India International

Special Report-ਰੋਨਾਲਡੋ ਨੇ ਫੁੱਟਬਾਲ ਵਾਂਗ ਉਡਾ ਦਿੱਤੇ ਕੋਲਡ ਡ੍ਰਿੰਕ ਬਣਾਉਣ ਵਾਲੀ ਇਸ ਕੰਪਨੀ ਦੇ ਪੈਸੇ

ਰੋਨਾਲਡੋ ਦੀ ਜ਼ਮੀਰ ਤੋਂ ਸਿੱਖਣ ਇੱਕ ਇਸ਼ਤਿਹਾਰ ਲਈ ਕਰੋੜਾਂ ਰੁਪਏ ਲੈਣ ਵਾਲੇਸਾਡੇ ਵਾਲੇ ਵੱਡੇ ਅਦਾਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਸਮਝਦਾਰੀ ਵਾਲੀ ਹਰਕਤ ਕਾਰਨ ਵਾਹਵਾਹੀ ਖੱਟ ਰਹੇ ਹਨ। ਆਪਣੀ ਫਿੱਟਨੈੱਸ ਲਈ ਮਸ਼ਹੂਰ ਰੋਨਾਲਡੋ ਨੇ ਯੂਰੋ-2020 ਲਈ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੁੱਝ ਅਜਿਹਾ ਕੀਤਾ ਕਿ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੇ ਠੰਡਾ ਮਤਲਬ….ਕੰਪਨੀ ਨੂੰ 29 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਵਾ ਦਿੱਤਾ। ਹੋਇਆ ਇਸ ਤਰ੍ਹਾਂ ਕਿ ਜਦੋਂ ਰੋਨਾਲਡੋ ਇਸ ਪ੍ਰੈੱਸ ਕਾਨਫਰੰਸ ਵਿੱਚ ਆਏ ਤਾਂ ਉਨ੍ਹਾਂ ਨੇ ਆਪਣੇ ਸਾਹਮਣੇ ਟੇਬਲ ਉੱਤੇ ਪਈਆਂ ਕੋਲਡ ਡ੍ਰਿੰਕ ਦੀਆਂ ਬੋਤਲਾਂ  ਨੂੰ ਇਕ ਪਾਸੇ ਕਰ ਦਿੱਤਾ ਤੇ ਪਾਣੀ ਦੀ ਬੋਤਲ ਸਾਹਮਣੇ ਰੱਖ ਲਈ।

ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਤੇ ਰੋਨਾਲਡੋ ਦੇ ਪ੍ਰੇਮੀਆਂ ਨੇ ਸਿਹਤ ਲਈ ਕੀ ਜਰੂਰੀ ਕੀ ਨਹੀਂ ਜਰੂਰੀ ਦੇ ਇਸ਼ਾਰੇ ਨੂੰ ਸਮਝ ਲਿਆ ਤੇ ਇਸ ਨਾਲ ਇਸ ਕੰਪਨੀ ਨੂੰ ਕਰੋੜਾਂ ਰੁਪਏ ਦਾ ਘਾਟਾ ਸਹਿਣਾ ਪਿਆ। ਸੋਚ ਕੇ ਦੇਖੋ ਕਿ ਜੇਕਰ ਰੋਨਾਲਡੋ ਕੋਲਡ ਡ੍ਰਿੰਕ ਦੀ ਬੋਤਲ ਖੋਲ੍ਹ ਕੇ ਇੱਕ ਘੁੱਟ ਵੀ ਵਿੱਚੋਂ ਪੀ ਲੈਂਦਾ ਤਾਂ ਕੰਪਨੀ ਦੀ ਮਾਰਕੀਟ ਵੈਲਿਯੂ ਕਿੱਥੇ ਜਾਣੀ ਸੀ।

ਅਜਿਹਾ ਕਿਉਂ ਕੀਤਾ ਰੋਨਾਲਡੋ ਨੇ

ਜਿਕਰਯੋਗ ਹੈ ਕਿ ਰੋਨਾਲਡੋ ਆਪਣੇ ਫੁੱਟਬਾਲ ਦੀ ਖੇਡ ਦੇ ਨਾਲ ਨਾਲ ਫਿੱਟਨੈੱਸ ਨੂੰ ਲੈ ਕੇ ਵੀ ਬਹੁਤ ਚੌਕਸ ਰਹਿੰਦੇ ਹਨ। ਰੋਨਾਲਡੋ ਅਜਿਹਾ ਕੋਈ ਪਦਾਰਥ ਨਹੀਂ ਖਾਂਦੇ ਜਿਸ ਨਾਲ ਸਿਹਤ ਵਿਗੜਦੀ ਹੋਵੇ। ਇਸੇ ਕਾਰਨ ਇੰਸਟਾਗ੍ਰਾਮ ਉੱਤੇ ਰੋਨਾਲਡੋ ਨੂੰ 300 ਮਿਲਿਅਨ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ।ਰੋਨਾਲਡੋ ਆਪਣੇ ਪ੍ਰਸ਼ੰਸਕਾਂ ਨੂੰ ਵੀ ਸਹੀ ਖਾਣ ਦੀਆਂ ਸਲਾਹਾਂ ਦਿੰਦੇ ਰਹਿੰਦੇ ਹਨ ਤੇ ਖੁਦ ਵੀ ਉਹ ਚੀਜਾਂ ਨਹੀਂ ਖਾਂਦੇ ਜਿਸ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੋਵੇ। ਹਾਲਾਂਕਿ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਵੱਡੇ ਖਿਡਾਰੀ ਦੀ ਸਿਰਫ ਇਸ਼ਾਰੇ ਨਾਲ ਕਹੀ ਗੱਲ ਨੂੰ ਹੀ ਲੋਕਾਂ ਨੇ ਕਿੰਨੀ ਗੰਭੀਰਤਾ ਨਾਲ ਮੰਨ ਲਿਆ। ਰੋਨਾਲਡੋ ਨੇ ਇਸ ਤਰਲ ਪਦਾਰਥ ਬਾਰੇ ਕੋਈ ਬਿਆਨ ਤੱਕ ਵੀ ਨਹੀਂ ਦਿੱਤਾ ਤੇ ਨਾ ਹੀ ਬੋਤਲਾਂ ਹਟਾਉਣ ਵੇਲੇ ਕੋਈ ਟਿੱਪਣੀ ਕੀਤੀ ਸੀ। ਇੱਥੇ ਜ਼ਿਕਰਯੋਗ ਹੈ ਕਿ ਇਸ ਕੋਲਡ ਡ੍ਰਿੰਕ ਬਾਰੇ ਸੋਸ਼ਲ ਮੀਡੀਆ ‘ਤੇ ਹਮੇਸ਼ਾ ਵੀਡੀਓ ਵਾਇਰਲ ਹੁੰਦੀਆਂ ਹਨ ਕਿ ਕਿਵੇਂ ਇਸਦਾ ਤੇਜ਼ ਪ੍ਰਭਾਵ ਟਾਇਲਟ ਤੱਕ ਨੂੰ ਚਮਕਾ ਦਿੰਦਾ ਹੈ ਤੇ ਹੋਰ ਜੰਗ ਖਾਧੀਆਂ ਚੀਜਾਂ ਸਾਫ ਕਰ ਦਿੰਦਾ ਹੈ। ਹੋ ਸਕਦਾ ਹੈ ਕਿ ਰੋਨਾਲਡੋ ਨੇ ਆਦਤ ਅਨੁਸਾਰ ਹੀ ਇਸਨੂੰ ਇਕ ਪਾਸੇ ਕੀਤਾ ਹੋਵੇ ਤੇ ਲੋਕ ਸਾਰੀ ਕਹਾਣੀ ਸਮਝ ਗਏ ਹੋਣ।

