Punjab

ਮੂਸੇਵਾਲਾ ਮਾਮਲੇ ‘ਚ ਮਾਨ ਦੇ ਸਲਾਹਕਾਰ ਬਲਤੇਜ ਪੰਨੂ ਖਿਲਾਫ ਹੋਏ ਕਾਰਵਾਈ ! ਬਚਾਅ ‘ਚ ਮੰਤਰੀ ਅਮਨ ਅਰੋੜਾ ਨੇ ਮ੍ਰਿਤਕ ਗਾਇਕ ‘ਤੇ ਹੀ ਸਵਾਲ ਚੁੱਕ ਦਿੱਤੇ !

congress demand baltej pannu arrest in sidhu moosawala case

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮੰਗਲਵਾਰ ਨੂੰ ਪੰਜਾਬ ਦੀ ਵਿਧਾਨਸਭਾ ਵਿੱਚ ਪੁੱਤਰ ਦੇ ਇਨਸਾਫ ਲਈ ਧਰਨਾ ਦਿੱਤੀ ਸੀ । ਇਸ ਦੌਰਾਨ ਉਨ੍ਹਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ‘ਤੇ ਪੁੱਤਰ ਦੀ ਸੁਰੱਖਿਆ ਘਟਾਉਣ ਦੀ ਜਾਣਕਾਰੀ ਲੀਕ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਸਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ । ਪਿਤਾ ਬਲਕੌਰ ਸਿੰਘ ਦੀ ਇਸ ਮੰਗ ਨੂੰ ਲੈਕੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਬਲਤੇਜ ਪੰਨੂ ਨੂੰ ਫੌਰਨ ਗ੍ਰਿਫਤਾਰ ਕਰਨ ਦੀ ਮੰਗ ਕੀਤਾ ਅਤੇ ਕਿਹਾ ਕਿ ਪੰਨੂ ਖਿਲਾਫ 120 B ਦਾ ਪਰਚਾ ਦਰਜ ਹੋਣਾ ਚਾਹੀਦਾ ਹੈ । ਬਾਜਵਾ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਵੱਲੋਂ ਫੋਕੀ ਵਾਹ-ਵਾਹੀ ਲੁੱਟਣ ਦੇ ਲਈ ਇਹ ਕੰਮ ਕੀਤਾ ਗਿਆ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਦੁਨੀਆ ਭਰ ਵਿੱਚ ਮਸ਼ਹੂਰ ਸਿਤਾਰਾਂ ਚੱਲਾ ਗਿਆ ਅਤੇ ਬਜ਼ੁਰਗ ਮਾਪੇ ਆਪਣੇ ਪੁੱਤਰ ਦੇ ਇਨਸਾਫ ਦੀ ਮੰਗ ਕਰ ਰਹੇ ਹਨ । ਬਾਜਵਾ ਦੇ ਇਸ ਇਲਜ਼ਾਮ ਦਾ ਜਵਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਿਹੜਾ ਦਿੱਤਾ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ।

ਅਮਨ ਅਰੋੜਾ ਦਾ ਜਵਾਬ ਹੈਰਾਨ ਕਰਨ ਵਾਲਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੁਰੱਖਿਆ ਵਾਪਸ ਲਏ ਜਾਣ ਦੀ ਜਾਣਕਾਰੀ ਕਦੇ ਨਾ ਕਦੇ ਤਾਂ ਪਬਲਿਕ ਵਿੱਚ ਲੀਕ ਹੋ ਜਾਣੀ ਸੀ ਇਸ ਵਿੱਚ ਕੋਈ ਰਾਕੇਟ ਸਾਇੰਸ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੂਸੇਵਾਲਾ ਦੀ ਮੌਤ ਨੂੰ ਲੈਕੇ ਇੱਕ ਹੋਰ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਹਟਾਈ ਨਹੀਂ ਸੀ ਬਲਕਿ ਘਟਾਈ ਗਈ ਸੀ । ਜਿਹੜੇ 2 ਸੁਰੱਖਿਆ ਗਾਰਡ ਅਤੇ ਬੁਲਟ ਪਰੂਫ ਗੱਡੀ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਸੀ ਉਹ ਕਿਹੜੀ ਉਹ ਨਾਲ ਲੈਕੇ ਗਏ ਸਨ ? ਸਾਫ ਹੈ ਕਿ ਅਮਨ ਅਰੋੜਾ ਸੁਰੱਖਿਆ ਲੀਕ ਹੋਣ ‘ਤੇ ਜਿਹੜਾ ਤਰਕ ਦੇ ਰਹੇ ਹਨ ਉਹ ਇਸ ਲਈ ਵੀ ਹਜ਼ਮ ਨਹੀਂ ਹੁੰਦਾ ਹੈ ਕਿਉਂਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਜਦੋਂ 28 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਤਾਂ ਉਸੇ ਦੌਰਾਨ ਹੀ ਉਨ੍ਹਾਂ ਨੇ ਰਾਤੋ-ਰਾਤ ਮੂਸੇਵਾਲਾ ਨੂੰ ਅਗਲੇ ਦਿਨ ਹੀ ਮਾਰਨ ਦਾ ਪਲਾਨ ਬਣਾਇਆ ਸੀ । ਇਸ ਤੋਂ ਇਲਾਵਾ ਅਮਨ ਅਰੋੜਾ ਸੁਰੱਖਿਆ ਕਦੇ ਨਾ ਕਦੇ ਲੀਕ ਹੋਣ ਦਾ ਜਿਹੜਾ ਤਰਕ ਦੇ ਰਹੇ ਹਨ ਉਹ ਵੀ ਬੇਤੁਕਾ ਹੈ । ਉਨ੍ਹਾਂ ਦਾ ਦਾਅਵਾ ਹੈ ਕਿ ਕਦੇ ਨਾ ਕਦੇ ਤਾਂ ਸੁਰੱਖਿਆ ਲੀਕ ਹੋਣੀ ਸੀ । ਯਾਨੀ ਉਹ ਆਪਣੀ ਨਾਕਾਮੀ ਨੂੰ ਮੰਨ ਰਹੇ ਹਨ ਕਿ ਸਰਕਾਰ ਦਾ ਤੰਤਰ ਇੰਨਾਂ ਮਜ਼ਬੂਤ ਨਹੀਂ ਹੈ ਕਿ ਸੁਰੱਖਿਆ ਨਾਲ ਜੁੜੀ ਜਾਣਕਾਰੀ ਨੂੰ ਸੀਕਰੇਟ ਰੱਖ ਸਕੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੁਰੱਖਿਆ ਹਟਾਉਣ ਤੋਂ ਪਹਿਲਾਂ ਪੁਲਿਸ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਫੇਲ੍ਹ ਸਾਬਿਤ ਹੋਈ ਕਿ ਸਿੱਧੂ ਮੂਸੇਵਾਲਾ ਦੀ ਜਾਨ ਨੂੰ ਖਤਰਾ ਸੀ ? ਯਾਨੀ ਉਨ੍ਹਾਂ ਦਾ ਖੁਫਿਆ ਤੰਤਰ ਵੀ ਫੇਲ੍ਹ ਸਾਬਿਤ ਹੋਇਆ । ਜਾਂ ਫਿਰ ਮਾਨ ਸਰਕਾਰ ਨੇ ਸਿੱਧੂ ਮੂਸੇਵਾਲ ਦੇ ਉਸ ਗਾਣੇ ਨਰਾਜ਼ ਸੀ ਜੋ ਉਸ ਨੇ ਆਪਣੀ ਹਾਰ ‘ਤੇ ਕੱਢਿਆ ਸੀ ਅਤੇ ਲੋਕਾਂ ‘ਤੇ ਆਮ ਆਦਮੀ ਪਾਰਟੀ ਨੂੰ ਚੁਣਨ ਨੂੰ ਲੈਕੇ ਸਵਾਲ ਚੁੱਕੇ ਸਨ । ਕਿਉਂਕਿ ਇਸ ਗਾਣੇ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੂ ਮੂਸੇਵਾਲਾ ਖਿਲਾਫ ਹਮਲਾਵਰ ਹੋ ਗਈ ਸੀ। ਇਹ ਉਹ ਸਵਾਲ ਹਨ ਜਿਸ ਦਾ ਜਵਾਬ ਸਿੱਧੂ ਮੂਸੇਲਾਵਾ ਦੇ ਮਾਪੇ ਮੰਗ ਰਹੇ ਹਨ ਅਤੇ ਵਾਰ-ਵਾਰ ਇਸੇ ਲਈ ਸਰਕਾਰ ‘ਤੇ ਵੀ ਸਵਾਲ ਚੁੱਕ ਰਹੇ ਹਨ ।