Khetibadi Punjab

ਕਿਸਾਨਾਂ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ…ਹੁਣ ਬੀਜ ਲੈਣਾ ਹੋਇਆ ਸੌਖਾ !

Punjab government's big initiative for farmers... now it is easy to get seeds!

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਕਿਸਾਨਾਂ ਲਈ ਮੋਬਾਈਲ ਐਪ ‘ਬੀਜ’ ਲਾਂਚ ਕੀਤੀ ਹੈ ਤਾਂ ਜੋ ਉਹ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਣ ਕਿ ਉਨ੍ਹਾਂ ਵੱਲੋਂ ਖਰੀਦਿਆ ਗਿਆ ਬੀਜ ਮਨਜ਼ੂਰਸ਼ੁਦਾ ਹੈ ਜਾਂ ਨਹੀਂ। ਇਸ ਐਪ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲਾਂਚ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਪਾਹ ਉਤਪਾਦਕਾਂ ਨੂੰ ਗੈਰ-ਮਨਜ਼ੂਰਸ਼ੁਦਾ ਬੀਜ ਖਰੀਦ ਕੇ ਭਾਰੀ ਨੁਕਸਾਨ ਝੱਲਣਾ ਪਿਆ ਤੇ ਇਸ ਤੋਂ ਬਚਣ ਲਈ ਸਰਕਾਰ ਨੇ ਇਹ ਐਪ ਲਾਂਚ ਕੀਤੀ ਹੈ।

ਧਾਲੀਵਾਲ ਨੇ ਕਿਹਾ ਕਿ ਜੋ ਸਾਡੇ ਕੋਲ ਬੀਜ ਲੈਣਗੇ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ। ਅਸੀਂ ਪੰਜਾਬ ਵਿੱਚ ਉਹੀ ਫਸਲ ਬੀਜਣ ਦੇਵਾਂਗੇ ਜੋ ਠੀਕ ਹੋਵੇਗੀ। PAU ਵਿੱਚ ਜੋ ਬੀਜ ਦੇ ਟ੍ਰਾਇਲ ਚੱਲ ਰਹੇ ਹਨ ਉਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਟ੍ਰਾਇਲ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਨਤਾ ਦੇ ਦਿੱਤੀ ਹੈ, ਅਸੀਂ ਕਿਸਾਨਾਂ ਨੂੰ ਦੱਸ ਰਹੇ ਹਾਂ ਕਿ ਇਹ ਬੀਜ ਲਉ, ਇਹ ਜ਼ਿੰਮੇਵਾਰੀ ਸਾਡੀ ਹੈ, ਪਹਿਲਾਂ ਬੀਜ ਵਾਲੀਆਂ ਕੰਪਨੀਆਂ ਕਿਸਾਨਾਂ ਨੂੰ ਗੁੰਮਰਾਹ ਕਰਦੀਆਂ ਸਨ।

ਐਪ ਦੀਆਂ ਵਿਸ਼ੇਸ਼ਤਾਵਾਂ

• ਇਹ ਕੇਂਦਰ ਸਰਕਾਰ ਨਾਲ ਸਾਂਝਾ ਉਪਰਾਲਾ ਹੈ।

• ਇਸ ਦਾ ਫ਼ਾਇਦਾ ਕਿਸਾਨ ਨੂੰ ਵੀ ਹੋਵੇਗਾ ਤੇ ਬੀਜ ਵੇਚਣ ਵਾਲਿਆਂ ਨੂੰ ਵੀ।

• ਇਸ ਐਪ ਨਾਲ ਕਿਸਾਨਾਂ ਨੂੰ ਘਰ ਬੈਠੇ ਹੀ ਸਮਾਨ ਮਿਲ ਜਾਵੇਗਾ ਅਤੇ ਨਕਲੀ ਬੀਜ ਨੂੰ ਵੀ ਠੱਲ ਪਾਈ ਜਾ ਸਕਦੀ ਹੈ।

