Chowpatty for Ganesh idols' immersion ceremony

ਚੰਡੀਗੜ੍ਹ : ਹਰਿਆਣਾ ‘ਚ ਗਣੇਸ਼ ਮੂਰਤੀ ਵਿਸਰਜਨ(Chowpatty for Ganesh idols’ immersion ceremony) ਦੌਰਾਨ ਡੁੱਬਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਸੋਨੀਪਤ ‘ਚ 3 ਅਤੇ ਮਹਿੰਦਰਗੜ੍ਹ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਮਹਿੰਦਰਗੜ੍ਹ ਦੇ ਝਗਡੋਲੀ ਪਿੰਡ ‘ਚ ਕਰੀਬ ਅੱਠ ਲੋਕ ਡੁੱਬ ਗਏ, ਜਿਸ ‘ਚ ਚਾਰ ਦੀ ਮੌਤ ਹੋ ਗਈ।  ਸੋਨੀਪਤ ਦੇ ਮਿਮਾਰਪੁਰ ਅਤੇ ਯਮੁਨਾ ਦੇ ਬੇਗਾ ਘਾਟ ‘ਤੇ ਕਿਸ਼ੋਰ ਸਮੇਤ ਚਾਰ ਲੋਕ ਡੁੱਬ ਗਏ। ਇਨ੍ਹਾਂ ‘ਚੋਂ ਪਿਉ-ਪੁੱਤ ਅਤੇ ਭਤੀਜੇ ਦੀ ਮਿਮਾਰਪੁਰ ਘਾਟ ‘ਤੇ ਅਤੇ ਇਕ ਹੋਰ ਸ਼ਰਧਾਲੂ ਬੇਗਾ ਘਾਟ ‘ਤੇ ਡੁੱਬ ਗਏ। ਵਿਅਕਤੀ ਅਤੇ ਭਤੀਜੇ ਦੇ ਨਾਲ ਹੀ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਥੇ ਹੀ, ਨਿਊਜ਼ ਏਜੰਸੀ ਏਐਨਆਈ ਦੀ ਇੱਕ ਖਬਰ ਦੇ ਅਨੁਸਾਰ, ਮਹਿੰਦਰਗੜ੍ਹ ਦੇ ਕਨੀਨਾ-ਰੇਵਾੜੀ ਰੋਡ ‘ਤੇ ਪਿੰਡ ਝਗਡੋਲੀ ਨੇੜੇ ਨਹਿਰ ‘ਤੇ ਗਣੇਸ਼ ਮੂਰਤੀ ਦਾ ਵਿਸਰਜਨ ਕਰਨ ਗਏ ਲਗਭਗ 9 ਵਿਅਕਤੀ ਪਾਣੀ ਦੇ ਤੇਜ਼ ਕਰੰਟ ਨਾਲ ਰੁੜ੍ਹ ਗਏ। ਦੇਰ ਰਾਤ ਅੱਠ ਵਿਅਕਤੀਆਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਮਹਿੰਦਰਗੜ੍ਹ ਦੇ ਝਗਡੋਲੀ ਪਿੰਡ ਕੋਲ ਕਰੀਬ 20-22 ਲੋਕ ਗਣੇਸ਼ ਮੂਰਤੀ ਦੇ ਵਿਸਰਜਨ ਲਈ ਨਹਿਰ ‘ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਵਿੱਚੋਂ ਕਈ ਨਹਿਰ ਵਿੱਚ ਡੁੱਬ ਗਏ। ਹੁਣ ਤੱਕ 4 ਲੜਕਿਆਂ ਦੀ ਜਾਨ ਜਾ ਚੁੱਕੀ ਹੈ ਅਤੇ 4 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਮਹਿੰਦਰਗੜ੍ਹ ਦੇ ਡੀਸੀ ਜੇਕੇ ਅਭਿਰ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹੈ। ਇਨ੍ਹਾਂ ਮੌਤਾਂ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ.ਖੱਟਰ ਨੇ ਕਿਹਾ ਕਿ ਮਹਿੰਦਰਗੜ੍ਹ ਅਤੇ ਸੋਨੀਪਤ ਜ਼ਿਲ੍ਹਿਆਂ ਵਿੱਚ ਗਣਪਤੀ ਵਿਸਰਜਨ ਦੌਰਾਨ ਨਹਿਰ ਵਿੱਚ ਡੁੱਬਣ ਕਾਰਨ ਕਈ ਲੋਕਾਂ ਦੀ ਬੇਵਕਤੀ ਮੌਤ ਹੋਣ ਦੀ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ।

ਉਧਰ ਉੱਤਰ ਪ੍ਰਦੇਸ਼ ਵਿੱਚ ਗਣੇਸ਼ ਮੂਰਤੀ ਦੇ ਵਿਸਰਜਨ ਦੌਰਾਨ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਜਦਕਿ ਇੱਕ ਦੀ ਉਨਾਵ ਦੇ ਹਸਪਤਾਲ ਵਿੱਚ ਮੌਤ ਹੋ ਗਈ। ਇਹ ਬੱਚੇ ਗੰਗਾ ਨਦੀ ਵਿੱਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦਾ ਵਿਸਰਜਨ ਕਰਨ ਗਏ ਸਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ ਉਨਾਵ ‘ਚ ਇਲਾਜ ਦੌਰਾਨ ਇਕ ਦੀ ਮੌਤ ਹੋ ਗਈ। ਇਹ ਸਾਰੇ ਲੋਕ ਕੋਤਵਾਲੀ ਸਫੀਪੁਰ ਇਲਾਕੇ ‘ਚ ਗੰਗਾ ਨਦੀ ‘ਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਵਿਸਰਜਨ ਲਈ ਗਏ ਹੋਏ ਸਨ, ਜਦੋਂ ਇਹ ਘਟਨਾ ਵਾਪਰੀ।

ਜ਼ਿਕਰਯੋਗ ਹੈ ਕਿ 10 ਦਿਨਾਂ ਤੱਕ ਚੱਲਿਆ ਗਣੇਸ਼ ਚਤੁਰਥੀ ਤਿਉਹਾਰ ਸ਼ੁੱਕਰਵਾਰ ਨੂੰ ਸਮਾਪਤ ਹੋ ਗਿਆ। ਦੇਸ਼ ਭਰ ਦੇ ਕਈ ਰਾਜਾਂ ਵਿੱਚ ਗਣੇਸ਼ ਚਤੁਰਥੀ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਸਾਲ, ਕੋਵਿਡ-19 ਦੀ ਕੋਈ ਪਾਬੰਦੀ ਨਾ ਹੋਣ ਕਾਰਨ, ਇਹ ਤਿਉਹਾਰ ਇੱਕ ਵਾਰ ਫਿਰ ਧੂਮ-ਧਾਮ ਨਾਲ ਮਨਾਇਆ ਗਿਆ।