ਮਾਨਸਾ : ਸਿੱਧੂ ਦਾ ਰੇਕੀ ਕਰਨ ਵਾਲੇ ਸੰਦੀਪ ਕੇਕੜੇ ਦੇ ਭਰਾ ਬਿਟੂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਇਸ ‘ਤੇ ਵੀ ਆਪਣੇ ਭਰਾ ਦੇ ਨਾਲ ਹੀ ਰੇਕੀ ਕਰਨ ਦੇ ਇਲਜ਼ਾਮ ਹਨ ।ਪੁਲਿਸ ਨੇ ਬਿੱਟੂ ਨੂੰ ਹਰਿਆਣਾ ਤੋਂ ਕਾਬੂ ਕੀਤਾ ਹੈ। ਬਿੱਟੂ ਵੀ ਲਾਰੈਂਸ ਦੇ ਨਾਲ ਜੇਲ੍ਹ ‘ਚ ਰਹਿ ਚੁੱਕਿਆ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ । ਜਿਸ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।ਜਿਥੇ ਅਦਾਲਤ ਵੱਲੋਂ ਬਿੱਟੂ ਦਾ 5 ਦਿਨਾਂ ਪੁਲਿਸ ਰਿਮਾਂਡ  ਦਿੱਤਾ ਗਿਆ ਹੈ । ਇਸ ਨੂੰ ਹੁਣ ਮੁੜ 17 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਬਿਟੂ,ਸੰਦੀਪ ਕੇਕੜੇ ਦਾ ਭਰਾ

ਇਸ ਸਬੰਧ ਵਿੱਚ ਮਾਨਸਾ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਡਾ. ਬੀਕੇ ਸਿੰਗਲਾ ਨੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਇਸ ਕਤਲ ਕਾਂਡ ਵਿੱਚ ਰੇਕੀ ਕਰਨ ਲਈ ਸਿਰਫ਼ ਕੇਕੜਾ ਹੀ ਨਹੀਂ ,ਸਗੋਂ ਉਸ ਦਾ ਭਰਾ ਵੀ ਸ਼ਾਮਲ ਸੀ ,ਜਿਸ ਨੂੰ ਕੱਲ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।

ਬਿਟੂ,ਸੰਦੀਪ ਕੇਕੜੇ ਦਾ ਭਰਾ

ਇਸ ਨੂੰ ਹਰਿਆਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਿੱਧੂ ਬਾਰੇ ਜਾਣਕਾਰੀ ਆਪਣੇ ਭਰਾ ਤੇ ਗੋਲਡੀ ਬਰਾੜ ਨੂੰ ਦਿੰਦਾ ਸੀ ਤੇ ਉਸ ਦੇ ਨਾਲ ਸੰਪਰਕ ਵਿੱਚ ਸੀ । ਇਹ ਦੋਵਾਂ ਭਰਾਵਾਂ ਨੇ ਕਈ ਦਿਨ ਸਿੱਧੂ ਦੀ ਰੇਕੀ ਕੀਤੀ ਸੀ।

ਡਾ.ਬੀ ਕੇ ਸਿੰਗਲਾ,ਐਸਪੀ ਮਾਨਸਾ

ਇਸ ਤੋਂ ਇਲਾਵਾ ਸਿੱਧੂ ਦੇ ਕਤਲ ਵਿੱਚ ਫਰਾਰ ਚੱਲ ਰਹੇ ਸ਼ੂਟਰ ਦੀਪਕ ਮੁੰਡੀ ਨੂੰ ਵੀ ਉਸ ਦੇ ਦੋ ਸਾਥੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਦੇਸ਼ ਦੀ ਸਰਹੱਦ ਤੋਂ ਬਾਹਰ ਬੈਠੇ ਗੈਂਗਸਟਰਾਂ ਗੋਲਡੀ ਬਰਾੜ,ਸਚਿਨ ਥਾਪਨ,ਅਨਮੋਲ ਬਿਸ਼ਨੋਈ, ਲਿਪਿਨ ਨੇਹਰਾ ਦੇ ਖਿਲਾਫ਼ ਕਾਰਵਾਈ ਕਰ ਕੇ ਇਹਨਾਂ ਨੂੰ ਜਲਦੀ ਹੀ ਪੰਜਾਬ ਲਿਆਂਦਾ ਜਾਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ ਸੁਰਜੀਤ ਸੇਤੂ ਤੇ ਪਵਨ ਨੇਹਰਾ ਦੇ ਖਿਲਾਫ਼ ਕੋਈ ਵੀ ਸਬੂਤ ਨਾ ਮਿਲਿਆ ਹੋਣ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

ਡਾ.ਬੀ ਕੇ ਸਿੰਗਲਾ,ਐਸਪੀ ਮਾਨਸਾ

ਸਿੱਧੂ ਦੇ ਕਥਿਤ ਮੈਨੇਜਰ ਸ਼ਗੁਨਪ੍ਰੀਤ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਸਾਫ਼ ਕੀਤਾ ਕਿ ਉਸ ਦਾ ਸਿੱਧੂ ਦੇ ਕੇਸ ਨਾਲ ਕੋਈ ਸਬੰਧ ਨਹੀਂ ਹੈ ਪਰ ਜੇਕਰ ਪਰਿਵਾਰ ਇਸ ਸਬੰਧ ਵਿੱਚ ਸ਼ਿਕਾਇਤ ਕਰਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਿੱਧੂ ਦੇ ਪਿਤਾ ਨੂੰ ਈਮੇਲ ਰਾਹੀਂ ਧਮਕੀ ਦੇਣ ਵਾਲੇ ਦੋਸ਼ੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਸ ਨੂੰ ਦਿੱਲੀ ਤੋਂ ਗ੍ਰਿਫਤਾਰੀ ਹੋਈ ਹੈ ਤੇ ਇਸ ਨੇ ਸਿਰਫ਼ ਆਪਣੀ ਫੈਨ ਫੋਲੋਇੰਗ ਵਧਾਉਣ ਲਈ ਇਹ ਕੰਮ ਕੀਤਾ ਸੀ ਹਾਲਾਂਕਿ ਇਸ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧ ਨਹੀਂ ਹੇ।