Punjab

“ਬਰਾੜ ਵਰਗੇ ਮਰਦੇ ਦਮ ਤੱਕ ਪੰਜਾਬੀਆਂ ਦੇ ਕਸੂਰਵਾਰ ਰਹਿਣਗੇ” ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ : ਜਰਨਲ ਬਰਾੜ ਵੱਲੋਂ ਸੰਤ ਭਿੰਡਰਾਵਾਲਿਆਂ ਦੇ ਸੰਬੰਧ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਵੀ ਸਾਹਮਣੇ ਆਇਆ  ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਅਕਾਲੀ ਦਲ ਆਗੂ ਅਰਸ਼ਦੀਪ ਕਲੇਰ ਨੇ ਗਾਂਧੀ ਪਰਿਵਾਰ ਦਾ ਸਿੱਧਾ ਨਾਂ ਲੈਂਦੇ ਹੋਏ ਆਪਰੇਸ਼ਨ ਬਲਿਊ ਸਟਾਰ ਦੇ ਜਿੰਮੇਵਾਰ ਸਾਰੇ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਤੇ ਕਿਹਾ ਹੈ ਕਿ ਹੁਣ ਇਹ ਚਾਹੇ ਆਪਣੇ ਘਰਾਂ ਵਿੱਚ ਬੈਠ ਕੇ ਜੋ ਮਰਜੀ ਬੋਲੀ ਜਾਣ ਪਰ ਲੋਕ ਉਹਨਾਂ ਨੂੰ ਨਫਰਤ ਕਰਦੇ ਹਨ।

ਕਲੇਰ ਨੇ ਇਹ ਵੀ ਕਿਹਾ ਹੈ ਕਿ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਗੋਲੀਆਂ ਨਾਲ ਛੱਲਨੀ ਕੀਤਾ ਗਿਆ,ਰਾਗੀ ਸਿੰਘਾਂ ਤੇ ਹੋਰ ਹਜਾਰਾਂ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ,ਇਸ ਤੋਂ ਵੱਡੀ ਬੇਅਦਬੀ ਹੋਰ ਨਹੀਂ ਹੋ ਸਕਦੀ ਤੇ ਬਰਾੜ ਵਰਗੇ ਮਰਦੇ ਦਮ ਤੱਕ ਇਸ ਦੇ ਕਸੂਰਵਾਰ ਰਹਿਣਗੇ।

ਡੇਰਾ ਸਾਧ ਨੂੰ ਮਿਲੀ ਪੈਰੋਲ ‘ਤੇ ਬੋਲਦਿਆਂ ਕਲੇਰ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆ ਕਿ ਕਿਵੇਂ ਉਹ ਭਾਰੀ ਸੁਰੱਖਿਆ ਦੇ ਕੇ ਸੌਦਾ ਸਾਧ ਦੇ ਸਮਾਗਮ ਪੰਜਾਬ ਵਿੱਚ ਕਰਵਾ ਰਹੀ ਹੈ ਜਦੋਂ ਕਿ ਪੰਜਾਬ ਵਿੱਚ ਹਰ ਕੋਈ ਰਾਮ ਰਹੀਮ ਤੋਂ ਨਫਰਤ ਕਰਦਾ ਹੈ।

ਇਸ ਤੋਂ ਇਲਾਵਾ ਹੋਰ ਬੋਲਦਿਆਂ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ਉਹਨਾਂ ਦੇ ਕੀਤੇ ਟਵੀਟ ਲਈ ਵੀ ਨਿਸ਼ਾਨਾ ਕੱਸਿਆ ਹੈ,ਜਿਸ ਵਿੱਚ ਸੰਧਵਾਂ ਨੇ ਅਡਾਨੀ ਬਾਰੇ ਐਡੀਨਬਰਗ ਦੇ ਕੀਤੇ ਦਾਅਵਿਆਂ ਨੂੰ ਭਾਰਤ ਤੇ ਹਮਲਾ ਕਰਾਰ ਦੇਣ ਵਾਲੀ ਗੱਲ ਦੀ ਪ੍ਰੋੜਤਾ ਕੀਤੀ ਸੀ। ਹਾਲਾਂਕਿ ਇਸ ਟਵੀਟ ਨੂੰ ਬਾਅਦ ਵਿੱਚ ਸੰਧਵਾਂ ਨੇ ਡਿਲੀਟ ਕਰ ਦਿੱਤਾ ਸੀ।

ਇਥੇ ਹੀ ਬੱਸ ਨਹੀਂ,ਕਲੇਰ ਨੇ ਮੁਹੱਲਾ ਕਲੀਨਿਕਾਂ ਤੇ ਮਾਰਕਫੈਡ ਦੇ ਨਵੇਂ ਜਾਰੀ ਕੀਤੇ ਗਏ ਕਲੰਡਰ ਵਿੱਚ ਮੁੱਖ ਮੰਤਰੀ ਪੰਜਾਬ ਦੀ ਫੋਟੋ ਲੱਗੀ ਹੋਣ ਦਾ ਵੀ ਸਖ਼ਤ ਵਿਰੋਧ ਕੀਤਾ ਹੈ । ਉਹਨਾਂ ਕਿਹਾ ਹੈ ਕਿ ਜਿਸ ਕੈਲੇਂਡਰ ਵਿੱਚ ਪਹਿਲਾਂ ਗੁਰੂਆਂ ਤੇ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੁੰਦੀ ਸੀ,ਉਥੇ ਹੁਣ ਮੁੱਖ ਮੰਤਰੀ ਦੀ ਫੋਟੋ ਕੀ ਕਰ ਰਹੀ ਹੈ ?

ਇਸ ਤੋਂ ਇਲਾਵਾ ਜਲੰਧਰ ਪਹੁੰਚੇ ਅੰਤਰਰਾਸ਼ਟਰੀ ਕ੍ਰਿਕਟਰ ਕ੍ਰਿਸ ਗੇਲ ਵੱਲੋਂ ਮੁਹੱਲਾ ਕਲੀਨਿਕਾਂ ਦੀ ਤਾਰੀਫ ਕੀਤੇ ਜਾਣ ਦੇ ਸਵਾਲ ‘ਤੇ ਉਹਨਾਂ ਤੰਜ ਕਸਦਿਆਂ ਕਿਹਾ ਕਿ ਗੇਲ ਆਪ ਹੀ ਇਥੇ ਇਲਾਜ ਕਰਵਾਈ ਜਾਣ,ਪੰਜਾਬੀਆਂ ਦਾ ਤਾਂ ਭੱਠਾ ਸਰਕਾਰ ਨੇ ਬਿਠਾ ਹੀ ਦਿੱਤਾ ਹੈ।