ਭਾਰਤ ਦੇ ਇਹ ਕਲਾਕਾਰ ਵੀ ਕਰਦੇ ਨੇ ਇਸਦੀ ਪ੍ਰੋਮੋਸ਼ਨ

ਭਾਰਤ ਵਿੱਚ ਵੱਡੇ-ਵੱਡੇ ਕਲਾਕਾਰਾਂ ਵੱਲੋਂ ਇਸ ਕੋਲਡ ਡ੍ਰਿੰਕ ਤੋਂ ਇਲਾਵਾ ਇਸੇ ਤਰ੍ਹਾਂ ਦੇ ਹੋਰ ਬ੍ਰਾਂਡਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ।ਕਈ ਬਾਲੀਵੁੱਡ ਅਦਾਕਾਰਾਂ ਨੂੰ ਤਾਂ ਇਸਦੇ ਭਾਰਤ ਤੋਂ ਬ੍ਰਾਂਡ ਅੰਬੈਸਟਰ ਤੱਕ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਲਮਾਨ ਖਾਨ, ਅਜੇ ਦੇਵਗਨ, ਰਿਤਿਕ ਰੋਸ਼ਨ, ਰਣਬੀਰ ਕਪੂਰ, ਟਾਇਗਰ ਸ਼੍ਰਾਫ, ਅਕਸ਼ੇ ਕੁਮਾਰ, ਐਸ਼ਵਰਿਆ ਰਾਇ, ਦਿਸ਼ਾ ਪਟਾਨੀ, ਅਮੀਰ ਖਾਨ, ਦੀਪਿਕਾ ਪਾਦੁਕੋਣ, ਆਲੀਆ ਭੱਟ, ਦਿਲਜੀਤ ਦੁਸਾਂਝ ਤੇ ਵਿਰਾਟ ਕੋਹਲੀ ਵੱਖ ਵੱਖ ਕੋਲਡ ਡ੍ਰਿੰਕਸ ਤੇ ਹੋਰ ਸਿਹਤ ਲਈ ਹਾਨੀਕਾਰਕ ਚਬਾਉਣ ਵਾਲੇ ਪਦਾਰਥਾਂ ਦੇ ਇਸ਼ਤਿਹਾਰ ਵਿੱਚ ਪ੍ਰੋਮੋਸ਼ਨ ਕਰਦੇ ਨਜ਼ਰ ਆਉਂਦੇ ਹਨ।ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਪਦਾਰਥਾਂ ਦੀ ਐਡ ਕਰਨ ਲਈ ਇਨ੍ਹਾਂ ਅਦਾਕਾਰਾਂ ਨੂੰ ਕਰੋੜਾਂ ਰੁਪਏ ਮਿਲਦੇ ਹਨ ਤੇ ਕਈ ਪਦਾਰਥਾਂ ਉੱਤੇ ਸਾਫ ਨੁਕਸਾਨ ਵੀ ਲਿਖੇ ਗਏ ਹੁੰਦੇ ਹਨ।

ਵਿਰਾਟ ਕੋਹਲੀ ਨੇ ਇਸ ਕੋਲਡ ਡ੍ਰਿੰਕ ਦੀ ਛੱਡੀ ਸੀ ਐਡ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਮਾਂ ਉਹ ਇਕ ਕੋਲਡ ਡ੍ਰਿੰਕ ਦੀ ਐਡ ਕਰਦੇ ਨਜ਼ਰ ਆਉਂਦੇ ਰਹੇ ਹਨ। ਪਰ ਕੁੱਝ ਸਾਲਾਂ ਤੋਂ ਉਨ੍ਹਾਂ ਨੇ ਇਸਦੀ ਪ੍ਰੋਮੋਸ਼ਨ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜਿਹੜੀ ਚੀਜ਼ ਉਹ ਆਪ ਨਹੀਂ ਪੀਂਦੇ, ਲੋਕਾਂ ਨੂੰ ਪੀਣ ਲਈ ਕਿਵੇਂ ਕਹਿ ਸਕਦੇ ਹਨ। ਇੱਥੇ ਦੱਸ ਦਈਏ ਕਿ ਕੁੱਝ ਸੈਕੰਡ ਚੱਲਣ ਵਾਲੀ ਇਸ ਐਡ ਲਈ ਇਨ੍ਹਾਂ ਕਲਾਕਾਰਾਂ ਨੂੰ 5 ਤੋਂ 7 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ। ਤੇ ਇਹ ਕੋਈ ਛੋਟੀ ਰਕਮ ਨਹੀਂ ਹੈ। ਇਹ ਗੱਲ ਜੱਗ ਜਾਹਿਰ ਹੈ ਕਿ ਇਹ ਕੋਲਡ ਡ੍ਰਿੰਕਸ ਸਾਡੇ ਲਈ ਬਹੁਤ ਹਾਨੀਕਾਰਕ ਨੇ ਪਰ ਫਿਰ ਵੀ ਇਹ ਵੱਡੇ ਅਦਾਕਾਰ ਇਨ੍ਹਾਂ ਦੀ ਪ੍ਰੋਮੋਸ਼ਨ ਕਰਦੇ ਹਨ।

ਇਸ਼ਤਿਹਾਰ ਦਾ ਕਿਵੇਂ ਪੈਂਦਾ ਹੈ ਸਾਡੇ ਮਨ ‘ਤੇ ਅਸਰ

ਇਕ ਆਮ ਕਵਾਹਤ ਹੈ ਕਿ ਦੁੱਧ ਦੋਧੀ ਸਾਡੇ ਘਰ ਦੇਣ ਆਉਂਦਾ ਹੈ ਤੇ ਸ਼ਰਾਬ ਅਸੀਂ ਆਪ ਠੇਕੇ ਤੋਂ ਜਾ ਕੇ ਲੈ ਕੇ ਆਉਂਦੇ ਹਾਂ। ਇਹ ਗੱਲ ਵੱਖਰੀ ਹੈ ਕਿ ਸਿਹਤਮੰਦ ਚੀਜਾਂ ਨਾਲੋ ਸਾਨੂੰ ਨੁਕਸਾਨਦੇਹ ਚੀਜਾਂ ਖਾਣ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ। ਹਾਲਾਂਕਿ ਹੁਣ ਇਸ਼ਤਿਹਾਰਾਂ ਦਾ ਦੌਰ ਹੈ ਤੇ ਟੀਵੀ ਉੱਤੇ ਜਿਹੜੀ ਚੀਜ਼ ਦਾ ਇਸ਼ਤਿਹਾਰ ਆਉਂਦਾ ਹੈ, ਮਸ਼ਹੂਰੀ ਬਾਰ ਬਾਰ ਆਉਂਦੀ ਹੈ, ਸਾਨੂੰ ਲੱਗਦਾ ਹੈ ਕਿ ਇਹੀ ਠੀਕ ਹੈ। ਮਸ਼ਹੂਰੀਆਂ ਦੇ ਬਾਜਾਰ ਵਿਚ ਦੁੱਧ, ਦਹੀ, ਸ਼ਰਾਬ, ਬਿਸਕੁਟ, ਆਟਾ ਦਾਲ, ਤੇਲ, ਸਬਜੀਆਂ, ਪੇਸਟ, ਖੰਡ, ਚੌਲ, ਕੱਪੜਾ-ਲੱਤਾ, ਕਹਿਣ ਦਾ ਮਤਲਬ ਸਾਰਾ ਕੁੱਝ ਹੀ 24 ਘੰਟੇ ਦਿਖਾਇਆ ਜਾਂਦਾ ਹੈ। ਵੱਡੇ ਵੱਡੇ ਬ੍ਰਾਂਡ ਵੱਡੇ ਕਲਾਕਾਰਾਂ ਨੂੰ ਚੀਜਾਂ ਫੜਾ ਕੇ ਇਸ਼ਤਿਹਾਰ ਬਣਾਉਂਦੇ ਹਨ। ਕੰਪਨੀਆਂ ਨੂੰ ਪਤਾ ਹੈ ਕਿ ਲੋਕ ਵੱਡੇ-ਵੱਡੇ ਕਲਾਕਾਰਾਂ ਨੂੰ ਆਪਣਾ ਆਇਡਲ ਮੰਨਦੇ ਹਨ। ਸਾਬਣ ਸਾਨੂੰ ਉਹੀ ਪਸੰਦ ਆਉਂਦਾ ਹੈ, ਜਿਸ ਦੀ ਮਸ਼ਹੂਰੀ ਕੋਈ ਵੱਡੀ ਐਕਟ੍ਰੈਸ ਕਰਦੀ ਹੈ।

ਇਸੇ ਤਰ੍ਹਾਂ ਹੋਰ ਚੀਜਾਂ ਦਾ ਸਹੀ ਬ੍ਰਾਂਡ ਵੀ ਅਸੀਂ ਇਨ੍ਹਾਂ ਕਲਾਕਾਰਾਂ ਨੂੰ ਦੇਖ ਤੈਅ ਕਰਦੇ ਹਾਂ।ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਤੇ ਨੌਜਵਾਨ ਇਨ੍ਹਾਂ ਦੇ ਫੈਨ ਹੁੰਦੇ ਹਨ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਕੰਮਾਂ ਲਈ ਇਨ੍ਹਾਂ ਅਦਾਕਾਰਾਂ ਨੂੰ ਪੈਸੇ ਮਿਲਦੇ ਹਨ ਤੇ ਚੀਜਾਂ ਨੂੰ ਵੇਚਣ ਤੋਂ ਪਹਿਲਾਂ ਕੀਤੀ ਗਈ ਪੇਸ਼ਕਾਰੀ ਸਾਨੂੰ ਪ੍ਰਭਾਵਿਤ ਕਰਨ ਲਈ ਹੀ ਕੀਤੀ ਜਾਂਦੀ ਹੈ। ਇਮੋਸ਼ਨਲ ਹੋ ਕੇ ਤੇ ਇਮੋਸ਼ਨਲ ਕਰਕੇ ਠੱਗਿਆ ਬੰਦਾ ਜ਼ਿਆਦਾ ਨੁਕਸਾਨ ਕਰਵਾਉਂਦਾ ਹੈ। ਰੋਨਾਲਡੋ ਨੇ ਵੀ ਸ਼ਾਇਦ ਸਹੀ ਗਲਤ ਦੀ ਪਛਾਣ ਕਰਕੇ ਆਪਣੇ ਪ੍ਰੇਮੀਆਂ ਨੂੰ ਧੋਖਾ ਨਾ ਦੇਣ ਲਈ ਹੀ ਉਸ ਕੋਲਡ ਡ੍ਰਿੰਕਸ ਨੂੰ ਪਾਸੇ ਕੀਤਾ ਹੋਵੇਗਾ।

ਸਹੀ ਤੇ ਗਲਤ ਵਿੱਚ ਫਰਕ ਕਿਵੇਂ ਕਰੀਏ

ਇਹ ਗੱਲ ਮੰਨਣਯੋਗ ਹੈ ਕਿ ਅਸੀਂ ਕਿਸੇ ਦੇ ਪ੍ਰਭਾਵ  ਹੇਠਾਂ ਜ਼ਿਆਦਾ ਸੌਖਾ ਫੈਸਲਾ ਕਰਦੇ ਹਾਂ। ਸਾਡਾ ਚਹੇਤਾ ਕਲਾਕਾਰ ਕੀ ਖਾਂਦਾ ਹੈ, ਕੀ ਪੀਂਦਾ ਹੈ ਤੇ ਕਿਸ ਚੀਜ ਨਾਲ ਨਹਾਉਂਦਾ ਹੈ, ਇਹ ਵੀ ਸਾਡੇ ਮਨਾਂ ਉੱਤੇ ਅਸਰ ਕਰਦਾ ਹੈ। ਪਰ ਕੀ ਕਦੇ ਅਸੀਂ ਸੋਚਿਆ ਕਿ ਫਿਲਮਾਂ ਤੋਂ ਇਕ ਦਿਨ ਵਿਚ ਕਰੋੜਾਂ ਰੁਪਏ ਕਮਾਉਣ ਵਾਲਾ ਕਲਾਕਾਰ ਸਸਤੇ ਸਾਬਣ ਨਾਲ ਨਹਾਉਂਦਾ ਹੋਵੇਗਾ, ਸਸਤੇ ਸਰਫ ਸੋਢੇ ਨਾਲ ਕੱਪੜੇ ਧੋਂਦਾ ਹੋਵੇਗਾ ਤੇ ਹਲਕੀ ਫਿਨਾਇਲ ਨਾਲ ਪੋਚੇ ਲਗਾਉਂਦਾ ਹੋਵੇਗਾ। ਸ਼ਾਇਦ ਨਹੀਂ। ਪਰ ਸਵਾਲ ਇਹ ਹੈ ਕਿ ਸਾਨੂੰ ਆਪ ਵੀ ਸਹੀ ਗਲਤ ਦੀ ਪਛਾਣ ਕਰਨੀ ਆਉਣੀ ਚਾਹੀਦੀ ਹੈ।

ਸਾਡਾ ਆਪਣਾ ਵੀ ਚੀਜਾਂ ਵਰਤਣ ਤੋਂ ਪਹਿਲਾਂ ਸਿਹਤ ਲਈ ਉਸਦਾ ਨਫਾ ਨੁਕਸਾਨ ਸਮਝਣ ਦਾ ਕੋਈ ਤਰਕ ਹੋਣਾ ਚਾਹੀਦਾ ਹੈ।ਤੇ ਦੂਜੇ ਪਾਸੇ ਫਿਲਮੀ ਅਦਾਕਾਰਾਂ ਤੇ ਹੋਰ ਖਿਡਾਰੀਆਂ ਨੂੰ ਵੀ ਰੋਨਾਲਡੋ ਤੋਂ ਜ਼ਿਆਦਾ ਨਹੀਂ ਤਾਂ ਥੋੜ੍ਹੀ ਜਿਹੀ ਸੇਧ ਜ਼ਰੂਰ ਲੈਣੀ ਚਾਹੀਦੀ ਹੈ ਕਿ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਹਨ, ਜਿਹੜੇ ਤੁਹਾਡੀਆਂ ਹਰਕਤਾਂ ਤੋਂ ਸਿੱਖਦੇ ਹਨ ਤੇ ਜਿਹੜੇ ਲੋਕ ਤੁਹਾਡਾ ਅਸਿੱਧੇ ਰੂਪ ਵਿੱਚ ਕਿਹਾ ਮੰਨਦੇ ਹਨ, ਘੱਟੋ-ਘੱਟੋ ਉਨ੍ਹਾਂ ਲੋਕਾਂ ਨਾਲ ਇਨ੍ਹਾਂ ਪੈਸਿਆਂ ਖਾਤਿਰ ਦਗਾ ਨਾ ਕੀਤਾ ਜਾਵੇ। ਲੋਕਾਂ ਨੂੰ ਉਹ ਕਰਨ ਲਈ ਕਿਹਾ ਜਾਵੇ, ਜੋ ਸਿਹਤ ਲਈ ਫਾਇਦੇਮੰਦ ਹੈ ਤੇ ਜ਼ਮੀਰ ਮਾਰ ਕੇ ਗਲਤ ਇਸ਼ਤਿਹਾਰਬਾਜੀ ਤੋਂ ਬਚਣਾ ਚਾਹੀਦਾ ਹੈ।