India International Punjab

ਜਥੇਦਾਰ ਅਕਾਲ ਤਖ਼ਤ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਨਕਾਰਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ‘ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਸਾਰੇ ਦੋਸ਼ ਨਿਰਮੂਲ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇੰਗਲੈਂਡ ਫੇਰੀ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਟੂਰ ਤੋਂ ਪਹਿਲਾਂ ਸਾਰੇ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਹੁਣ ਜਥੇਦਾਰ ਵਾਪਸ ਆਪਣੇ ਮੁਲਕ ਆ ਗਏ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਦੇ ਕੋਵਿਡ ਨਿਯਮਾਂ ਦੀ ਅਣਦੇਖੀ ਦਾ ਜੋ ਝੂਠਾ ਪੱਤਰ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪਾਇਆ ਗਿਆ ਸੀ, ਉਹ ਪੱਤਰ ਯੂਕੇ ਸਰਕਾਰ ਵੱਲੋਂ ਨਹੀਂ ਕੱਢਿਆ ਗਿਆ ਸੀ। ਇਹ ਘਿਨੌਣੀ ਹਰਕਤ ਵਿਰੋਧੀ ਸ਼ਕਤੀਆਂ ਵੱਲੋਂ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਨ ਅਤੇ ਸਤਿਕਾਰ ਨੂੰ ਘਟਾਉਣ ਦਾ ਇੱਕ ਕੋਝਾ ਯਤਨ ਹੈ। ਯੂਕੇ ਦੇ ਸਿੱਖ ਪ੍ਰਤੀਨਿਧਾਂ ਵੱਲੋਂ ਇਸ ਸਬੰਧੀ ਸਰਕਾਰੀ ਪੜਤਾਲ ਕਰਵਾਈ ਜਾ ਰਹੀ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਯੂਕੇ ਦੇ ਵੈਡਨੈੱਸਫੀਲਡ, ਵੋਲਵਰਹੈਂਪਟਨ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਅਤੇ ਸ਼ਹੀਦਾਂ ਦੇ ਬੁੱਤ ਦਾ ਉਦਘਾਟਨ ਕਰਨ ਲਈ 9 ਤੋਂ 15 ਸਤੰਬਰ ਤੱਕ ਇੰਗਲੈਂਡ ਦੌਰੇ ‘ਤੇ ਸਨ। ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਪਾਰਕ ਵਿੱਚ ਸਾਰਾਗੜ੍ਹੀ ਦੇ ਸ਼ਹੀਦ ਈਸ਼ਰ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਇਹ ਸਮਾਗਮ ਗੁਰਦੁਆਰਾ ਸਾਹਿਬ ਦੇ ਟਰੱਸਟੀਜ਼ ਵੱਲੋਂ ਸਥਾਨਕ ਕਾਊਂਸਲ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ। ਯੂਕੇ ਸੰਸਦ ਦੇ ਮੈਂਬਰਾਂ ਸਮੇਤ ਬ੍ਰਿਟੇਨ ਫ਼ੌਜ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਬ੍ਰਿਟਿਸ਼ ਰੋਇਲ ਅਕੈਡਮੀ ਦਾ ਵੀ ਦੌਰਾ ਕੀਤਾ ਗਿਆ ਅਤੇ ਬ੍ਰਿਟਿਸ਼ ਫੌਜ ਵਿੱਚ ਨਿਯੁਕਤ ਸਿੱਖ ਲੜਕੇ ਅਤੇ ਲੜਕੀਆਂ ਨੂੰ ਸੰਬੋਧਨ ਕੀਤਾ।