• ਇਸ ਐਪ ਨਾਲ ਪੰਜਾਬ ਵਿੱਚ ਮਿਆਰੀ ਬੀਜ ਦੀ ਵਿਕਰੀ ਹੋਵੇਗੀ।

• ਇਸ ਐਪ ਵਿੱਚ ਮਾਨਤਾ ਪ੍ਰਾਪਤ ਡੀਲਰ ਹੋਣਗੇ।

• ਜੋ ਕਿਸਾਨ ਬਾਹਰੋਂ ਬੀਜ ਲਵੇਗਾ, ਉਸਦਾ ਨੁਕਸਾਨ ਹੋਵੇਗਾ।

• ਪੰਜਾਬ ਭਾਰਤ ਦਾ ਪਹਿਲਾ ਸੂਬਾ ਹੋਵੇਗਾ, ਜਿਸ ਨੇ ਇਹ ਐਪ ਜਾਰੀ ਕੀਤਾ ਹੈ।

ਇਸਦੇ ਨਾਲ ਹੀ ਧਾਲੀਵਾਲ ਨੇ ਨਵੀਂ ਖੇਤੀ ਨੀਤੀ 31 ਮਾਰਚ ਤੱਕ ਲੈ ਕੇ ਆਉਣ ਦਾ ਵੀ ਐਲਾਨ ਕੀਤਾ ਹੈ। ਇਸਦੇ ਲਈ 11 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।

 

ਉੱਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲਦ ਹੀ ‘ਕਿਸਾਨ ਮਿਲਣੀ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਆਮ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ ਜਾ ਸਕੇ। ਕਿਸਾਨਾਂ ਦੀਆਂ ਫ਼ਸਲੀ ਮੁਸ਼ਕਲਾਂ ਨੂੰ ਜਾਣਨ ਤੇ ਉਨ੍ਹਾਂ ਦੇ ਨਿਪਟਾਰੇ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ 12 ਫਰਵਰੀ ਨੂੰ ਲੁਧਿਆਣਾ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਪੰਜਾਬ ਖੇਤੀ ’ਵਰਸਿਟੀ ਦੇ ਕੈਂਪਸ ਵਿਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿੱਥੇ ਮੁੱਖ ਮੰਤਰੀ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ।

ਵੇਰਵਿਆਂ ਅਨੁਸਾਰ ਹਰ ਜ਼ਿਲ੍ਹੇ ’ਚੋਂ ਕਰੀਬ 200 ਕਿਸਾਨਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ਪੰਡਾਲ ਵਿਚ ਅਲੱਗ ਅਲੱਗ ਹਿੱਸਿਆਂ ਵਿਚ ਵੰਡ ਕੇ ਬਿਠਾਇਆ ਜਾਣਾ ਹੈ ਅਤੇ ਉਨ੍ਹਾਂ ਦੇ ਨਾਲ ਪੰਡਾਲ ਵਿਚ ਖੇਤੀ ਮਾਹਿਰ ਵੀ ਬੈਠਣਗੇ। ਵੱਖੋ ਵੱਖਰੀਆਂ ਜਿਣਸਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਖੋ ਵੱਖਰੇ ਤੌਰ ’ਤੇ ਗਰੁੱਪਾਂ ਵਿਚ ਬਿਠਾਇਆ ਜਾਵੇਗਾ।

ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਸਮੇਤ ਕਰੀਬ 15 ਤੋਂ 20 ਗਰੁੱਪ ਬਣਾਏ ਜਾਣਗੇ। ਮਿਸਾਲ ਵਜੋਂ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਵੱਖਰਾ ਗਰੁੱਪ ਬਣਾਇਆ ਜਾਵੇਗਾ, ਜਿੱਥੇ ਉਨ੍ਹਾਂ ਦੇ ਨਾਲ ਖੇਤੀ ਮਾਹਿਰ ਅਤੇ ਖੇਤੀ ਅਫ਼ਸਰ ਬੈਠਣਗੇ।

ਮੁੱਖ ਮੰਤਰੀ ਨੇ ਪਿਛਲੇ ਦਿਨਾਂ ਵਿਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਕਿਸਾਨ ਮਿਲਣੀ ਪ੍ਰੋਗਰਾਮ ਦੀ ਸ਼ੁਰੂਆਤ ਦਾ ਨੁਕਤਾ ਸਾਂਝਾ ਕੀਤਾ ਸੀ। ਕਿਸਾਨਾਂ ਦੀ ਹਰ ਤਰ੍ਹਾਂ ਦੀ ਮੁਸ਼ਕਲ ਦਾ ਫ਼ੌਰੀ ਹੱਲ ਕਰਨ ਵਾਸਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨਗੇ।