‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਇਮਾਨਦਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਧਮਾਕਾ ਹੋ ਗਿਆ। ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਇੱਕ ਆਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਜਿਹੜੀ ਆਡੀਓ ਵਾਇਰਲ ਹੋਈ ਹੈ, ਉਸ ਵਿੱਚ ਕਿਸੇ ਸੌਦੇਬਾਜ਼ੀ ਦੀ ਗੱਲਬਾਤ ਹੋ ਰਹੀ ਹੈ। ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੱਖ ਵੱਖ ਸਿਆਸੀ ਵਿਰੋਧੀ ਆਪ ਸਰਕਾਰ ਨੂੰ ਘੇਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਾਰੀ ਦੀ ਆਡੀਓ ਕਲਿੱਪ ਦੇ ਆਧਾਰ ਉੱਤੇ ਉਸ ਖਿਲਾਫ਼ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਫ਼ੌਜਾ ਸਿੰਘ ਸਰਾਰੀ ਨੇ ਮਾਰਕਫੈੱਡ ਦੇ ਢਾਈ ਕਰੋੜ ਦੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਕੇ ਉਹਦੇ ਵਿੱਚੋਂ ਪੈਸਾ ਕਮਾਉਣ ਦੀ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਾਰਵਾਈ ਸਹੀ ਢੰਗ ਨਾਲ ਹੋਣ ਲੱਗ ਪਏ ਤਾਂ ਇਨ੍ਹਾਂ ਦੀ ਕੈਬਨਿਟ ਵਿੱਚੋਂ ਕੋਈ ਵੀ ਮੰਤਰੀ ਨਹੀਂ ਬਚਣਾ।

ਮਜੀਠੀਆ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਬਾਰੇ ਬੋਲਦਿਆਂ ਕਿਹਾ ਕਿ ਵਿਜੇ ਸਿੰਗਲਾ ਅੱਜ ਆਪ ਦੇ ਸਾਰੇ ਅਧਿਕਾਰਤ ਫੰਕਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ। ਮਾਨ ਨੇ ਸਿੰਗਲਾ ਦੇ ਖਿਲਾਫ਼ ਜਿਨ੍ਹਾਂ ਸਬੂਤਾਂ ਦਾ ਜ਼ਿਕਰ ਕੀਤਾ ਸੀ, ਉਹ ਹਾਲੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਗਏ। ਪੰਜਾਬ ਵਿੱਚ ਐੱਨਆਈਏ ਦੀ ਰੇਡ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਐਨਆਈਏ ਦੀ ਰੇਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੀ ਅਮਨ ਕਾਨੂੰਨ ਸਥਿਤੀ ਫੇਲ੍ਹ ਹੋ ਗਈ ਹੈ। ਪੰਜਾਬ ਪੁਲਿਸ ਨੂੰ ਤਰਸਯੋਗ ਹਾਲਤ ਉੱਤੇ ਖੜਾ ਕਰਨ ਦੀ ਜ਼ਿੰਮੇਵਾਰ ਆਪ ਸਰਕਾਰ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਰਮਨੀ ਦੌਰੇ ਉੱਤੇ ਨਿੱਜੀ ਟਿੱਪਣੀ ਕਰਦਿਆਂ ਕਿਹਾ ਕਿ ਮਾਨ ਸਾਹਿਬ ਇਸ ਵੇਲੇ ਆਪਣੇ ਵਿਆਹ ਤੋਂ ਬਾਅਦ ਪਹਿਲੇ ਦੌਰੇ ਉੱਤੇ ਗਏ ਹਨ, ਇਸ ਕਰਕੇ ਮੈਂ ਉਨ੍ਹਾਂ ਨੂੰ ਡਿਸਟਰਬ ਤਾਂ ਨਹੀਂ ਕਰਨਾ ਚਾਹੁੰਦਾ ਪਰ ਪੰਜਾਬ ਪਹਿਲਾਂ ਹੈ। ਜਦਕਿ ਸਰਕਾਰ ਦਾ ਹਨੀਮੂਨ ਪੀਰੀਅਡ ਚੱਲ ਰਿਹਾ ਹੈ। ਉਨ੍ਹਾਂ ਨੇ ਮਾਨ ਨੂੰ ਜਰਮਨੀ ਤੋਂ ਹੀ ਸਰਾਰੀ ਵਾਲੇ ਮਸਲੇ ਉੱਤੇ ਕੋਈ ਟਿੱਪਣੀ ਕਰਨ ਲਈ ਕਿਹਾ ਹੈ। ਬੀਤੇ ਦਿਨੀਂ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਸਰਾਰੀ ਦੀ ਆਡੀਓ ਕਲਿੱਪ ਸਾਂਝੀ ਕਰਕੇ ਮਾਨ ਸਰਕਾਰ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਵੀ ਸਰਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਾਰੀ ਨੂੰ ਤੁਰੰਤ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਬਾਜਵਾ ਨੇ ਭਗਵੰਤ ਮਾਨ ਨੂੰ ਐਤਵਾਰ ਨੂੰ ਵਾਇਰਲ ਹੋਈ ਉਸ ਆਡੀਓ ਕਲਿੱਪ ਦੀ ਵੀ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ, ਜਿਸ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਥਿਤ ਤੌਰ ‘ਤੇ ਆਪਣੇ ਇਕ ਕਰੀਬੀ ਸਾਥੀ ਰਾਹੀਂ ਪੈਸੇ ਦਾ ਸੌਦਾ ਤੈਅ ਕਰਦੇ ਸੁਣਿਆ ਗਿਆ ਸੀ। ਹਾਲਾਂਕਿ, ਇਸ ਆਡੀਓ ਦੇ ਵਿੱਚ ਜਿਹੜੇ ਵਿਅਕਤੀ ਦੇ ਨਾਲ ਗੱਲਬਾਤ ਹੋ ਰਹੀ ਹੈ, ਉਹ ਕਿਸੇ ਟਰੱਕਾਂ ਦੇ ਵਿਚ ਢੋਆ ਢੁਆਈ ਦੇ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਸ ਸੌਦੇਬਾਜ਼ੀ ਕਰਨ ਦੀ ਆਡੀਓ ਨੇ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ।

ਹਾਲਾਂਕਿ, ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਇਸ ਆਡੀਓ ਤੋਂ ਖੁਦ ਦਾ ਪੱਲਾ ਝਾੜ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਡੀਓ ਵਿਚ ਉਨ੍ਹਾਂ ਦੀ ਆਵਾਜ਼ ਹੀ ਨਹੀਂ ਹੈ। ਇਹ ਵਿਰੋਧੀਆਂ ਦੀ ਸ਼ਰਾਰਤ ਹੈ, ਆਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਵਾਇਰਲ ਵੀ ਜਾਣਬੁੱਝ ਕੇ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਆਡੀਓ ਆਪ ਦੇ ਹੀ ਇੱਕ ਆਗੂ ‘ਤੇ ਦਰਜ ਕੀਤੀ ਗਈ FIR ਤੋਂ ਬਾਅਦ ਵਾਇਰਲ ਹੋਈ ਹੈ। ਇਸ ਆਪ ਆਗੂ ਬਾਰੇ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ, ਮੰਤਰੀਆਂ ਵਾਲੀ ਫੀਲਿੰਗ ਲੈ ਕੇ ਇਕ ਵਰਕਰ ਸ਼ਰੇਆਮ ਹੂਟਰ ਅਤੇ ਤਿਰੰਗਾ ਲਗਾ ਕੇ ਘੁੰਮ ਰਿਹਾ ਸੀ, ਜਿਸ ਦੇ ਖਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਹੈ, ਜਿਸ ਤੋਂ ਬੌਖ਼ਲਾਹਟ ਵਿੱਚ ਆਏ ਉਨ੍ਹਾਂ ਦੇ ਵਿਰੋਧੀਆਂ ਨੇ ਇਹ ਫੇਕ ਆਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਹੈ।