Punjab

ਮਜੀਠੀਆ ਨੇ ਕੀਤੇ ਖੁਲਾਸੇ,ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਦੱਸਿਆ ਕੇਜਰੀਵਾਲ ਨੂੰ ਰੋੜਾ

ਲੁਧਿਆਣਾ : ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਲਵੰਤ ਸਿੰਘ ਰਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨਾਲ ਮੁਲਾਕਾਤ ਕੀਤੀ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਦਾਅਵੇ ਵੀ ਕੀਤੇ ਹਨ।
ਉਹਨਾਂ ਕਿਹਾ ਕਿ ਬੰਦੀ ਸਿਘਾਂ ਦੇ ਸੰਘਰਸ਼ ਤੇ ਕੁਰਬਾਨੀ ਨੂੰ ਕੋਈ ਨੀ ਸਮਝ ਸਕਦਾ ,ਭਾਵੇਂ ਕੋਈ ਲੱਖ ਦਾਅਵੇ ਕਰੀ ਜਾਵੇ। ਆਪਣੀ ਜੇਲ੍ਹ ਯਾਤਰਾ ਦਾ ਜ਼ਿਕਰ ਕਰਦੇ ਹੋਏ ਉਹਨਾਂ ਭਾਈ ਰਜੋਆਣਾ ਨੂੰ ਕੁਦਰਤ ਪ੍ਰੇਮੀ ਦੱਸਿਆ ਤੇ ਕਿਹਾ ਕਿ ਜੇਲ੍ਹ ਵਿੱਚ ਭਾਈ ਰਾਜੋਆਣਾ ਇਨਸਾਫ਼ ਪਸੰਦ ਵਿਅਕਤੀ ਵਜੋਂ ਮਸ਼ਹੂਰ ਹਨ ਤੇ ਹਰ ਕੈਦੀ ਤੇ ਜੇਲ੍ਹ ਪ੍ਰਸ਼ਾਸਨ ਉਹਨਾਂ ਤੋਂ ਖੁਸ਼ ਰਹਿੰਦੇ ਹਨ ਤੇ ਕਿਸੇ ਨੂੰ ਵੀ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ।
ਭਾਈ ਰਾਜੋਆਣਾ ਦੇ ਭੈਣ ਜੀ ਨਾਲ ਮੁਲਾਕਾਤ ਕਰਨ ਦਾ ਕਾਰਨ ਦੱਸਦਿਆਂ ਉਹਨਾਂ ਕਿਹਾ ਕਿ ਜੇਲ੍ਹ ਵਿੱਚ ਭਾਈ ਸਾਹਿਬ ਨਾਲ ਉਹਨਾਂ ਇਸ ਲਈ ਵਾਅਦਾ ਕੀਤਾ ਸੀ।
ਭਾਈ ਰਾਜੋਆਣਾ ਦੇ ਜੇਲ੍ਹ ਵਿੱਚ ਰੋਜਾਨਾ ਦੇ ਕਾਰ ਵਿਹਾਰ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਹੈ ਕਿ ਰੋਜਾਨਾ ਬਾਣੀ ਪੜਨੀ,ਦੂਜਿਆਂ ਨਾਲ ਮਿਠਾ ਬੋਲਣਾ, ਪੰਥ ਤੋ ਪੰਜਾਬ ਦੀ ਚੜਦੀ ਕਲਾ ਦੀਆਂ ਗੱਲਾਂ ਕਰਨੀਆਂ ਉਹਨਾਂ ਦੇ ਸੁਭਾਅ ਵਿੱਚ ਸ਼ਾਮਲ ਹਨ। ਭਾਈ ਰਾਜੋਆਣਾ ਨੂੰ ਬੱਬਰ ਸ਼ੇਰ ਦੱਸਦਿਆਂ ਉਹਨਾਂ ਕਿਹਾ ਕਿ ਜੇਲ੍ਹ ਵਿੱਚ ਸਵੇਰੇ ਢਾਈ ਵਜੇ ਉਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਕਰਦੇ ਹਨ,ਪੰਜਾ ਬਾਣੀਆਂ ਦਾ ਪਾਠ ਕਰਦੇ ਹਨ ਤੇ ਸ਼ਾਮ ਨੂੰ ਵੀ ਸੁਖ ਆਸਣ ਸਾਹਿਬ ਦੀ ਸੇਵਾ ਵੀ ਨਿਭਾਉਂਦੇ ਹਨ। ਮਜੀਠੀਆ ਨੇ ਇਹ ਵੀ ਦਸਿਆ ਕਿ ਭਾਈ ਸਾਹਿਬ ਵਿੱਚ ਇਨੀਂ ਇਨਸਾਨੀਅਤ ਹੈ ਕਿ ਉਹ ਅਕਸਰ ਪਸ਼ੂ ਪਰਿੰਦੀਆਂ ਨਾਲ ਵੀ ਗੱਲਾਂ ਕਰਦੇ ਰਹਿੰਦੇ ਹਨ।

ਭਾਈ ਬਲਵੰਤ ਸਿੰਘ ਰਜੋਆਣਾ

ਮਜੀਠੀਆ ਨੇ ਅਸਿੱਧੇ ਤੋਰ ਤੇ ਬਿਨਾਂ ਕਿਸੇ ਦਾ ਨਾਂ ਲਏ,ਇੱਕ ਸਿਆਸੀ ਲੀਡਰ ‘ਤੇ ਹਿੰਦੂ ਸਿੱਖ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਤੇ ਭੜਕਾਉ ਭਾਸ਼ਣ ਦੇਣ ਦੇ ਇਲਜ਼ਾਮ ਲਗਾਏ ਹਨ।ਉਹਨਾਂ ਇਹ ਵੀ ਕਿਹਾ ਕਿ ਇਸ ਲੀਡਰ ਨੂੰ ਸਿਰਫ ਆਪਣੀਆਂ ਵੋਟਾਂ ਨਾਲ ਹੀ ਮਤਲਬ ਹੈ ਤੇ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਪਨਾਇਆ ਹੋਇਆ ਹੈ।

ਮੁੜ ਭਾਈ ਰਜੋਆਣਾ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਭਾਈ ਸਾਹਿਬ ਦਾ ਮਨ ਤੇ ਤਖਤ ਸ਼੍ਰੀ ਅਕਾਲ ਤਖਤ ਢਾਹੁਣ ਤੇ 1984 ਕਤਲੇਆਮ ਦਾ ਬਹੁਤ ਡੂੰਘਾ ਅਸਰ ਪਿਆ ਸੀ ਤੇ ਉਹਨਾਂ ਲਈ ਨਾਸਹਿਣਯੋਗ ਸੀ । ਇਸ ਤੋਂ ਇਲਾਵਾ ਪੁਲਿਸ ਵਲੋਂ ਕੀਤੇ ਗਏ ਪੰਜਾਬ ਦੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਨਾਲ ਉਪਜੇ ਹਾਲਾਤਾਂ ਕਰਕੇ ਜੋ ਕਦਮ ਉਹਨਾਂ ਚੁੱਕੇ ਸੀ,ਉਸ ਸਬੰਧੀ ਉਹਨਾਂ ਅਦਾਲਤ ਵਿੱਚ ਕਬੂਲਿਆ ਵੀ ਸੀ ,ਉਸ ਦੀ ਸਜ਼ਾ ਵੀ ਉਹ ਭੁਗਤ ਚੁੱਕੇ ਹਨ।
ਭਾਰਤ ਦੇ ਸੰਵਿਧਾਨ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਵਿਧਾਨ ਕਿਸੇ ਵੀ ਜ਼ੁਰਮ ਦੀ ਦੋਹਰੀ ਸਜ਼ਾ ਨੀ ਦੇ ਸਕਦਾ।ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਹਨ ਤਾਂ ਆਪਣੀ ਦੁਗਣੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘ ਵੀ ਰਿਹਾਅ ਵੀ ਰਿਹਾਅ ਹੋਣੇ ਚਾਹੀਦੇ ਹਨ ।ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਜੀਠੀਆ ਨੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਹਵਾਲਾ ਵੀ ਦਿੱਤਾ ਹੈ ਤੇ ਕਿਹਾ ਹੈ ਕਿ ਕੋਈ ਵੀ ਕਾਨੂੰਨ ਸਜ਼ਾ ਪੂਰੀ ਹੋਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਜੇਲ੍ਹ ਦੇ ਅੰਦਰ ਨਹੀਂ ਰੱਖ ਸਕਦਾ।

ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜੇਲ੍ਹ ਵਿੱਚ ਆਉਣ ਤੋਂ ਪਹਿਲਾਂ ਇੱਕ ਪਤਰਕਾਰ ਭੂਸ਼ਣ ਸਰੰਦੀ,ਜੋ ਕਿ 30 ਦੇ ਕਰੀਬ ਅਖਬਾਰਾਂ ਲਈ ਕੰਮ ਕਰਦੇ ਸੀ,ਦੀ ਸੁਰੱਖਿਆ ਖੁੱਦ ਭਾਈ ਰਜੋਆਣਾ ਨੇ ਕੀਤੀ ਸੀ । ਕਿਉਂਕਿ ਉਹਨਾਂ ਤੇ ਹਮਲਾ ਵੀ ਹੋਇਆ ਸੀ।ਸੋ ਹਿੰਦੂ ਸਿੱਖ ਮੁੱਦਾ ਬਣਾਉਣ ਵਾਲਿਆਂ ਨੂੰ ਉਹਨਾਂ ਇਸ ਗੱਲ ਵੱਲ ਵੀ ਧਿਆਨ ਦੇਣ ਲਈ ਕਿਹਾ।

ਬਿਕਰਮ ਸਿੰਘ ਮਜੀਠੀਆ ਭਾਈ ਬਲਵੰਤ ਸਿੰਘ ਰਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨਾਲ

ਮਜੀਠੀਆ ਨੇ ਪੰਜਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਮਾਰਨ ਵਾਲਿਆਂ ਅਫ਼ਸਰਾਂ ਤੇ ਪੁਲਿਸ ਕਰਮੀਆਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹਨਾਂ ਚੋਂ ਕਈਆਂ ਨੂੰ ਹੁਣ ਸੀਬੀਆਈ ਦੀ ਕੋਰਟ ਨੇ ਸਜ਼ਾਵਾਂ ਸੁਣਾਇਆਂ ਹਨ ਤੇ ਕਈ ਸਜ਼ਾ ਭੁਗਤ ਰਹੇ ਹਨ । ਸੋ ਇਸ ਮਾਮਲੇ ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਇੱਕ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਰਜੋਆਣਾ ਨੂੰ ਭਾਰਤ ਦੇ ਸੰਵਿਧਾਨ ਵਿੱਚ ਪੂਰਾ ਵਿਸ਼ਵਾਸ ਹੈ।ਇਸੇ ਲਈ ਉਹਨਾਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਪਾਈ ਸੀ ।

ਉਹਨਾਂ ਦਾਅਵਾ ਕੀਤਾ ਕਿ ਜਦੋਂ ਅਦਾਲਤ ਨੇ ਭਾਈ ਰਜੋਆਣਾ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਸੀ ਤਾਂ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੋਸ ਵਜੋਂ ਆਪਣਾ ਅਸਤੀਫਾ ਦੇਣ ਦੀ ਗੱਲ ਕਹਿ ਦਿੱਤੀ ਸੀ।ਉਸ ਵੇਲੇ ਮਨਮੋਹਣ ਸਿੰਘ ਪ੍ਰਧਾਨ ਮੰਤਰੀ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਰ ਕਮੇਟੀ ਨੇ ਭਾਈ ਰਜੋਆਣਾ ਦਾ ਕੇਸ ਲੱੜ ਲੜਨ ਦਾ ਫੈਸਲਾ ਕੀਤਾ ਹੈ।

ਰਾਜੋਆਣਾ ਦੀ ਭੈਣ ਦੇ ਵੋਟਾਂ ਵਿੱਚ ਹਾਰ ਜਾਣ ਤੋਂ ਬਾਅਦ ਰਵਨੀਤ ਬਿੱਟੂ ਨੇ ਸਵਾਲ ਕੀਤਾ ਸੀ ਕਿ ਜੇਕਰ ਲੋਕ ਵਾਕਈ ਰਾਜੋਆਣਾ ਨੂੰ ਪਿਆਰ ਕਰਦੇ ਹੁੰਦੇ ਤਾਂ ਉਹਨਾਂ ਦੀ ਭੈਣ ਜ਼ਰੂਰ ਜਿੱਤਦੀ।ਇਸ ਸਬੰਧੀ ਪੁਛੇ ਗਏ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਕੀ ਰਵਨੀਤ ਦਾ ਪਰਿਵਾਰ ਕਦੇ ਵੋਟਾਂ ਵਿੱਚ ਨਹੀਂ ਹਾਰਿਆ ? ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਇੱਕ ਵਾਰ ਸਿਰਫ਼ 8 ਫੀਸਦੀ ਵੋਟਾਂ ਪਈਆਂ ਸੀ।ਸੋ ਕਿਸੇ ਦੀ ਲੋਕ ਪ੍ਰਿਅਤਾ ਦਾ ਅੰਦਾਜਾ ਉਸ ਨੂੰ ਮਿਲੀਆਂ ਵੋਟਾਂ ਤੋਂ ਲਗਾਉਣਾ ਗਲਤ ਹੈ।

ਕਾਂਗਰਸੀ ਆਗੂ ਰਵਨੀਤ ਬਿਟੂ ਤੇ ਵਰਦਿਆਂ ਉਹਨਾਂ ਬਿਟੂ ਨੂੰ ਡਰਾਮੇਬਾਜ਼ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਦੱਸਿਆ।
ਪ੍ਰੋਫੈਸਰ ਦਵਿੰਦਰ ਪਾਲ ਭੁਲਰ ਦੀ ਰਿਹਾਈ ਮਸਲੇ ਨਾਲ ਸਬੰਧਤ ਸਵਾਲ ਪੁਛੇ ਜਾਣ ਤੇ ਮਜੀਠੀਆ ਨੇ ਸਿੱਧਾ ਆਪ ‘ਤੇ ਵਾਰ ਕੀਤਾ ਤੇ ਕਿਹਾ ਕਿ ਕੇਜ਼ਰੀਵਾਲ ਹੀ ਫਾਈਲ ‘ਤੇ ਸਾਈਨ ਨਹੀਂ ਕਰ ਰਿਹਾ।ਐਸਵਾਈਐਲ ਦੇ ਮੁੱਦੇ ਤੇ ਵੀ ਉਹਨਾਂ ਕੇਜਰੀਵਾਲ ਦੇ ਸਟੈਂਡ ‘ਤੇ ਸਵਾਲ ਕੀਤਾ ਹੈ।
ਭਾਜਪਾ ਨਾਲ ਪਾਰਟੀ ਦੇ ਗਠਜੋੜ ਸਬੰਧੀ ਕੀਤੇ ਸਵਾਲ ਨੂੰ ਮਜੀਠੀਆ ਨੇ ਹੱਸ ਕੇ ਟਾਲ ਦਿੱਤਾ।