Punjab

ਕੱਚੇ ਅਧਿਆਪਕਾਂ ਦਾ ਪੱਕਾ ਹੋਣ ਲਈ ਸੰਘਰਸ਼ ਹਾਲੇ ਤੱਕ ਵੀ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਸਾਹਮਣੇ ਕੱਚੇ ਅਧਿਆਪਕਾਂ ਦਾ ਧਰਨਾ ਹਾਲੇ ਵੀ ਜਾਰੀ ਹੈ। ਅੱਜ ਲਗਾਤਾਰ ਤੀਸਰੇ ਦਿਨ ਵੀ ਅਧਿਆਪਕਾਂ ਦਾ ਧਰਨਾ ਜਾਰੀ ਹੈ। ਅਧਿਆਪਕਾਂ ਦੀ ਕੱਲ੍ਹ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਲ ਮੀਟਿੰਗ ਹੋਈ ਸੀ ਪਰ ਬੈਠਕ ਵਿੱਚ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ ਸੀ। ਅਧਿਆਪਕਾਂ ਨੇ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਪ੍ਰਦਰਸ਼ਨ ਦੇ ਪਹਿਲੇ ਦਿਨ ਇੱਕ ਔਰਤ ਅਧਿਆਪਕ ਵੱਲੋਂ ਸਲਫਾਸ ਦੀ ਗੋਲੀ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਨੂੰ ਬਾਕੀ ਅਧਿਆਪਕਾਂ ਨੇ ਤੁਰੰਤ ਹਸਪਤਾਲ ਲਿਜਾਇਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਦੀ ਛੱਤ ‘ਤੇ 5 ਅਧਿਆਪਕ ਵੀ ਚੜ੍ਹੇ ਹੋਏ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਹਨ। ਅਧਿਆਪਕਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ-ਆਪ ਨੂੰ ਅੱਗ ਲਾ ਲੈਣਗੇ।