ਪੰਜਾਬ ਦੇ 14 ਹਜ਼ਾਰ ਤੋਂ ਵੱਧ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸ਼ੰਭ ਸਰਹੱਦ ‘ਤੇ ਖੜ੍ਹੇ ਹਨ। ਅੱਜ ਕਿਸਾਨਾਂ ਨੇ ਮਾਰਚ ਕਰਨ ਦਾ ਐਲਾਨ ਕੀਤਾ ਸੀ, ਸ਼ੰਭੂ ਸਰਹੱਦ ‘ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਕਿਉਂਕਿ ਹਰਿਆਣਾ ਸਰਕਾਰ ਅਤੇ ਕਿਸਾਨ ਇਸ ਵੇਲੇ ਆਹਮੋ-ਸਾਹਮਣੇ ਹਨ। ਜਿਸ ਵਿੱਚ ਪਿਛਲੇ ਦਿਨੀਂ ਕਈ ਕਿਸਾਨ ਜ਼ਖ਼ਮੀ ਵੀ ਹੋ ਚੁੱਕੇ ਹਨ। ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਚੌਕਸ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਐਮਰਜੈਂਸੀ ਸਹੂਲਤਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਸਰਹੱਦ ‘ਤੇ ਐਸਐਸਐਫ ਦੀਆਂ 5 ਤੋਂ ਵੱਧ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ-ਹਰਿਆਣਾ ਸਰਹੱਦ ‘ਤੇ ਵੱਡੀ ਗਿਣਤੀ ‘ਚ ਐਂਬੂਲੈਂਸਾਂ ਤਾਇਨਾਤ ਹਨ। ਕਿਸਾਨਾਂ ਦੀ ਸਹੂਲਤ ਲਈ ਉੱਥੇ ਪਾਣੀ ਦੇ ਟੈਂਕਰਾਂ ਅਤੇ ਪਖਾਨਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਰਹੱਦ ਦੇ ਨੇੜੇ ਦੇ ਸਾਰੇ ਹਸਪਤਾਲਾਂ ਵਿੱਚ ਸੇਵਾਵਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਡਾਕਟਰਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਮੰਗਲਵਾਰ ਦੇਰ ਰਾਤ ਸ਼ੰਭੂ ਬਾਰਡਰ ਤੋਂ 5 ਕਿੱਲੋਮੀਟਰ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ। ਜਿਸ ਵਿੱਚ ਸ਼ੰਭੂ ਬਾਰਡਰ ਦੇ ਐਸਐਚਓ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਅਤੇ ਮੁਹਾਲੀ ਦੇ ਐਸਪੀ ਜਗਵਿੰਦਰ ਸਿੰਘ ਚੀਮਾ ਜ਼ਖ਼ਮੀ ਹੋ ਗਏ। ਦੋਹਾਂ ਨੂੰ ਰਾਤ ਨੂੰ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਅੰਦੋਲਨ ਦੌਰਾਨ ਹੁਣ ਤੱਕ 4 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ 2 ਕਿਸਾਨ ਅਤੇ 2 ਹਰਿਆਣਾ ਪੁਲਿਸ ਵੀ ਸ਼ਾਮਲ ਹਨ।
ਕੇਂਦਰ ਅਤੇ ਕਿਸਾਨਾਂ ਵਿਚਾਲੇ ਚਾਰ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ। 18 ਫਰਵਰੀ ਦੀ ਰਾਤ ਨੂੰ ਕੇਂਦਰ ਨੇ 5 ਸਾਲਾਂ ਲਈ ਮੱਕੀ, ਕਪਾਹ, ਦਾਲਾਂ, ਉੜਦ ਅਤੇ ਅਰਹਰ ਦੀਆਂ 5 ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦਣ ਦੀ ਤਜਵੀਜ਼ ਰੱਖੀ ਸੀ ਪਰ ਕਿਸਾਨਾਂ ਨੇ ਇਸ ਨੂੰ ਠੇਕਾ ਖੇਤੀ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ। ਕੇਂਦਰ ਸਰਕਾਰ ਦੇ ਇਰਾਦਿਆਂ ਅਤੇ ਨੀਤੀਆਂ ਵਿੱਚ ਖ਼ਾਮੀਆਂ ਦੱਸਦਿਆਂ ਕਿਸਾਨਾਂ ਨੇ ਅੱਜ – 21 ਫਰਵਰੀ – ਅੱਗੇ ਵਧਣ ਦਾ ਐਲਾਨ ਕੀਤਾ ਸੀ।