Punjab Religion

‘ਸ਼੍ਰੀ ਅਕਾਲ ਤਖ਼ਤ ਨੂੰ ਚੁਣੌਤੀ ਦਾ ਮਤਲਬ ਹੈ ਪੰਥ ਨੂੰ ਚੁਣੌਤੀ’ਪੰਜਾਬ ਦੇ ਤਖ਼ਤਾਂ ਦੇ ਪੰਜ ਪਿਆਰਿਆਂ ਦੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਨਸੀਹਤ

ਬਿਊਰੋ ਰਿਪੋਰਟ : ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕੀ ਢਾਂਚੇ ਨੂੰ ਲੈਕੇ ਸ਼ੁਰੂ ਹੋਇਆ ਵਿਵਾਦ ਹੁਣ ਤਖ਼ਤਾਂ ਦੀਆਂ ਸਿਰਮੋਰਤਾ ਤੱਕ ਪਹੁੰਚ ਗਿਆ ਹੈ। ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਤਖ਼ਤ ਪਟਨਾ ਸਾਹਿਬ ਵਿੱਚ ਕਿਸੇ ਵੀ ਤਖ਼ਤ ਦੀ ਦਖਲ ਅੰਦਾਜੀ ਨੂੰ ਬਰਦਾਸ਼ਤ ਨਾ ਕਰਨ ਦੇ ਫੈਸਲੇ ਖਿਲਾਫ਼ ਹੁਣ ਸ਼੍ਰੀ ਅਕਾਲ ਤਖ਼ਤ,ਤਖਤ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਤਗੜਾ ਜਵਾਬ ਦਿੱਤਾ ਗਿਆ ਹੈ । ਤਿੰਨੋ ਤਖ਼ਤਾਂ ਦੇ ਪੰਜ ਪਿਆਰਿਆਂ ਨੇ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦਾ ਮਤਲਬ ਹੈ ਪੰਥ ਨੂੰ ਚੁਣੌਤੀ ਦੇਣਾ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਤਖ਼ਤ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਕਿਹਾ ਸ਼੍ਰੀ ਅਕਾਲ ਤਖ਼ਤ ਦੀ ਸਰਵ ਉੱਚਤਾ ਨੂੰ ਹਰ ਸਿੱਖ ਸਵੀਕਾਰ ਕਰਦਾ ਹੈ। ਤਖ਼ਤ ਪਟਨਾ ਸਾਹਿਬ ਦੇ ਕੁਝ ਗ੍ਰੰਥੀਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਦੀ ਮਰਿਆਦਾ ਨੂੰ ਚੁਣੌਤੀ ਦੇਣਾ ਸਿੱਖ ਪਰੰਪਰਾ ਦਾ ਘਾਣ ਹੈ,ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੁਣੌਤੀ ਦੇਣ ਦਾ ਮਤਲਬ ਪੰਥ ਨੂੰ ਚੁਣੌਤੀ ਦੇਣਾ ਸਮਝਿਆ ਜਾਵੇਗਾ। ਇਸ ਪੱਤਰ ‘ਤੇ ਤਖ਼ਤ ਦਮਦਮਾ ਸਾਹਿਬ ਦੇ ਪੰਜ ਪਿਆਰੇ ਕੇਵਲ ਸਿੰਘ,ਭਾਈ ਗੁਰਵਿੰਦਰ ਸਿੰਘ,ਭਾਈ ਹਰਜੀਤ ਸਿੰਘ,ਭਾਈ ਗੁਰਪ੍ਰੀਤ ਸਿੰਘ,ਭਾਈ ਅਮਨਦੀਪ ਸਿੰਘ ਨੇ ਹਸਤਾਖ਼ਰ ਕੀਤੇ ਹਨ। ਇਸੇ ਤਰ੍ਹਾਂ ਤਖ਼ਤ ਸ਼੍ਰੀ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਵੱਲੋਂ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਪੱਤਰ ਜਾਰੀ ਕੀਤਾ ਗਿਆ ਹੈ।

ਤਖ਼ਤ ਸ਼੍ਰੀ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਚਿਤਾਵਨੀ ਦਿੰਦੇ ਹੋਏ ਲਿਖਿਆ ਹੈ ਕਿ 6 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਤਖ਼ਤ ਪਟਨਾ ਸਾਹਿਬ ਨੂੰ ਲੈਕੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਉਸ ਨੂੰ ਸਾਰਾ ਖਾਲਸਾ ਪੰਜ ਸਿਰ ਮੱਥੇ ਮੰਨਦਾ ਹੈ। ਉਸ ਨੂੰ ਚੁਣੌਤੀ ਦੇਣਾ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ ।ਤਖ਼ਤ ਪਟਨਾ ਸਾਹਿਬ ਦੇ ਗ੍ਰੰਥੀ ਇਹ ਅਵੱਗਿਆ ਨਾ ਕਰਨ। ਇਸ ਪੱਤਰ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਭਾਈ ਸੁਖਜੀਤ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਅਮਰਜੀਤ ਸਿੰਘ,ਭਾਈ ਸੰਦੀਪ ਸਿੰਘ ਅਤੇ ਭਾਈ ਬਿਕਰਮਜੀਤ ਸਿੰਘ ਨੇ ਹਸਤਾਖ਼ਰ ਕੀਤੇ ਹਨ ।

ਉਧਰ ਤੀਜੇ ਤਖ਼ਤ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਨੇ ਵੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫੈਸਲੇ ਦਾ ਸਖਤ ਨੋਟਿਸ ਲਿਆ ਹੈ । ਉਨ੍ਹਾਂ ਨੇ ਪੱਤਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿੱਖ ਜਗਤ ਦੇ ਫੈਸਲੇ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਗਏ ਸ਼੍ਰੀ ਅਕਾਲ ਤਖ਼ਤ ਤੋਂ ਹੁੰਦੇ ਹਨ। ਸ਼੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਦਿੱਤੇ ਗਏ ਹੁਕਮਨਾਮੇ ਨੂੰ ਮੁੜ ਤੋਂ ਵਿਚਾਰਿਆ ਨਹੀਂ ਜਾ ਸਕਦਾ ਹੈ ਅਤੇ ਨਾ ਹੀ ਇਸ ‘ਤੇ ਦੁਨਿਆਵੀ ਅਦਾਲਤਾਂ ਦੇ ਕਾਨੂੰਨ ਲਾਗੂ ਹੁੰਦੇ ਹਨ । ਸ਼੍ਰੀ ਅਕਾਲ ਤਖ਼ਤ ਸਰਬ ਉੱਚ ਹੈ ਅਤੇ ਰਹੇਗਾ। ਇੱਥੋਂ ਜਾਰੀ ਹੁਕਮਨਾਮੇ ਨੂੰ ਚੁਣੌਤੀ ਦੇਣਾ ਸਿੱਖ ਰੌਹ ਰੀਤਾਂ ਦੀ ਉਲੰਘਣਾ ਹੈ ਅਤੇ ਸਮੁੱਥੇ ਪੰਥ ਨੂੰ ਵੀ ਚੁਣੌਤੀ ਹੈ । ਇਸ ਪੱਤਰ ਹੇਠਾਂ ਭਾਈ ਸਰਬਜੀਤ ਸਿੰਘ, ਭਾਈ ਕੁਲਵੰਤ ਸਿੰਘ,ਭਾਈ ਮੁਖਤਿਆਰ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ ਨੇ ਹਸਤਾਖ਼ਰ ਕੀਤੇ ਹਨ ।