ਯੂਕੇ ਦੇ ਵੈਡਨੈੱਸਫੀਲਡ, ਵੋਲਵਰਹੈਂਪਟਨ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਢਾਡੀ ਪ੍ਰਬੰਧਕ ਪਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ ਐਤਵਾਰ ਇਸ ਗੁਰੂ ਘਰ ਦੇ ਸਾਹਮਣੇ ਇੱਕ ਕਾਊਂਸਲ ਦੀ ਜਗ੍ਹਾ ਹੈ, ਉਸ ਵਿੱਚ ਸੂਬੇਦਾਰ ਈਸ਼ਰ ਸਿੰਘ ਦਾ ਬੁੱਤ ਲੱਗਾ ਹੈ। ਉਸ ਬੁੱਤ ਦਾ ਉਦਘਾਟਨ ਕਰਨ ਵਾਸਤੇ ਜਥੇਦਾਰ ਹਰਪ੍ਰੀਤ ਸਿੰਘ ਇੱਥੇ ਪਹੁੰਚੇ ਸਨ। ਲੋਕਾਂ ਨੇ ਇਸ ‘ਤੇ ਬਹੁਤ ਵਾਦ-ਵਿਵਾਦ ਕੀਤਾ ਕਿ ਬੁੱਤ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ, ਹਾਲਾਂਕਿ, ਬੁੱਤ ਪਾਰਕ ਵਿੱਚ ਲਗਾਇਆ ਜਾ ਰਿਹਾ ਸੀ। ਉਸ ਵਿੱਚ ਜਦੋਂ ਉਹ ਕਾਮਯਾਬ ਨਹੀਂ ਹੋਏ ਤਾਂ ਸ਼ਰਾਰਤੀ ਲੋਕਾਂ ਨੇ ਹੁਣ ਇੱਕ ਹੋਰ ਨਵਾਂ ਕਾਰਾ ਕੀਤਾ ਕਿ ਇੱਕ ਬੋਗਸ ਚਿੱਠੀ ਕੱਢ ਦਿੱਤੀ ਕਿ ਗੁਰਦੁਆਰਾ ਸਾਹਿਬ ਨੂੰ 10 ਹਜ਼ਾਰ ਪੌਂਡ ਜ਼ੁਰਮਾਨਾ ਹੋਇਆ ਹੈ। ਜਦੋਂ ਅਸੀਂ ਇਨਕੁਆਰੀ ਕੀਤੀ ਤਾਂ ਉਹ ਚਿੱਠੀ ਜਾਅਲੀ ਸੀ। ਏਆਰਸੀਓ ਕੰਪਨੀ ਦੇ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਕੋਈ ਚਿੱਠੀ ਕੱਢੀ ਹੀ ਨਹੀਂ। ਉਨ੍ਹਾਂ ਕਿਹਾ ਕਿ 14 ਤਰੀਕ ਨੂੰ ਹੀ ਚਿੱਠੀ ਕੱਢ ਰਹੇ ਹਨ ਅਤੇ 14 ਨੂੰ ਹੀ ਵਾਇਰਲ ਹੁੰਦੀ ਹੈ ਪਰ ਸਾਡੇ ਕੋਲ ਚਿੱਠੀ ਨਹੀਂ ਆਈ। ਇੱਥੋਂ ਸਾਬਿਤ ਹੋ ਜਾਂਦਾ ਹੈ ਕਿ ਇਹ ਚਿੱਠੀ ਝੂਠੀ ਹੈ। ਅਸੀਂ ਚਿੱਠੀ ਦੀ ਪੂਰੀ ਇਨਕੁਆਰੀ ਕਰ ਰਹੇ ਹਾਂ। ਉਨ੍ਹਾਂ ਨੇ ਬੇਨਤੀ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਮੂਰਖਤਾਈ ਵਿੱਚ ਇਹ ਚਿੱਠੀ ਕੱਢੀ ਹੈ, ਉਹ ਗੁਰਦੁਆਰਾ ਸਾਹਿਬ ਵਿਖੇ ਆ ਕੇ ਮੁਆਫੀ ਮੰਗ ਲੈਣ ਨਹੀਂ ਤਾਂ ਪੂਰੀ ਕਾਨੂੰਨੀ ਕਾਰਵਾਈ ਹੋਵੇਗੀ, ਫਿਰ ਉਹ ਨਾ ਕਹਿਣ ਕਿ ਕੇਸ ਵਾਪਸ ਲੈ ਲਵੋ।