਤ ਕੀਤਾ ਜਾਵੇ ਤਾਂ ਉਹਨਾਂ ਤੋਂ ਹੋਰ ਵੀ ਵਧੀਆ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸੇ ਚੀਜ਼ ਨੂੰ ਮੁੱਖ ਰਖਦੇ ਹੋਏ ਜ਼ੀਰਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਪੜ੍ਹਾਈ ‘ਚ ਟਾਪ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਤੇ ਹੋਰ ਵਿਦਿਆਰਥੀਆਂ ‘ਚ ਉਤਸ਼ਾਹ ਪੈਦਾ ਕਰਨ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ,ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਰ ਕੋਈ ਇਸ ਦੀ ਵਡਿਆਈ ਕਰ ਰਿਹਾ ਹੈ ।
ਸਕੂਲ ਵਿੱਚ ਜੇਕਰ ਕੋਈ ਵੀ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਜੇਕਰ ਮੈਰਿਟ ਸੂਚੀ ਵਿੱਚ ਸ਼ਾਮਲ ਹੋਵੇਗਾ ਤਾਂ ਉਸ ਨੂੰ ਇਨਾਮ ਦੇ ਤੌਰ ਤੇ ਹਵਾਈ ਟੂਰ ਕਰਵਾਇਆ ਜਾਵੇਗਾ,ਜਿਸ ਦਾ ਖਰਚਾ ਪ੍ਰਿੰਸੀਪਲ ਨਿੱਜੀ ਤੌਰ ਚੁੱਕਣਗੇ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਨਾਲ ਦੂਜੇ ਵਿਦਿਆਰਥੀ ਵੀ ਪ੍ਰੇਰਿਤ ਹੋਣਗੇ ‘ਤੇ ਹਵਾਈ ਯਾਤਰਾ ਕਰਨ ਲਈ ਸਖ਼ਤ ਮਿਹਨਤ ਕਰਨਗੇ।
ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਹੈ ਕਿ ਪਹਿਲਾਂ ਸਕੂਲ ਦੀਆਂ ਵਿਦਿਆਰਥਣਾਂ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ ਮੈਰਿਟ ਵਿੱਚ ਕੋਈ ਸਥਾਨ ਹਾਸਲ ਨਹੀਂ ਕਰ ਸਕੀਆਂ ਸਨ ਪਰ ਉਹਨਾਂ ਨੂੰ ਦੁਬਾਰਾ ਮਿਹਨਤ ਕਰਵਾਈ ਗਈ ਤੇ ਮਨੋਬਲ ਵਧਾਉਣ ਲਈ ਅਤੇ ਸਟੇਟ ਮੈਰਿਟ ਸੂਚੀ ਵਿੱਚ ਸਥਾਨ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਭਜਨਪ੍ਰੀਤ ਕੌਰ ਨੇ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ‘ਚ 500 ‘ਚੋਂ 492 ਅਤੇ ਸਿਮਰਨਜੀਤ ਕੌਰ ਨੇ 500 ‘ਚੋਂ 490 ਅੰਕ ਪ੍ਰਾਪਤ ਕਰਕੇ ਸੂਬੇ ਦੀ ਮੈਰਿਟ ਸੂਚੀ ‘ਚ ਸਥਾਨ ਹਾਸਲ ਕੀਤਾ ਹੈ | ਜਦੋਂ ਕਿ 10ਵੀਂ ਜਮਾਤ ਦੀ ਵਿਦਿਆਰਥਣ ਲਖਵੀਰ ਕੌਰ ਨੇ 650 ਵਿੱਚੋਂ 630 ਅਤੇ ਸ਼ੀਤਲ ਬਾਂਸਲ ਨੇ 650 ਵਿੱਚੋਂ 629 ਅੰਕ ਪ੍ਰਾਪਤ ਕਰਕੇ ਰਾਜ ਦੀ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ। ਸੋ ਕੀਤੇ ਗਏ ਵਾਅਦੇ ਦੇ ਅਨੁਸਾਰ ਮੈਰਿਟ ਵਿੱਚ ਆਉਣ ਵਾਲੀਆਂ ਦੋ ਵਿਦਿਆਰਥਣਾਂ ਭਜਨਪ੍ਰੀਤ ਅਤੇ ਸਿਮਰਨਜੀਤ ਨੂੰ ਇਸ ਸਾਲ ਨਵੰਬਰ ਦੇ ਮਹੀਨੇ ਅੰਮ੍ਰਿਤਸਰ ਤੋਂ ਗੋਆ ਤੱਕ ਹਵਾਈ ਸਫਰ ਕਰਵਾਇਆ ਗਿਆ।ਸਕੂਲ ਦੇ ਵਿਦਿਆਰਥੀਆਂ ਵਿੱਚ ਇਸ ਨੂੰ ਲੈ ਕੇ ਬਹੁਤ ਉਤਸ਼ਾਹ ਹੈ ।