ਇਸ ਤੋਂ ਇਲਾਵਾ ਤਖ਼ਤ ਪਟਨਾ ਸਾਹਿਬ ਗੁਰਦੁਆਰਾ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਦੇ ਪੂਰਨ ਵਿਸ਼ਵਾਸ਼ ਜਤਾਉਂਦੇ ਹੋਏ ਪੰਜ ਪਿਆਰਿਆਂ ਵੱਲੋਂ ਜਾਰੀ ਪੱਤਰ ਨੂੰ ਫਰਜ਼ੀ ਦੱਸਿਆ ਹੈ,ਕਮੇਟੀ ਦਾ ਦਾਅਵਾ ਹੈ ਜਿਹੜਾ ਪੱਤਰ ਪੰਜ ਪਿਆਰਿਆਂ ਦੇ ਨਾਂ ‘ਤੇ ਜਾਰੀ ਕੀਤਾ ਗਿਆ ਹੈ ਉਸ ਵਿੱਚ 3 ਦੇ ਹਸਤਾਖ਼ਰ ਹੀ ਨਹੀਂ ਹਨ। ਕਮੇਟੀ ਵੱਲੋਂ ਭਾਈ ਬਲਦੇਵ ਸਿੰਘ,ਭਾਈ ਦਲੀਪ ਸਿੰਘ, ਭਾਈ ਸੁਖਦੇਵ ਸਿੰਘ,ਭਾਈ ਪਰਸ਼ੂਰਾਮ ਸਿੰਘ ਅਤੇ ਭਾਈ ਰੋਸ਼ਨ ਸਿੰਘ ਨੂੰ ਪੰਜ ਪਿਆਰੇ ਨਿਯੁਕਤ ਕੀਤਾ ਗਿਆ ਸੀ । ਜਦਕਿ ਜਿਹੜਾ ਪੱਤਰ ਪੰਜ ਪਿਆਰਿਆਂ ਦੇ ਨਾਂ ਨਾਲ ਜਾਰੀ ਕੀਤੀ ਗਿਆ ਸੀ ਉਸ ਵਿੱਚ ਭਾਈ ਦਿਆਲ ਸਿੰਘ,ਭਾਈ ਜਸਵੰਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਨੂੰ ਗਲਤ ਤਰੀਕੇ ਨਾਲ ਪੰਜ ਪਿਆਰਿਆਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਧਰ ਕਮੇਟੀ ਨੇ ਗਿਆਨੀ ਗੁਰਦਿਆਲ ਸਿੰਘ ਦੇ ਨਾਂ ‘ਤੇ ਇੱਕ ਪੱਤਰ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਤੁਹਾਡੀ ਸੇਵਾਵਾਂ ਗੁਰਦੁਆਰਾ ਸੀਤਲ ਕੁੰਡ ਰਾਜਗੀਰ ਵਿੱਚ ਕੀਤੀਆਂ ਗਈਆਂ ਸਨ ਪਰ ਤੁਸੀਂ ਸਾਡੇ ਹੁਕਮਾਂ ਦੀ ਉਲੰਘਣਾ ਕੀਤੀ ਹੈ । ਤੁਸੀਂ ਰਾਜਗੀਰ ਨਾ ਜਾਣ ਬਾਰੇ ਕੋਈ ਸੂਚਨਾ ਵੀ ਨਹੀਂ ਦਿੱਤੀ ਹੈ। ਤੁਸੀਂ ਹੁਣ ਪੰਜ ਪਿਆਰਿਆਂ ਵਿੱਚ ਹੀ ਨਹੀਂ ਹੋ ਇਸ ਦੇ ਬਾਵਜੂਦ ਤੁਸੀਂ ਉਲਟਾ 9 ਦਸੰਬਰ ਨੂੰ ਤਖ਼ਤ ਪਟਨਾ ਸਾਹਿਬ ਵੱਲੋਂ ਸ਼੍ਰੀ ਅਕਾਲ ਤਖ਼ਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ ।ਜੋ ਕਿ ਤੁਸੀਂ ਵੱਡੀ ਗਲਤੀ ਕੀਤੀ ਹੈ । ਤੁਸੀਂ ਇਸ ਦਾ ਲਿਖਤ ਜਵਾਬ ਦਿਓ ਤੁਸੀਂ ਇਹ ਗਲਤੀ ਕਿਉਂ ਕੀਤੀ ਹੈ। ਤੁਹਾਨੂੰ ਅਗਲੇ ਹੁਕਮਾਂ ਤੱਕ ਡਿਊਟੀ ਤੋਂ ਮੁਅੱਤਲ ਕੀਤਾ ਜਾਂਦਾ ਹੈ । ਇਹ ਪੱਤਰ ਪਟਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟਿੰਗ ਪ੍ਰਧਾਨ ਜਗਜੋਤ ਸਿੰਘ ਅਤੇ ਉੱਪ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮੇਟੀ ਵੱਲੋਂ ਤਨਖਾਇਆ ਇਕਬਾਲ ਸਿੰਘ ਨੂੰ ਵੀ ਚਿਤਾਨਵੀ ਭਰਿਆ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਤੁਸੀਂ ਜਲਦ ਤੋਂ ਜਲਦ ਤਖ਼ਤ ਪਟਨਾ ਸਾਹਿਬ ਵਿੱਚ ਆਪਣੀ ਰਿਹਾਇਸ਼ ਛੱਡੋ, ਇਸ ਤੋਂ ਪਹਿਲਾਂ 2 ਦਸੰਬਰ ਨੂੰ ਵੀ ਕਮੇਟੀ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ ਪਰ ਇਕਬਾਲ ਸਿੰਘ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੀ ਇਕਬਾਲ ਸਿੰਘ ਨੂੰ ਰਿਹਾਇਸ਼ ਛੱਡਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਕਮੇਟੀ ਦੇ ਐਕਟਿੰਗ ਪ੍ਰਧਾਨ ਜਗਜੋਤ ਸਿੰਘ ਨੇ ਇੱਕ ਹੋਰ ਚਿੱਠੀ ਜਾਰੀ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਦੇ ਹੁਕਮਾਂ ‘ਤੇ ਸ਼੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਦੇ ਪ੍ਰੋਗਰਾਮਾਂ ਮਨਾਉਣ ਦੇ ਲਈ ਬਣਾਈ ਗਈ 5 ਮੈਂਬਰੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ।