‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨੌਜਵਾਨ ਭਾਰਤ ਸਭਾ ਨੇ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਕੀਤੇ ਗਏ ਨਵੀਨੀਕਰਨ ਦੇ ਖਿਲਾਫ਼ ਜਲ੍ਹਿਆਂਵਾਲਾ ਬਾਗ ਦੀ ਪੁਰਾਣੀ ਦਿੱਖ ਬਹਾਲ ਕਰਵਾਉਣ ਲਈ 28 ਸਤੰਬਰ ਨੂੰ ਜਲ੍ਹਿਆਂਵਾਲਾ ਬਾਗ ਅੱਗੇ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਲੀਡਰਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਰਲ ਕੇ ਇਸ ਸ਼ਹੀਦੀ ਯਾਦਗਾਰ ਨੂੰ ਸੈਰ-ਸਪਾਟੇ ਵਾਲੀ ਥਾਂ ਵਿੱਚ ਤਬਦੀਲ ਕਰ ਦਿੱਤਾ ਹੈ। ਜਥੇਬੰਦੀ ਨੇ ਸਰਕਾਰ ‘ਤੇ ਕੀ-ਕੀ ਦੋਸ਼ ਲਾਏ ਹਨ, ਉਹ ਤੁਸੀਂ ਇੱਥੇ ਪੜ੍ਹ ਸਕਦੇ ਹੋ :
- ਬਾਗ ਵਿੱਚ ਦਾਖਲੇ ਲਈ ਤੰਗ ਗਲੀ ਵਿੱਚ ਅਜਿਹੀਆਂ ਮੂਰਤੀਆਂ ਲਗਾ ਦਿੱਤੀਆਂ ਗਈਆਂ ਹਨ, ਜਿਵੇਂ 13 ਅਪ੍ਰੈਲ ਨੂੰ ਲੋਕ ਰੋਲਟ ਐਕਟ ਦਾ ਵਿਰੋਧ ਕਰਨ ਦੀ ਥਾਂ ਸਿਰਫ਼ ਮੇਲਾ ਵੇਖਣ ਲਈ ਆਏ ਹੋਣ।
- ਉਸ ਸਮੇਂ ਬਾਗ ਵਿੱਚ ਅੰਦਰ ਜਾਣ ਲਈ ਅਤੇ ਬਾਹਰ ਆਉਣ ਲਈ ਸਿਰਫ਼ ਇੱਕੋ ਹੀ ਰਸਤਾ ਸੀ, ਜਿਸ ਨੂੰ ਰੋਕ ਕੇ ਉੱਥੋਂ ਹੀ ਉਸ ਸਮੇਂ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਲੋਕ ਜਾਨ ਬਚਾਉਣ ਲਈ ਭੱਜੇ ਅਤੇ ਸੈਂਕੜੇ ਖੂਹ ਵਿੱਚ ਛਾਲਾਂ ਮਾਰ ਕੇ ਸ਼ਹੀਦ ਹੋ ਗਏ। ਪਰ ਹੁਣ ਸਰਕਾਰ ਵੱਲੋਂ ਇੱਕ ਹੋਰ ਰਸਤਾ ਖੋਲ੍ਹ ਕੇ ਪੂਰਾ ਇਤਿਹਾਸ ਹੀ ਬਦਲ ਦਿੱਤਾ ਗਿਆ ਹੈ।
- ਬਾਗ ਦੀਆਂ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਵੀ ਮਿਟ ਗਏ ਹਨ।
- ਸ਼ਹੀਦੀ ਖੂਹ ਦੀ ਦਿੱਖ ਵਿਗਾੜ ਦਿੱਤੀ ਗਈ ਹੈ।
- ਨਵੀਆਂ ਬਣੀਆਂ ਗੈਲਰੀਆਂ ਵਿੱਚ ਕੌਮੀ ਜੰਗੇ ਆਜ਼ਾਦੀ ਲਹਿਰ ਦੀ ਥਾਂ ਆਰਐੱਸਐੱਸ ਗੇ ਰਾਸ਼ਟਰਵਾਦ ਨੂੰ ਹੀ ਉਭਾਰਿਆ ਗਿਆ ਹੈ।
- ਸ਼ਹੀਦੀ ਸਮਾਰਕ ਅੱਗੇ ਤਲਾਬ ਵਿੱਚ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਲਾਉਣਾ ਵੀ ਇਸੇ ਏਜੰਡੇ ਦਾ ਹਿੱਸਾ ਹੈ।
- ਬਾਗ ਵਿੱਚ ਦਾਖ਼ਲੇ ਲਈ ਟਿਕਟ ਖਿੜਕੀਆਂ ਬਣਾ ਦਿੱਤੀਆਂ ਗਈਆਂ ਹਨ।
- ਬਾਗ ਵਿੱਚੋਂ ਮੁਸਲਿਮ ਸ਼ਹੀਦਾਂ ਅਤੇ ਉਸ ਸਮੇਂ ਦੇ ਮੁਸਲਿਮ ਆਗੂਆਂ ਦਾ ਨਾਂ ਹਟਾ ਦਿੱਤੇ ਗਏ ਹਨ।
- ਸ਼ਹੀਦਾਂ ਦੇ ਨਾਂ ਅੱਗੇ ਸ਼ਹੀਦ ਸ਼ਬਦ ਵੀ ਨਹੀਂ ਲਿਖਿਆ ਗਿਆ ਹੈ।
ਜਥੇਬੰਦੀ ਨੇ ਕਿਹਾ ਕਿ ਇਤਿਹਾਸਕ ਵਿਰਾਸਤਾਂ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਜਲ੍ਹਿਆਂਵਾਲਾ ਬਾਗ ਅੱਗੇ ਲੱਗ ਰਹੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।