Punjab

ਹਰੀਸ਼ ਰਾਵਤ ਨੇ ਅਮਰਿੰਦਰ-ਸਿੱਧੂ ਮਸਲੇ ‘ਤੇ ਗਾਂਧੀ ਪਰਿਵਾਰ ਨਾਲ ਮੁੜ ਕੀਤੀ ਮੁਲਾਕਾਤ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਸਲੇ ‘ਤੇ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਕਸ਼ਮਕਸ਼ ਨੂੰ ਸੁਲਝਾਉਣ ਲਈ ਕਿਹਾ ਗਿਆ ਹੈ ਕਿਉਂਕਿ ਵਿਧਾਇਕਾਂ ਨੇ ਇੱਕ ਵਾਰ ਫਿਰ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।

ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਦਿੱਲੀ ਤੋਂ ਦੋ ਨਿਰਪੱਖ ਨਿਗਰਾਨ ਭੇਜੇ ਜਾਣ ਤਾਂ ਜੋ ਉਹ ਆਪਣੀਆਂ ਸ਼ਿਕਾਇਤਾਂ ਬਿਆਨ ਕਰ ਸਕਣ। ਇਸ ਵਾਰ ਕੈਪਟਨ ‘ਤੇ ਨਿਸ਼ਾਨਾ ਸਾਧਨ ਵਾਲਿਆਂ ਵਿੱਚ ਪ੍ਰਗਟ ਸਿੰਘ ਅਤੇ ਤ੍ਰਿਪਤ ਸਿੰਘ ਬਾਜਵਾ ਹਨ, ਦੋਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਨ।

ਸ਼ਨੀਵਾਰ ਨੂੰ ਹਰਿਦੁਆਰ ਤੋਂ ਆਪਣੀ ਰਾਜਨੀਤਕ ਯਾਤਰਾ ਦਾ ਦੂਜਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਰਾਵਤ ਦੇ ਚੰਡੀਗੜ੍ਹ ਆਉਣ ਦੀ ਸੰਭਾਵਨਾ ਹੈ। ਉਹ ਮੁੱਦਿਆਂ ਦੇ ਨਿਪਟਾਰੇ ਲਈ ਇਸ ਮਹੀਨੇ ਦੇ ਪਹਿਲੇ ਹਫ਼ਤੇ ਵੀ ਚੰਡੀਗੜ੍ਹ ਆਏ ਸਨ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਮਹੀਨੇ ਕਾਂਗਰਸ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਲਈ ਦਿੱਲੀ ਦੀ ਯਾਤਰਾ ਕੀਤੀ ਸੀ ਪਰ ਉਨ੍ਹਾਂ ਨੂੰ ਹਰੀਸ਼ ਰਾਵਤ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਗਈ ਸੀ, ਜੋ ਉਸ ਸਮੇਂ ਚੰਡੀਗੜ੍ਹ ਵਿੱਚ ਸਨ।

ਹਰੀਸ਼ ਰਾਵਤ ਨੇ ਸੂਬੇ ਦੇ ਸਾਰੇ ਪ੍ਰਮੁੱਖ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵੀ ਮੀਟਿੰਗਾਂ ਕੀਤੀਆਂ ਹਨ। ਚੰਡੀਗੜ੍ਹ ਵਿੱਚ ਰਾਵਤ ਨੇ ਕਿਹਾ ਸੀ ਕਿ ਅਸੀਂ ਇੱਕ ਸੁਖਾਵੇਂ ਹੱਲ ਵੱਲ ਵੱਧ ਰਹੇ ਹਾਂ। ਸਿੱਧੂ ਅਤੇ ਕੈਪਟਨ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ ਅਤੇ ਪੰਜਾਬ ਕਾਂਗਰਸ ਦੀ ਲੜਾਈ ਵੱਧ ਗਈ ਹੈ। ਹਰੀਸ਼ ਰਾਵਤ ਪਿਛਲੇ ਦਿਨੀਂ ਇਸ ਮੁੱਦੇ ‘ਤੇ ਰਾਹੁਲ ਗਾਂਧੀ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਸੂਬੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ।